484ਵੇਂ ਟਰੱਕ ਦੀ ਸਮੱਗਰੀ ਵੰਡੀ ਗਈ, ਰੋਜ਼ੀ-ਰੋਟੀ ਅਤੇ ਸੁਰੱਖਿਆ ਲਈ ਚਿੰਤਤ ਹਨ ਲੋਕ : ਜੇ. ਬੀ. ਸਿੰਘ
ਰਾਵੀ ਪੰਜਾਬ ਦਾ ਇਕ ਮਹੱਤਵਪੂਰਨ ਦਰਿਆ ਹੈ, ਜਿਹੜਾ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਪਾਣੀ ਉਪਲਬਧ ਕਰਵਾਉਂਦਾ ਹੈ। ਚੰਬੇ (ਹਿਮਾਚਲ ਪ੍ਰਦੇਸ਼) ਤੋਂ ਸ਼ੁਰੂ ਹੋਣ ਪਿੱਛੋਂ ਇਹ ਚੜ੍ਹਦੇ ਪੰਜਾਬ ਦੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿਆਂ ’ਚੋਂ ਲੰਘਦਾ ਹੋਇਆ ਅੱਗੇ ਪਾਕਿਸਤਾਨ ’ਚ ਦਾਖਲ ਹੋ ਜਾਂਦਾ ਹੈ ਅਤੇ ਇਸ ਦਰਿਆ ਦੇ ਨਾਲ-ਨਾਲ ਹੀ ਪਾਕਿਸਤਾਨ ਵਾਲੀ ਸਰਹੱਦ ਹੈ। ਰਾਵੀ ਅਤੇ ਸਰਹੱਦ ਦੇ ਵਿਚਕਾਰਲੇ ਖੇਤਰ ਵਿਚ ਪੰਜਾਬ ਦੇ ਬਹੁਤ ਸਾਰੇ ਪਿੰਡ ਹਨ। ਇਨ੍ਹਾਂ ਪਿੰਡਾਂ ਵਿਚ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਦੋਰਾਂਗਲਾ ਬਲਾਕ ਦੇ ਕੁਝ ਪਿੰਡ ਅਜਿਹੇ ਹਨ, ਜਿਹੜੇ ਇਕ ਤਰ੍ਹਾਂ ਨਾਲ ‘ਟਾਪੂ’ ਉੱਤੇ ਸਥਿਤ ਹਨ। ਇਕ ਪਾਸੇ ਰਾਵੀ ਦਰਿਆ ਹੈ, ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ’ਚੋਂ ਲੰਘ ਕੇ ਆਉਣ ਵਾਲੀ ਉੱਝ ਨਦੀ ਹੈ ਅਤੇ ਤੀਜੇ ਪਾਸੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਹੈ, ਜਿਸ ਤੋਂ ਪਾਰਲੇ ਪਾਸੇ ਸਿਆਲਕੋਟ ਜ਼ਿਲੇ ਦਾ ਇਲਾਕਾ ਹੈ। ਇਸ ਟਾਪੂ ’ਤੇ ਵੱਸੇ ਪਿੰਡਾਂ ਦੀ ਹਾਲਤ ਅੱਜ ਵੀ 1947 ਦੀ ਵੰਡ ਵਾਲੇ ਸਮੇਂ ਵਰਗੀ ਹੈ। ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿਆਲਕੋਟ ਜ਼ਿਲੇ ਨਾਲ ਹੀ ਸਬੰਧਤ ਸਨ।
ਆਜ਼ਾਦੀ ਦੀ ਪ੍ਰਾਪਤੀ ਬਾਅਦ 7 ਦਹਾਕਿਆਂ ਤੋਂ ਵੱਧ ਦਾ ਸਮਾਂ ਗੁਜ਼ਰ ਚੁੱਕਾ ਹੈ ਪਰ ਇਨ੍ਹਾਂ ਪਿੰਡਾਂ ਤੱਕ ਬੁਨਿਆਦੀ ਸਹੂਲਤਾਂ ਨਹੀਂ ਪਹੁੰਚ ਸਕੀਆਂ। ਮੁੱਖ ਮੰਤਰੀ ਅਤੇ ਮੰਤਰੀਆਂ ਦੀ ਗੱਲ ਤਾਂ ਦੂਰ ਹੈ, ਸਬੰਧਤ ਵਿਧਾਇਕ ਵੀ ਇਸ ਇਲਾਕੇ ਤੋਂ ਲਾਂਭੇ ਹੀ ਰਹਿੰਦੇ ਹਨ। ਬਰਸਾਤਾਂ ਦੇ ਦਿਨਾਂ ’ਚ ਇਹ ਲੋਕ ਦੇਸ਼ ਨਾਲੋਂ ਕੱਟੇ ਜਾਂਦੇ ਹਨ ਕਿਉਂਕਿ ਰਾਵੀ ’ਤੇ ਕੋਈ ਪੱਕਾ ਪੁਲ ਨਹੀਂ ਹੈ। ਫੌਜ ਵਾਲਿਆਂ ਨੇ ਇਕ ਆਰਜ਼ੀ ਪੁਲ ਬਣਾਇਆ ਹੋਇਆ ਹੈ, ਜਿਸ ਨੂੰ ਦਰਿਆ ਦਾ ਪਾਣੀ ਵਧਣ ਸਮੇਂ ਬੰਦ ਕਰ ਦਿੱਤਾ ਜਾਂਦਾ ਹੈ, ਫਿਰ ਇਨ੍ਹਾਂ ਲੋਕਾਂ ਦਾ ਆਉਣਾ-ਜਾਣਾ ਕਿਸ਼ਤੀਆਂ ਰਾਹੀਂ ਹੀ ਹੁੰਦਾ ਹੈ। ਉੱਝ ਨਦੀ ’ਤੇ ਵੀ ਕੋਈ ਪੁਲ ਨਾ ਹੋਣ ਕਾਰਨ ਟਾਪੂ ਦੇ ਵਸਨੀਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਠੂਆ ਵੱਲ ਵੀ ਨਹੀਂ ਜਾ ਸਕਦੇ। ਸਿਹਤ ਸਹੂਲਤਾਂ ਅਤੇ ਸੜਕਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ। ਪਾਕਿਸਤਾਨ ਵਲੋਂ ਅੱਤਵਾਦ ਦੇ ਖਤਰੇ ਕਾਰਨ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਸਹਿਮੀ ਰਹਿੰਦੀ ਹੈ। ਪਾਕਿਸਤਾਨ ਵਲੋਂ ਆਏ ਅੱਤਵਾਦੀ ਅਤੀਤ ਵਿਚ ਇਧਰ ਕਈ ਵਾਰਦਾਤਾਂ ਕਰ ਚੁੱਕੇ ਹਨ।
ਮੁਸੀਬਤਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਪਿੰਡਾਂ ਵਿਚ ਹੀ ਭਰਿਆਲ ਨਾਮੀ ਪਿੰਡ ਸਥਿਤ ਹੈ, ਜਿੱਥੇ ਪੰਜਾਬ ਕੇਸਰੀ ਪੱਤਰ ਸਮੂਹ ਦੀ ਇਕ ਵਿਸ਼ੇਸ਼ ਰਾਹਤ ਮੁਹਿੰਮ ਅਧੀਨ 484ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਵੰਡੀ ਗਈ ਸੀ, ਜਿਸ ਦਾ ਯੋਗਦਾਨ ਲੁਧਿਆਣਾ ਤੋਂ ਰਾਜ ਕੁਮਾਰ ਵਰਮਾ ਦੇ ਪਰਿਵਾਰ ਨੇ ਪਾਇਆ ਸੀ। ਇਸ ਰਾਹਤ ਵੰਡ ਦੌਰਾਨ ਭਰਿਆਲ ਤੋਂ ਇਲਾਵਾ ਲਥਿਆਨ, ਚੇਬੇ, ਤੂਰ ਅਤੇ ਮਮੀਆਂ ਆਦਿ ਨਾਲ ਸਬੰਧਤ 300 ਪਰਿਵਾਰਾਂ ਨੂੰ ਸਰਦੀ ਤੋਂ ਬਚਾਅ ਲਈ ਰਜਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਆਯੋਜਨ ਦਾ ਬੰਦੋਬਸਤ ਕਰਨ ਵਾਲੇ ਸੀ.ਆਰ.ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ, ਸ. ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਕਮੀਆਂ ਅਤੇ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰ ਰਹੇ ਪਰਿਵਾਰਾਂ ਲਈ ਸਹਾਇਤਾ-ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਇਨ੍ਹਾਂ ਲੋਕਾਂ ਦੇ ਸਿਰ ’ਤੇ ਆਸ਼ੀਰਵਾਦ ਦਾ ਹੱਥ ਧਰਿਆ ਹੈ। ਇਸ ਨਾਲ ਇਨ੍ਹਾਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਸਰਹੱਦ ਦੇ ਕੰਢੇ ਬੈਠੇ ਹੋਏ ਵੀ ਉਹ ਨਿਆਸਰੇ ਨਹੀਂ ਹਨ।
ਰਾਹਤ ਵੰਡ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਰਿਆਲ ਅਤੇ ਹੋਰ ਸਰਹੱਦੀ ਪਿੰਡਾਂ ਦੇ ਲੋਕ ਗੁਜ਼ਾਰਾ ਕਰ ਰਹੇ ਹਨ, ਉਹ ਸਹਿਣਯੋਗ ਨਹੀਂ ਹਨ। ਇਨ੍ਹਾਂ ਲੋਕਾਂ ਨੂੰ ਰੋਜ਼ੀ-ਰੋਟੀ ਦੀ ਚਿੰਤਾ ਵੀ ਹੁੰਦੀ ਹੈ ਅਤੇ ਸੁਰੱਖਿਆ ਦਾ ਫਿਕਰ ਵੀ ਸਤਾਉਂਦਾ ਰਹਿੰਦਾ ਹੈ। ਦਰਿਆਵਾਂ ਵਿਚ ਹੜ੍ਹ ਆ ਜਾਵੇ ਤਾਂ ਵੀ ਇਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਜੇ ਪਾਕਿਸਤਾਨ ਵਲੋਂ ਕੋਈ ਸ਼ਰਾਰਤ ਹੋਵੇ ਤਾਂ ਵੀ ਇਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਕੇ ਦੌੜਨਾ ਪੈਂਦਾ ਹੈ। ਲਾਇਨ ਚੌਧਰੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ਸਾਡੀਆਂ ਸਰਕਾਰਾਂ ਕੋਲ ਇਨ੍ਹਾਂ ਸਰਹੱਦੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਹੱਲ ਕਰਨ ਦੀ ਕੋਈ ਫੁਰਸਤ ਨਹੀਂ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਖੇਤਰਾਂ ਨੂੰ ਰਾਵੀ ਦਰਿਆ ਲੰਘਣ ਲਈ ਪੱਕਾ ਪੁਲ ਵੀ ਹੁਣ ਤਕ ਨਸੀਬ ਨਹੀਂ ਹੋਇਆ ਅਤੇ ਇਥੋਂ ਦੇ ਲੋਕ ਅੱਜ ਵੀ ਕੱਚੀਆਂ ਸੜਕਾਂ ਦਾ ਘੱਟਾ ਫੱਕਣ ਲਈ ਮਜਬੂਰ ਹਨ।
ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਦੇ ਲਹਿਜੇ ਵਿਚ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰਾਂ ਕੋਲ ਫੁਰਸਤ ਨਹੀਂ ਤਾਂ ਕੋਈ ਗੱਲ ਨਹੀਂ, ਦੇਸ਼ ਦੇ ਸਭ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇਗੀ, ਪੰਜਾਬ ਕੇਸਰੀ ਦਾ ਰਾਹਤ ਵੰਡ ਕਾਫਲਾ ਮਦਦ ਕਰਨ ਲਈ ਜ਼ਰੂਰ ਬਹੁੜੇਗਾ। ਸ਼੍ਰੀ ਸ਼ਰਮਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਾਕਿਸਤਾਨ ਖ਼ੁਦ ਭੁੱਖਮਰੀ ਦਾ ਸ਼ਿਕਾਰ ਹੈ ਅਤੇ ਭਾਰਤ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਸਾਜ਼ਿਸ਼ਾਂ ਘੜਦਾ ਰਹਿੰਦਾ ਹੈ। ਉਨ੍ਹਾਂ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਹ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੁਰਨਾ ਚਾਹੁੰਦਾ ਹੈ ਤਾਂ ਉਸ ਨੂੰ ਨਫਰਤ ਵਾਲੀ ਨੀਤੀ ਤਿਆਗਣੀ ਪਵੇਗੀ। ਭਾਰਤ ਦੇ ਲੋਕ ਪਾਕਿਸਤਾਨ ਨਾਲ ਨਫਰਤ ਨਹੀਂ, ਮੁਹੱਬਤ ਭਰੇ ਰਿਸ਼ਤੇ ਚਾਹੁੰਦੇ ਹਨ। ਪਿਆਰ ਅਤੇ ਸਦਭਾਵਨਾ ਦੇ ਰਸਤੇ ਚੱਲ ਕੇ ਹੀ ਦੋਹਾਂ ਦੇਸ਼ਾਂ ਦਾ ਭਲਾ ਹੋ ਸਕਦਾ ਹੈ।
ਇਸ ਮੌਕੇ ’ਤੇ ਸੀ. ਆਰ. ਪੀ. ਐੱਫ. ਕਰਮਚਾਰੀ (ਰਿਟਾ.) ਐਸੋਸੀਏਸ਼ਨ ਦੇ ਆਗੂ ਸਤਨਾਮ ਸਿੰਘ, ਸ਼੍ਰੀ ਰਾਜ ਸਿੰਘ, ਬੀ. ਐੱਸ. ਐੱਫ. ਦੇ ਇੰਸਪੈਕਟਰ ਸੰਜੇ ਮਛਵਾਲਾ, ਪਿੰਡ ਭਰਿਆਲ ਦੇ ਸਰਪੰਚ ਰੂਪ ਲਾਲ ਅਤੇ ਜਲੰਧਰ ਦੇ ਸ. ਇਕਬਾਲ ਸਿੰਘ ਅਰਨੇਜਾ ਨੇ ਸਮੱਗਰੀ ਦੀ ਵੰਡ ਵਿਚ ਅਹਿਮ ਭੂਮਿਕਾ ਨਿਭਾਈ। - ਜੁਗਿੰਦਰ ਸੰਧੂ
ਬੀਬੀ ਜਗੀਰ ਕੌਰ 'ਤੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਵੇਗਾ ਕਮਲਜੀਤ
NEXT STORY