ਕਪੂਰਥਲਾ (ਮਹਾਜਨ)— ਟਿੱਡੀ ਦਲ ਦੀ ਰੋਕਥਾਮ ਲਈ ਐਕਸ਼ਨ ਪਲਾਨ ਤਿਆਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ ਮੁਖੀਆਂ ਦੀ ਬੈਠਕਹੋਈ। ਜਿਸ 'ਚ ਵੱਖ-ਵੱਖ ਮਹਿਕਮਿਆਂ ਨੂੰ ਕੰਮ ਵੰਡ ਕੇ ਆਪਸੀ ਤਾਲਮੇਲ ਨਾਲ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਸਰਕਾਰ ਵੱਲੋਂ ਜਾਰੀ ਗਿਆਰਾਂ ਨੁਕਤਿਆਂ ਨੂੰ ਅਮਲ 'ਚ ਲਿਆਉਣ ਲਈ ਸਾਰੇ ਮਹਿਕਮਿਆਂ ਨੂੰ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਕਿਹਾ ਤਾਂ ਜੋ ਇਸ ਕੀੜੇ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਸਬੰਧੀ ਉਨ੍ਹਾਂ ਮੌਕ ਡਰਿੱਲ ਕਰਨ ਦੇ ਵੀ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ. ਪੀ ਆਂਗਰਾ, ਐੱਸ. ਡੀ. ਐੱਮ. ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲ੍ਹਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਰਸ਼ਨ ਲਾਲ ਕੁੰਡਲ, ਡਿਪਟੀ ਡਾਇਰੈਕਟਰ ਬਾਗਬਾਨੀ ਨਰਿੰਦਰ ਸਿੰਘ ਮੱਲੀ, ਉੱਪ ਮੰਡਲ ਭੂਮੀ ਰੱਖਿਆ ਅਫਸਰ ਮਨਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਜੁਗਰਾਜ ਸਿੰਘ, ਖੇਤੀਬਾੜੀ ਅਫ਼ਸਰ ਅਸ਼ਵਨੀ ਕੁਮਾਰ ਤੋਂ ਇਲਾਵਾ ਖੇਤੀਬਾੜੀ ਅਤੇ ਸਬੰਧਤ ਮਹਿਕਮਿਆਂ ਦੇ ਅਧਿਕਾਰੀ ਹਾਜ਼ਰ ਸਨ।
ਇਹ ਜਾਰੀ ਕੀਤੀਆਂ ਹਦਾਇਤਾਂ
ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਪੰਚਾਇਤਾਂ ਨਾਲ ਤਾਲਮੇਲ ਕਰਕੇ ਹਮਲੇ ਸਬੰਧੀ ਰੋਜ਼ਾਨਾ ਜਾਂਚ ਕੀਤਾ ਜਾਵੇ।
ਸਾਰੇ ਵਿਭਾਗ ਆਪਣੇ-ਆਪਣੇ ਨੋਡਲ ਅਫਸਰ ਨਿਯੁਕਤ ਕਰਕੇ ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਨੂੰ ਸੂਚਿਤ ਕਰਨ।
ਜ਼ਿਲਾ ਪੱਧਰੀ ਵੱਟਸ ਐਪ ਗਰੁੱਪ ਬਣਾ ਕੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨੂੰ ਇਸ ਵਿਚ ਸ਼ਾਮਲ ਕਰਨ ਦੀ ਵੀ ਹਦਾਇਤ ਕੀਤੀ।
ਖੇਤੀਬਾੜੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਸਪਰੇਅ ਪੰਪਾਂ ਨੂੰ ਤਿਆਰ ਰੱਖਣ ਅਤੇ ਸਪਰੇਅ ਲਈ ਪਾਣੀ ਦੇ ਸੋਮਿਆਂ ਦੀ ਸ਼ਨਾਖਤ ਕਰਕੇ ਪਲਾਨ ਤਿਆਰ ਕਰਨ ਦੇ ਦਿੱਤੇ ਨਿਰਦੇਸ਼।
ਕੰਟਰੋਲ ਆਪਰੇਸ਼ਨ ਸਮੇਂ ਟਿਊਬਵੈੱਲਾਂ ਤੋਂ ਪਾਣੀ ਦੀ ਸਪਲਾਈ ਲਈ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇ।
ਸਪਰੇਅ ਆਪਰੇਸ਼ਨ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਿਹਤ ਸਹੂਲਤਾਂ ਤੁਰੰਤ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ।
ਪੁਲਸ ਵਿਭਾਗ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਹਦਾਇਤ ਕੀਤੀ ਗਈ।
ਖੇਤੀਬਾੜੀ ਵਿਭਾਗ ਵੱਲੋਂ ਟਿੱਡੀ ਦਲ ਦੇ ਹਮਲੇ ਦੀ ਰੋਕਥਾਮ ਲਈ ਕੀਤੇ ਪ੍ਰਬੰਧ : ਡਾ. ਨਾਜਰ
ਮੁੱਖ ਖੇਤੀਬਾੜੀ ਅਫਸਰ ਡਾ. ਨਾਜਰ ਸਿੰਘ ਨੇ ਦੱਸਿਆ ਕਿ ਇਹ ਕੀੜਾ ਰੇਗਿਸਤਾਨੀ ਟਿੱਡੀ ਦਲ ਹੈ। ਇਸ ਸਾਲ ਵਾਤਾਵਰਨ ਅਨੁਕੂਲ ਹੋਣ ਕਰਕੇ ਇਹ ਕੀੜਾ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ, ਜੋ ਕਿ ਰੇਗਿਸਤਾਨ ਇਲਾਕੇ ਈਰਾਨ ਅਤੇ ਪਾਕਿਸਤਾਨ ਰਸਤੇ ਭਾਰਤ ਦੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਨਾਲ ਲਗਦੇ ਸੂਬਿਆਂ 'ਚ ਦਾਖਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਕੀੜਾ ਸਾਡੀਆਂ ਫਸਲਾਂ, ਦਰੱਖਤਾਂ ਅਤੇ ਹਰੇ ਮਾਦੇ ਨੂੰ ਖਾਂਦਾ ਹੈ ਅਤੇ ਵੱਡੀ ਗਿਣਤੀ ਦੇ ਝੁੰਡਾਂ 'ਚ ਹਮਲਾ ਕਰਕੇ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਕੀੜੇ ਦੇ ਹਮਲੇ ਦੀ ਸੂਰਤ ਵਿਚ ਇਸ ਸਬੰਧੀ ਤੁਰੰਤ ਖੇਤੀਬਾੜੀ ਵਿਭਾਗ, ਜ਼ਿਲਾ ਪ੍ਰਸ਼ਾਸਨ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਇਸ ਦੀ ਰੋਕਥਾਮ ਲਈ ਕੀੜੇਮਾਰ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਗੜ੍ਹੇਮਾਰੀ ਨਾਲ ਬਰਬਾਦ ਹੋਈ ਫਸਲ ਨੂੰ ਲੈ ਕੇ ਭਾਕਿਯੂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
NEXT STORY