ਲੋਹੀਆਂ ਖਾਸ (ਮਨਜੀਤ) - ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਪਿੱਪਲੀ ਮਿਆਣੀ 'ਚ ਕਰੀਬ ਦੋ ਵਜੇ ਬੱਚਿਆਂ ਦੇ ਸਕੂਲ ਤੋਂ ਛੁੱਟੀ ਦੇ ਟਾਈਮ ਕਾਰ 'ਚ ਘੁੰਮ ਰਹੇ 3 ਬਾਹਰੀ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਦੁਪਹਿਰ ਦੇ ਸਮੇਂ ਜਦੋਂ ਬੱਚਿਆਂ ਨੂੰ ਸਕੂਲੋਂ ਛੁੱਟੀ ਹੁੰਦੀ ਹੈ, ਉਸ ਵੇਲੇ ਪਿੰਡ 'ਚ ਗੱਡੀ ਨੰਬਰ-ਪੀ.ਬੀ.19 ਜੇ 4642 'ਚ 3 ਵਿਅਕਤੀ ਘੁੰਮ ਰਹੇ ਸਨ। ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਤਾਂ ਕਹਿਣ ਲੱਗੇ ਕਿ ਅਸੀਂ ਬੱਚਿਆਂ ਦੇ ਖਿਡੌਣੇ ਤੇ ਹੋਰ ਮਨਿਆਰੀ ਦਾ ਸਾਮਾਨ ਵੇਚਦੇ ਹਾਂ, ਅਸੀਂ ਮੋਗੇ ਜਾਣਾ ਹੈ। ਸਾਨੂੰ ਸ਼ੱਕ ਪਿਆ ਤਾਂ ਅਸੀਂ ਲੋਹੀਆਂ ਪੁਲਸ ਨੂੰ ਇਤਲਾਹ ਦੇ ਕੇ ਉਨ੍ਹਾਂ ਨੂੰ ਕਾਬੂ ਕਰਵਾ ਦਿੱਤਾ।
ਇੰਸਪੈਕਟਰ ਦਲਬੀਰ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਪਿੱਪਲੀ 'ਚ ਕੁਝ ਵਿਅਕਤੀ ਬੱਚਿਆਂ ਨੂੰ ਅਗਵਾ ਕਰਨ ਲਈ ਘੁੰਮ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕੀਤਾ ਹੈ। ਪੁੱਛ-ਪੜਤਾਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਲੁਧਿਆਣੇ ਤੋਂ ਖਿਡੌਣੇ ਤੇ ਹੋਰ ਮਨਿਆਰੀ ਦਾ ਸਾਮਾਨ ਲਿਆ ਕੇ ਪਿੰਡਾਂ 'ਚ ਵੇਚਣ ਦਾ ਕੰਮ ਕਰਦੇ ਹਨ, ਅਸੀਂ ਤਾਂ ਮੋਗੇ ਜਾਣ ਦਾ ਰਾਹ ਪੁੱਛਿਆ ਸੀ ਪਰ ਪਿੰਡ ਵਾਲਿਆਂ ਨੇ ਸਾਨੂੰ ਬੱਚਿਆਂ ਦੇ ਅਗਵਾਕਾਰ ਸਮਝ ਕੇ ਪੁਲਸ ਹਵਾਲੇ ਕਰ ਦਿੱਤਾ। ਉਕਤ ਵਿਅਕਤੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ, ਅਜੀਮ ਪੁੱਤਰ ਬਾਦਸ਼ਾਹ ਤੇ ਰਾਜੂ ਪੁੱਤਰ ਅਨਵਰ ਅਲੀ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਤਫਤੀਸ਼ ਦੌਰਾਨ ਬੱਚਾ ਅਗਵਾ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ।
ਦੂਜੇ ਪਾਸੇ ਪਿੰਡ ਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਵਿਅਕਤੀ ਸਾਮਾਨ ਵੇਚਣ ਵਾਲੇ ਨਹੀਂ ਲੱਗ ਰਹੇ ਕਿਉਂਕਿ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਕਦੇ ਵੀ ਇੱਧਰ ਪਿੰਡਾਂ 'ਚ ਨਹੀਂ ਦੇਖਿਆ, ਦੂਜਾ ਏ. ਸੀ. ਗੱਡੀ 'ਚ ਸਿਰਫ ਇਕ-ਦੋ ਬੋਰੇ ਸਾਮਾਨ ਦੇ ਰੱਖ ਕੇ ਭਲਾ ਵਿਅਕਤੀ ਕਿਸ ਤਰ੍ਹਾਂ ਸਾਮਾਨ ਵੇਚਣ ਆਏ, ਗੱਲ ਹਜ਼ਮ ਨਹੀਂ ਹੋ ਰਹੀ। ਅਸਲ ਮਾਮਲਾ ਕੀ ਹੈ ਇਹ ਤਾਂ ਪੁਲਸ ਤਫਤੀਸ਼ ਨਾਲ ਆਉਣ ਵਾਲਾ ਸਮਾਂ ਹੀ ਦੱਸੇਗਾ।
ਸੰਦੀਪ ਨੇ ਕਿਉਂ ਕੀਤਾ ਪਰਿਵਾਰ ਦਾ ਖਾਤਮਾ, ਵਜ੍ਹਾ ਆਈ ਸਾਹਮਣੇ (ਵੀਡੀਓ)
NEXT STORY