ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਸੁਚੇਤਗੜ੍ਹ ਅਜਿਹਾ ਪਿੰਡ ਹੈ, ਜਿਸ ਦੇ ਘਰਾਂ ਦੀਆਂ ਕੰਧਾਂ ਨਾਲੋਂ ਖਹਿ ਕੇ ਲੰਘਦੀ ਹੈ ਪਾਕਿਸਤਾਨ ਵਾਲੀ ਸਰਹੱਦ। ਜੰਮੂ-ਕਸ਼ਮੀਰ ਦੇ ਇਸ ਪਿੰਡ ਵਿਚ ਰਹਿਣ ਵਾਲਿਆਂ ਦਾ ਹਮੇਸ਼ਾ ਮੌਤ ਨਾਲ ਮੱਥਾ ਲੱਗਾ ਰਹਿੰਦਾ ਹੈ। ਇਸ ਗੱਲ ਦੀ ਕੋਈ ਖਬਰ ਨਹੀਂ ਹੁੰਦੀ ਕਿ ਕਿਸ ਵੇਲੇ ਪਾਕਿਸਤਾਨੀ ਸੈਨਿਕਾਂ ਦੀਆਂ ਬੰਦੂਕਾਂ ਪਿੰਡ ਦੇ ਬੇਦੋਸ਼ੇ ਅਤੇ ਨਿਹੱਥੇ ਨਾਗਰਿਕਾਂ 'ਤੇ ਗੋਲੀਆਂ ਦੀ ਵਾਛੜ ਕਰ ਦੇਣ। ਇਥੋਂ ਦੇ ਪਰਿਵਾਰਾਂ ਨੂੰ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਹੀ ਰੱਖਣਾ ਪੈਂਦਾ ਹੈ। ਇਧਰ ਗੋਲੀ ਚੱਲਦੀ ਹੈ ਅਤੇ ਓਧਰ ਉਹ ਆਪਣਾ ਬਾਲ-ਬੱਚਾ ਲੈ ਕੇ ਸੁਰੱਖਿਅਤ ਟਿਕਾਣਿਆਂ ਵੱਲ ਨੂੰ ਦੌੜ ਪੈਂਦੇ ਹਨ।
ਸੁਚੇਤਗੜ੍ਹ ਵਾਸੀਆਂ ਦੀ ਕਿਸਮਤ ਦੀਆਂ ਰੇਖਾਵਾਂ 'ਚ ਦੇਸ਼ ਦੀ ਵੰਡ ਵੇਲੇ ਤੋਂ ਹੀ 'ਰਾਹੂ-ਕੇਤੂ' ਕੁੰਡਲੀ ਮਾਰ ਕੇ ਬੈਠੇ ਹਨ। ਉਦੋਂ ਤੋਂ ਹੀ ਇਥੋਂ ਦੇ ਲੋਕਾਂ ਲਈ ਜੀਵਨ 'ਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਸੰਕਟ ਦਾ ਸੇਕ ਕਈ ਪੀੜ੍ਹੀਆਂ ਨੂੰ ਭੁਗਤਣਾ ਪਿਆ ਅਤੇ ਅਜੇ ਵੀ ਇਸ ਦਾ ਕੋਈ ਅੰਤ ਦਿਖਾਈ ਨਹੀਂ ਦਿੰਦਾ। ਪਾਕਿਸਤਾਨ ਦੀ ਬਦਨੀਤੀ ਅਤੇ ਸਾਜ਼ਿਸ਼ੀ ਚਾਲਾਂ ਵਿਚ ਕੋਈ ਫਰਕ ਨਹੀਂ ਪਿਆ ਅਤੇ ਜਦੋਂ ਤੱਕ ਇਸ ਗੁਆਂਢੀ ਮੁਲਕ ਦੀ ਸੋਚ ਨਹੀਂ ਬਦਲਦੀ, ਸੁਚੇਤਗੜ੍ਹ ਦੇ ਲੋਕਾਂ ਦੀਆਂ ਕਿਸਮਤ-ਰੇਖਾਵਾਂ ਵੀ ਨਹੀਂ ਬਦਲ ਸਕਦੀਆਂ।
ਇਸ ਪਿੰਡ ਅਤੇ ਇਲਾਕੇ ਦੇ ਹੋਰ ਲੋਕਾਂ ਦਾ ਦੁੱਖ-ਦਰਦ ਵੰਡਾਉਣ ਦੇ ਯਤਨ ਵਜੋਂ ਹੀ ਪਿਛਲੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ-ਵੰਡ ਟੀਮ 497ਵੇਂ ਟਰੱਕ ਦੀ ਸਮੱਗਰੀ ਲੈ ਕੇ ਇਥੇ ਪਹੁੰਚੀ ਸੀ। ਇਹ ਸਮੱਗਰੀ ਇਸਕਾਨ ਜਗਨਨਾਥ ਮੰਦਰ ਲੁਧਿਆਣਾ ਵਲੋਂ ਬਿੱਟੂ ਗੁੰਬਰ ਅਤੇ ਸਾਥੀਆਂ ਦੇ ਵਿਸ਼ੇਸ਼ ਯਤਨਾਂ ਸਦਕਾ ਭਿਜਵਾਈ ਗਈ ਸੀ।
ਭਾਰਤ-ਪਾਕਿ ਸਰਹੱਦ 'ਤੇ ਸਥਿਤ ਸੁਚੇਤਗੜ੍ਹ ਚੈੱਕ ਪੋਸਟ ਕੰਪਲੈਕਸ ਵਿਖੇ ਸਮੱਗਰੀ ਲੈਣ ਲਈ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਨਹਿਰੂ ਕੇਂਦਰ ਦੇ ਡਾਇਰੈਕਟਰ ਜਨਾਬ ਨਿਸਾਰ ਅਹਿਮਦ (ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਦੇ ਛੋਟੇ ਭਰਾ) ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਨੇ ਇਸ ਸੂਬੇ ਦੇ ਪੀੜਤ ਪਰਿਵਾਰਾਂ ਦਾ ਦਰਦ ਅੱਗੇ ਵਧ ਕੇ ਵੰਡਾਇਆ ਹੈ। ਜਦੋਂ ਵੀ ਇਥੋਂ ਦੇ ਲੋਕਾਂ 'ਤੇ ਕੋਈ ਆਫਤ ਆਈ ਤਾਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਉਨ੍ਹਾਂ ਲਈ ਮਸੀਹਾ ਬਣ ਕੇ ਬਹੁੜੇ।
ਨਿਸਾਰ ਅਹਿਮਦ ਨੇ ਕਿਹਾ ਕਿ ਜਦੋਂ ਜੰਮੂ-ਕਸ਼ਮੀਰ 'ਚ ਹੜ੍ਹ ਆਇਆ ਸੀ ਤਾਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ਼ ਫੰਡ ਚਲਾਇਆ ਗਿਆ। ਅੱਤਵਾਦੀਆਂ ਹੱਥੋਂ ਮਾਰੇ ਜਾਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦੀ ਮਾਲੀ ਮਦਦ ਪਹੁੰਚਾਈ ਗਈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ 'ਚੋਂ ਪਲਾਇਨ ਕਰਨ ਵਾਲਿਆਂ ਅਤੇ ਅੱਤਵਾਦ ਪੀੜਤਾਂ ਦੀ ਮਦਦ ਲਈ ਜੋ ਸੈਂਕੜੇ ਟਰੱਕ ਰਾਹਤ ਸਮੱਗਰੀ ਦੇ ਭਿਜਵਾਏ ਗਏ, ਉਸ ਵਰਗੀ ਮਿਸਾਲ ਕਿਤੇ ਨਹੀਂ ਮਿਲਦੀ।
ਜਨਾਬ ਨਿਸਾਰ ਅਹਿਮਦ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਦੇ ਮੈਂਬਰਾਂ ਨੇ ਖੁਦ ਵੀ ਅੱਤਵਾਦ ਦਾ ਸੇਕ ਸਹਿਣ ਕੀਤਾ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਖਾਤਰ ਲਾਲਾ ਜਗਤ ਨਾਰਾਇਣ ਜੀ ਅਤੇ ਉਨ੍ਹਾਂ ਦੇ ਸਪੁੱਤਰ ਰਮੇਸ਼ ਚੰਦਰ ਜੀ ਨੂੰ ਕੁਰਬਾਨੀ ਦੇਣੀ ਪਈ। ਉਨ੍ਹਾਂ ਕਿਹਾ ਕਿ ਇਸ ਅਖਬਾਰ ਨੇ ਹਮੇਸ਼ਾ ਦੇਸ਼ ਹਿੱਤਾਂ 'ਤੇ ਪਹਿਰਾ ਦਿੱਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਵਧ-ਚੜ੍ਹ ਕੇ ਉਠਾਈਆਂ।
ਸਰਹੱਦੀ ਲੋਕ ਬਹਾਦਰੀ ਦੀ ਮਿਸਾਲ ਹਨ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਵਿਚ ਰਹਿਣ ਵਾਲੇ ਲੋਕ ਬਹਾਦਰੀ ਦੀ ਮਿਸਾਲ ਹਨ। ਜਿਸ ਤਰ੍ਹਾਂ ਦੇ ਮੁਸ਼ਕਲ ਹਾਲਾਤ ਵਿਚ ਸੁਚੇਤਗੜ੍ਹ ਅਤੇ ਹੋਰ ਪਿੰਡਾਂ ਦੇ ਲੋਕ ਰਹਿ ਰਹੇ ਹਨ, ਇਹ ਬਹੁਤ ਖਤਰੇ ਵਾਲਾ ਕੰਮ ਹੈ। ਅਜਿਹੇ ਹਾਲਾਤ ਵਿਚ ਰਹਿਣਾ ਬਹੁਤ ਔਖਾ ਹੈ। ਇਥੇ ਹਰ ਵੇਲੇ ਗੋਲੀਬਾਰੀ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਅੱਤਵਾਦ, ਬੇਰੋਜ਼ਗਾਰੀ ਅਤੇ ਗਰੀਬੀ ਨਾਲ ਵੀ ਲੋਕਾਂ ਨੂੰ ਜੂਝਣਾ ਪੈਂਦਾ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਸੇਵਾ-ਸਹਾਇਤਾ ਦੀ ਮੁਹਿੰਮ ਚਲਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਨੇ ਇਕ ਵਿਲੱਖਣ ਕਾਰਜ ਕੀਤਾ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਨਾ ਸਦਕਾ ਅੱਜ ਪੰਜਾਬ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਲੋਕ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ।
ਇਲਾਕੇ ਦੇ ਸਮਾਜ ਸੇਵੀ ਸ. ਤਰਣਜੀਤ ਸਿੰਘ ਟੋਨੀ ਨੇ ਕਿਹਾ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਤਰ੍ਹਾਂ ਦੀਆਂ ਮੁਸੀਬਤਾਂ ਸਹਿਣ ਕਰ ਕੇ ਵੀ ਇਹ ਲੋਕ ਪਾਕਿਸਤਾਨ ਦੀਆਂ ਬੰਦੂਕਾਂ ਦੇ ਸਾਹਮਣੇ ਡਟੇ ਰਹਿੰਦੇ ਹਨ।
ਟੋਨੀ ਨੇ ਕਿਹਾ ਕਿ ਇਹ ਇਲਾਕਾ ਸਹੂਲਤਾਂ ਦੇ ਨਜ਼ਰੀਏ ਤੋਂ ਵੀ ਬੇਹੱਦ ਪਿੱਛੜਿਆ ਹੋਇਆ ਹੈ ਅਤੇ ਇਥੇ ਰੋਜ਼ਗਾਰ ਦੇ ਸਾਧਨਾਂ ਦੀ ਵੱਡੀ ਘਾਟ ਹੋਣ ਕਰ ਕੇ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਸਰਕਾਰ ਨੂੰ ਸਰਹੱਦੀ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਲੋਕਾਂ ਦੀ ਸੇਵਾ ਪੁੰਨ ਦਾ ਕਾਰਜ : ਡੌਲੀ ਹਾਂਡਾ
ਜਨਹਿਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ ਨੇ ਸਹਾਇਤਾ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਦੀ ਸੇਵਾ-ਸਹਾਇਤਾ ਕਰਨਾ ਪੁੰਨ ਦਾ ਵੱਡਾ ਕਾਰਜ ਹੈ। ਉਨ੍ਹਾਂ ਕਿਹਾ ਕਿ ਸਭ ਲੋਕਾਂ ਨੂੰ ਆਪਣੀ ਕਮਾਈ 'ਚੋਂ ਦਸਵੰਧ ਕੱਢ ਕੇ ਲੋੜਵੰਦਾਂ ਅਤੇ ਪੀੜਤਾਂ ਦੀ ਮਦਦ ਲੇਖੇ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਾਨ ਦੇਣ ਨਾਲ ਧਨ ਘਟਦਾ ਨਹੀਂ ਸਗੋਂ ਉਸ ਵਿਚ ਹੋਰ ਵਾਧਾ ਹੁੰਦਾ ਹੈ। ਉਨ੍ਹਾਂ ਸਮੂਹ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਦੀ ਮਦਦ ਲਈ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਸਮਾਜ ਸੇਵੀ ਸ. ਸਰਬਜੀਤ ਸਿੰਘ ਰਾਮਗੜ੍ਹ ਨੇ ਲੋੜਵੰਦਾਂ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਸਮੱਗਰੀ ਭਿਜਵਾਉਣ ਵਾਸਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਹੋਰ ਸਮੱਗਰੀ ਵੀ ਭਿਜਵਾਈ ਜਾਣੀ ਚਾਹੀਦੀ ਹੈ।
ਇਸ ਮੌਕੇ 'ਤੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਅਧਿਕਾਰੀ ਸ. ਸੁਲਿੰਦਰ ਸਿੰਘ ਕੰਡੀ, ਰਜਿੰਦਰ ਸ਼ਰਮਾ (ਭੋਲਾ ਜੀ), ਲੁਧਿਆਣਾ ਤੋਂ ਵਿਪਨ-ਰੇਨੂੰ ਜੈਨ, ਰਾਕੇਸ਼-ਰਮਾ ਜੈਨ, ਅਨਮੋਲ-ਤਨੀਸ਼ਾ ਜੈਨ, ਰਾਜਨ ਚੋਪੜਾ, ਜੰਮੂ ਤੋਂ ਵਰੁਣ ਜੈਨ, ਸਰੂ ਜੈਨ, ਅਰੁਣਾ ਜੈਨ, ਪ੍ਰਦੀਪ ਜੈਨ, ਵਿਵਾਨ ਜੈਨ, ਦਿਵੇਨ ਜੈਨ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ. ਪੁਰਾ ਤੋਂ ਪ੍ਰਤੀਨਿਧੀ ਮੁਕੇਸ਼ ਕੁਮਾਰ, ਕੁਲਦੀਪ ਜੈਨ ਅਤੇ ਆਸ਼ੂ ਸਿੰਗਲਾ ਵੀ ਮੌਜੂਦ ਸਨ। ਰਾਹਤ ਵਜੋਂ ਰਜਾਈਆਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸੁਚੇਤਗੜ੍ਹ ਤੋਂ ਇਲਾਵਾ ਖਾਨਾ ਚੱਕ, ਕੋਟਲੀ, ਬਾਸ਼ਪੁਰ, ਲੰਗੜੇਵਾਲੀ, ਰੰਗਪੁਰ ਆਦਿ ਪਿੰਡਾਂ ਨਾਲ ਸੰਬੰਧਤ ਸਨ।
ਜੀ. ਐੱਨ. ਡੀ. ਯੂ. ਦੇ 481.72 ਕਰੋੜ ਦੇ ਬਜਟ 'ਤੇ ਮੋਹਰ
NEXT STORY