ਜਲੰਧਰ (ਧਵਨ)— ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ ਲਈ ਮਜ਼ਬੂਤ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਜਲਦੀ ਹੀ ਬੈਠਕ ਹੋਣ ਦੀ ਸੰਭਾਵਨਾ ਹੈ । ਕਾਂਗਰਸੀ ਹਲਕਿਆਂ ਨੇ ਸੋਮਵਾਰ ਦੱਸਿਆ ਕਿ ਪੰਜਾਬ ਚੋਣ ਕਮੇਟੀ ਦੀ ਬੈਠਕ ਪਹਿਲਾਂ ਹੀ ਚੰਡੀਗੜ੍ਹ 'ਚ ਹੋ ਚੁੱਕੀ ਹੈ, ਜਿਸ 'ਚ ਸਭ 13 ਸੀਟਾਂ ਲਈ ਉਮੀਦਵਾਰਾਂ ਸਬੰਧੀ ਰਾਇ ਜਾਣਨ ਲਈ ਪਰਚੀਆਂ ਬਣਾ ਕੇ ਸਭ ਮੈਂਬਰਾਂ ਨੂੰ ਦਿੱਤੀਆਂ ਗਈਆਂ ਸਨ। ਬੰਦ ਲਿਫਾਫੇ 'ਚ ਹੀ ਉਨ੍ਹਾਂ ਪਰਚੀਆਂ ਨੂੰ ਵਾਪਸ ਲੈ ਲਿਆ ਗਿਆ ਸੀ। ਇਨ੍ਹਾਂ ਪਰਚੀਆਂ 'ਤੇ ਚੋਣ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਨਾਂ ਨਹੀਂ ਲਿਖਿਆ ਗਿਆ ਸੀ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਹੁਣ 13 ਸੀਟਾਂ ਲਈ ਸੂਬਾ ਪੱਧਰ 'ਤੇ ਪੈਨਲ ਬਣਾਏ ਜਾਣੇ ਹਨ। ਮੰਨਿਆ ਜਾਂਦਾ ਹੈ ਕਿ ਕਾਂਗਰਸ ਸਭ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਬਦਲੇ ਮਜ਼ਬੂਤ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ। ਸੂਬਾਈ ਕਾਂਗਰਸ ਨੇ ਇਸ ਸਬੰਧੀ ਜ਼ਮੀਨੀ ਪੱਧਰ ਦੇ ਨੇਤਾਵਾਂ ਕੋਲੋਂ ਵੀ ਫੀਡ ਬੈਕ ਲਿਆ ਹੈ। ਦੱਸਿਆ ਜਾਂਦਾ ਹੈ ਕਿ ਹੁਣ ਸਭ 13 ਸੀਟਾਂ 'ਤੇ 2 ਤੋਂ 3 ਨਾਵਾਂ ਦੇ ਪੈਨਲ ਤਿਆਰ ਕਰ ਕੇ ਦਿੱਲੀ 'ਚ ਕੇਂਦਰੀ ਲੀਡਰਸ਼ਿਪ ਕੋਲ ਭੇਜ ਦਿੱਤੇ ਜਾਣਗੇ। ਸਭ ਤੋਂ ਮਜ਼ਬੂਤ ਉਮੀਦਵਾਰ ਦਾ ਨਾਂ ਪੈਨਲ 'ਚ ਸਭ ਤੋਂ ਉੱਪਰ ਰੱਖਿਆ ਜਾਵੇਗਾ।
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਉਕਤ ਨਾਵਾਂ ਨੂੰ ਕਲੀਅਰ ਕਰ ਦਿੱਤਾ ਜਾਵੇਗਾ। ਦਿੱਲੀ 'ਚ ਸਕ੍ਰੀਨਿੰਗ ਕਮੇਟੀ ਦੀ ਇਕ ਅੰਤਿਮ ਬੈਠਕ ਵੀ ਹੋਵੇਗੀ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਨਾਲ ਹੀ ਆਸ਼ਾ ਕੁਮਾਰੀ ਵੀ ਸਾਮਲ ਹੋਵੇਗੀ। ਬੈਠਕ 'ਚ ਤਿੰਨ-ਤਿੰਨ ਨਾਵਾਂ ਦੇ ਪੈਨਲ ਨੂੰ ਹੋਰ ਸ਼ਾਰਟਲਿਸਟ ਕੀਤਾ ਜਾਵੇਗਾ, ਜਿਨ੍ਹਾਂ ਇਕ-ਦੋ ਨਾਵਾਂ 'ਤੇ ਉਮੀਦਵਾਰਾਂ ਨੂੰ ਲੈ ਕੇ ਵਿਰੋਧੀ ਵਿਚਾਰ ਹੋਣਗੇ, ਉਥੇ ਸ਼ਾਇਦ ਦੋ ਨਾਵਾਂ ਨੂੰ ਪੈਨਲ 'ਚ ਪਾ ਕੇ ਕੇਂਦਰੀ ਚੋਣ ਕਮੇਟੀ ਕੋਲ ਭੇਜਿਆ ਜਾਵੇਗਾ।
ਸੂਬਾਈ ਇਕਾਈ ਦੀਆਂ ਨਜ਼ਰਾਂ ਚੋਣ ਮਿਤੀ 'ਤੇ ਫਿਲਹਾਲ ਸੂਬਾਈ ਕਾਂਗਰਸ ਕਮੇਟੀ ਇਹ ਵੀ ਦੇਖ ਰਹੀ ਹੈ ਕਿ ਪੰਜਾਬ 'ਚ ਲੋਕ ਸਭਾ ਲਈ ਵੋਟਾਂ ਦੀ ਕਿਹੜੀ ਮਿਤੀ ਦਾ ਐਲਾਨ ਕੀਤਾ ਜਾਂਦਾ ਹੈ। ਚੋਣ ਕਮਿਸ਼ਨ ਵੱਲੋਂ 6 ਜਾਂ 7 ਮਾਰਚ ਤੋਂ ਬਾਅਦ ਕਿਸੇ ਵੇਲੇ ਵੀ ਚੋਣ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਪੰਜਾਬ 'ਚ ਸ਼ਾਇਦ ਵੋਟਾਂ ਪਹਿਲੇ ਪੜਾਅ 'ਚ ਹੀ ਪੁਆ ਲਈਆਂ ਜਾਣਗੀਆਂ ਕਿਉਂਕਿ 13 ਅਪ੍ਰੈਲ ਨੂੰ ਸੂਬੇ 'ਚ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਸੰਭਵ ਹੈ ਕਿ ਪੰਜਾਬ 'ਚ ਵੋਟਾਂ 13 ਅਪ੍ਰੈਲ ਤੋਂ ਪਹਿਲਾਂ ਜਾਂ ਉਸ ਤੋਂ 1-2 ਦਿਨ ਬਾਅਦ ਪੈਣਗੀਆਂ। ਦੱਸਿਆ ਜਾਂਦਾ ਹੈ ਕਿ ਜੇ ਪੰਜਾਬ 'ਚ ਪਹਿਲੇ ਪੜਾਅ 'ਚ ਵੋਟਾਂ ਪੈਂਦੀਆਂ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਤੁਰੰਤ ਆਪਣੇ ਸਭ ਰੁਝੇਵੇਂ ਛੱਡ ਕੇ ਉਮੀਦਵਾਰਾਂ ਦੀ ਚੋਣ ਕਰਨੀ ਪਵੇਗੀ।
ਮੌਤ ਨਾਲ ਮੱਥਾ ਲਾ ਕੇ ਬੈਠੇ ਨੇ ਸੁਚੇਤਗੜ੍ਹ ਦੇ ਲੋਕ
NEXT STORY