ਪਟਿਆਲਾ (ਜੋਸਨ)—ਜ਼ਿਲਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ 'ਚ ਹਰ ਨਾਗਰਿਕ ਨੂੰ ਆਪਣੀ ਵੋਟ ਪਾਉਣ ਲਈ ਜਾਗਰੂਕ ਕਰਨ ਅਤੇ ਇਕ ਸਿਹਤਮੰਦ ਜ਼ਿੰਦਗੀ ਜਿਊਣ ਦਾ ਸੁਨੇਹਾ ਦੇਣ ਲਈ ਕਰਵਾਈ ਮਿੰਨੀ ਮੈਰਾਥਨ ਵੋਟਰਾਂ ਨੂੰ 100 ਫੀਸਦੀ ਵੋਟਾਂ ਪਾਉਣ ਲਈ ਉਤਸ਼ਾਹਤ ਕਰ ਗਈ। ਸਵੀਪ ਪ੍ਰੋਗਰਾਮ ਤਹਿਤ ਨੇਪਰੇ ਚੜ੍ਹੀ 5 ਕਿਲੋਮੀਟਰ ਦੀ ਇਸ ਦੌੜ 'ਚ ਪਟਿਆਲਾ ਜ਼ਿਲੇ ਦੇ ਸਕੂਲਾਂ-ਕਾਲਜਾਂ ਦੇ ਛੋਟੇ-ਵੱਡੇ ਵਿਦਿਆਰਥੀਆਂ ਸਮੇਤ ਹਰ ਉਮਰ ਵਰਗ ਦੇ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵੋਟਾਂ ਖ਼ੁਦ ਪਾਉਣ ਤੇ ਹੋਰਨਾਂ ਨੂੰ ਪ੍ਰੇਰਤ ਕਰਨ ਦਾ ਪ੍ਰਣ ਲਿਆ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ ਹੇਠ ਇੱਥੇ ਪੋਲੋ ਗਰਾਊਂਡ ਤੋਂ ਸ਼ੁਰੂ ਹੋਈ ਇਸ ਮਿੰਨੀ ਮੈਰਾਥਨ ਨੂੰ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼ੌਕਤ ਅਹਿਮਦ ਪਰੇ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਯੂ. ਟੀ.) ਰਾਹੁਲ ਸਿੰਧੂ, ਐੈੱਸ. ਪੀ. ਜਾਂਚ ਹਰਮੀਤ ਸਿੰਘ ਹੁੰਦਲ, ਐੈੱਸ. ਡੀ. ਐੈੱਮ. ਸਮਾਣਾ ਨਮਨ ਮੜਕਨ, ਜ਼ਿਲਾ ਖੇਡ ਅਫਸਰ ਹਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਲਕੀਅਤ ਸਿੰਘ ਮਾਨ, ਸਵੀਪ ਦੇ ਨੋਡਲ ਅਫ਼ਸਰ ਗੁਰਬਖ਼ਸ਼ੀਸ਼ ਸਿੰਘ ਅੰਟਾਲ, ਐਥਲੈਟਿਕ ਕੋਚ ਮਲਕੀਤ ਸਿੰਘ ਅਤੇ ਇੰਸਪੈਕਟਰ ਕਰਨੈਲ ਸਿੰਘ ਵੀ ਮੌਜੂਦ ਸਨ।
ਪੋਲੋ ਗਰਾਊਂਡ ਤੋਂ ਸ਼ੁਰੂ ਹੋਈ ਲੜਕੇ-ਲੜਕੀਆਂ ਲਈ ਵੱਖ-ਵੱਖ ਇਹ ਮੈਰਾਥਨ ਵਾਈ. ਪੀ. ਐੈੱਸ. ਚੌਕ 'ਚੋਂ ਹੁੰਦੀ ਹੋਈ ਐੈੱਨ. ਆਈ. ਐੈੱਸ., ਮੋਦੀ ਕਾਲਜ ਅਤੇ ਫੁਹਾਰਾ ਚੌਕ ਤੋਂ ਵਾਪਸ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ। ਇਸ 'ਚ 2000 ਦੇ ਕਰੀਬ ਵਿਦਿਆਰਥੀ ਤੇ ਨਾਗਰਿਕ ਸ਼ਾਮਲ ਹੋਏ। ਇਸ ਦੌਰਾਨ ਲੜਕੀਆਂ 'ਚੋਂ ਰੇਨੂ ਰਾਣੀ ਪਹਿਲੇ, ਜੋਤੀ ਦੂਜੇ ਅਤੇ ਨਵਜੋਤ ਕੌਰ ਤੀਜੇ ਸਥਾਨ 'ਤੇ ਰਹੀ। ਲੜਕਿਆਂ ਦੇ ਵਰਗ 'ਚੋਂ ਹਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਨਵਦੀਪ ਸਿੰਘ ਨੇ ਦੂਜਾ ਅਤੇ ਮਾਤਰੇਸ਼ ਨੇ ਤੀਜਾ ਸਥਾਨ ਹਾਸਲ ਕੀਤਾ।
'ਨਾ ਨਸ਼ੇ ਨਾਲ, ਨਾ ਨੋਟਾਂ ਨਾਲ, ਦੇਸ਼ ਬਦਲੇਗਾ ਵੋਟਾਂ ਨਾਲ' ਅਤੇ 'ਪਟਿਆਲਾ ਜ਼ਿਲੇ ਦੀ ਇਹ ਪਛਾਣ, 100 ਫੀਸਦੀ ਕਰੋ ਮਤਦਾਨ' ਦਾ ਸੁਨੇਹਾ ਦੇਣ ਲਈ ਕਰਵਾਈ ਇਸ ਮੈਰਾਥਨ ਮੌਕੇ ਸੰਬੋਧਨ ਕਰਦਿਆਂ ਸ਼ੌਕਤ ਅਹਿਮਦ ਪਰੇ ਨੇ ਅਪੀਲ ਕੀਤੀ ਕਿ ਮਜ਼ਬੂਤ ਲੋਕਤੰਤਰ ਅਤੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਹਰ ਵੋਟਰ ਬਿਨਾਂ ਡਰ-ਭੈਅ ਅਤੇ ਨਸ਼ਿਆਂ ਤੇ ਪੈਸੇ ਆਦਿ ਦੇ ਬਗੈਰ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰੇ।
ਭਗਵੰਤ ਮਾਨ ਨੇ ਖੋਲ੍ਹਿਆ ਰਾਜ, ਹਰਸਿਮਰਤ ਬਾਦਲ ਕਿਵੇਂ ਲੱਭ ਰਹੀ ਹੈ ਹਲਕਾ (ਵੀਡੀਓ)
NEXT STORY