ਲੁਧਿਆਣਾ (ਰਾਜ): ਇਕ ਸਿਰਫ਼ਿਰੇ ਆਸ਼ਿਕ ਨੇ ਆਪਣੀ ਲਿਵ-ਇਨ ਪਾਰਟਨਰ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਆਂ। ਮਾਮੂਲੀ ਜਿਹੀ ਗੱਲ 'ਤੇ ਹੋਏ ਵਿਵਾਦ ਤੋਂ ਬਾਅਦ ਮੁਲਜ਼ਮ ਨੇ ਨਾ ਸਿਰਫ਼ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਵਾਲ ਕੱਟਣ ਵਾਲੀ ਮਸ਼ੀਨ ਨਾਲ ਉਸ ਦਾ ਸਿਰ ਮੁੰਨ ਦਿੱਤਾ ਅਤੇ ਲੋਹੇ ਦੀ ਰਾਡ ਮਾਰ ਕੇ ਉਸ ਦੀ ਬਾਂਹ ਤੋੜ ਦਿੱਤੀ। ਫਿਲਹਾਲ ਲਹੂ-ਲੁਹਾਨ ਹਾਲਤ ਵਿਚ ਪੀੜਤਾ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਥਾਣਾ ਦੁਗਰੀ ਦੀ ਪੁਲਸ ਨੇ ਪੀੜਤ ਕਵਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਆਨੰਦ ਚੌਧਰੀ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਨੂੰ ਦੱਸੇ ਬਿਨਾਂ ਪਿਛਲੇ ਕਰੀਬ ਇਕ ਸਾਲ ਤੋਂ ਆਪਣੇ ਦੋਸਤ ਆਨੰਦ ਚੌਧਰੀ ਨਾਲ ਲਿਵ-ਇਨ ਵਿਚ ਰਹਿ ਰਹੀ ਸੀ। ਬੀਤੀ 21 ਅਪ੍ਰੈਲ ਨੂੰ ਦੁਪਹਿਰ ਕਰੀਬ 2 ਵਜੇ ਜਦੋਂ ਆਨੰਦ ਕੁਮਾਰ ਘਰ ਵਿਚ ਬੈਠ ਕੇ ਸ਼ਰਾਬ ਪੀ ਰਿਹਾ ਸੀ, ਤਾਂ ਪੀੜਤਾ ਨੇ ਉਸ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ। ਬੱਸ ਇੰਨੀ ਜਿਹੀ ਗੱਲ ਉਸ ਦਰਿੰਦੇ ਨੂੰ ਇੰਨੀ ਨਾਗਵਾਰ ਗੁਜ਼ਰੀ ਕਿ ਉਹ ਹੈਵਾਨ ਬਣ ਗਿਆ। ਗੁੱਸੇ ਵਿਚ ਭੜਕੇ ਆਨੰਦ ਨੇ ਵਾਲ ਕੱਟਣ ਵਾਲੀ ਮਸ਼ੀਨ ਚੁੱਕੀ ਅਤੇ ਜ਼ਬਰਦਸਤੀ ਔਰਤ ਦੇ ਸਿਰ ਦੇ ਵਾਲ ਕੱਟ ਦਿੱਤੇ। ਇੰਨਾ ਹੀ ਨਹੀਂ, ਉਸ ਨੇ ਇਸ ਪੂਰੀ ਸ਼ਰਮਨਾਕ ਕਰਤੂਤ ਦੀ ਵੀਡੀਓ ਵੀ ਬਣਾਈ ਤਾਂ ਜੋ ਉਹ ਪੀੜਤਾ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਸਕੇ।
ਮੁਲਜ਼ਮ ਦਾ ਗੁੱਸਾ ਇੰਨੇ ਨਾਲ ਵੀ ਸ਼ਾਂਤ ਨਹੀਂ ਹੋਇਆ। ਸਿਰ ਮੁੰਨਣ ਤੋਂ ਬਾਅਦ ਉਸ ਨੇ ਲੋਹੇ ਦੀ ਰਾਡ ਚੁੱਕੀ ਅਤੇ ਪੀੜਤਾ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਰਾਡ ਦਾ ਵਾਰ ਸਿੱਧਾ ਔਰਤ ਦੀ ਕੋਹਣੀ 'ਤੇ ਲੱਗਾ, ਜਿਸ ਨਾਲ ਉਸ ਦੀ ਬਾਂਹ ਦੀ ਹੱਡੀ ਟੁੱਟ ਗਈ। ਪੀੜਤਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਅਜੇ ਵੀ ਇਲਾਜ ਅਧੀਨ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਔਰਤ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ
NEXT STORY