ਲੁਧਿਆਣਾ (ਹਿਤੇਸ਼) : ਜਿਵੇਂ ਕਿ 'ਜਗ ਬਾਣੀ' ਵਲੋਂ ਕਾਫੀ ਸਮਾਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਲੋਕ ਸਭਾ ਚੋਣਾਂ 'ਚ ਵੱਡੇ ਚਿਹਰਿਆਂ ਜ਼ਰੀਏ ਮੁਕਾਬਲਾ ਕਰਨ ਦੀ ਯੋਜਨਾ ਅਧੀਨ ਕਾਂਗਰਸ ਵਲੋਂ ਕੈਬਨਿਟ ਮੰਤਰੀਆਂ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਉਸ ਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਦੀ ਸ਼ੁਰੂਆਤ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਫਿਰੋਜ਼ਪੁਰ ਸੀਟ 'ਤੇ ਦਾਅਵੇਦਾਰੀ ਜਤਾ ਕੇ ਕੀਤੀ ਗਈ ਹੈ।
ਪਰ ਪੰਜਾਬ ਦੇ ਕਈ ਕੈਬਨਿਟ ਮੰਤਰੀ ਲੋਕ ਸਭਾ ਚੋਣਾਂ ਲਈ ਆਪਣੀ ਕੁਰਸੀ ਛੱਡਣ ਲਈ ਤਿਆਰ ਨਹੀਂ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟ ਮੰਗ ਰਹੇ ਹਨ। ਇਸ 'ਚ ਮੁੱਖ ਤੌਰ 'ਤੇ ਪਿਛਲੀ ਵਾਰ ਲੋਕ ਸਭਾ ਚੋਣਾਂ ਲੜਨ ਵਾਲੇ ਮਨਪ੍ਰੀਤ ਬਾਦਲ ਤੇ ਵਿਜੇਇੰਦਰ ਸਿੰਗਲਾ ਦਾ ਨਾਂ ਸ਼ਾਮਲ ਹੈ। ਦੱਸਣਾ ਸਹੀ ਹੋਵੇਗਾ ਕਿ ਮਨਪ੍ਰੀਤ ਵਲੋਂ ਆਪਣੀ ਬਣਾਈ ਹੋਈ ਪੰਜਾਬ ਪੀਪਲਜ਼ ਪਾਰਟੀ ਨਾਲ ਗਠਜੋੜ ਤਹਿਤ ਪਿਛਲੀਆਂ ਲੋਕ ਸਭਾ ਚੋਣਾਂ ਬਠਿੰਡਾ ਤੋਂ ਕਾਂਗਰਸ ਦੇ ਚੋਣ ਚਿੰਨ੍ਹ 'ਤੇ ਲੜੀਆਂ ਗਈਆਂ ਸਨ ਤੇ ਹੁਣ ਕਾਂਗਰਸ 'ਚ ਸ਼ਾਮਲ ਹੋ ਕੇ ਉਹ ਵਿੱਤ ਮੰਤਰੀ ਬਣ ਚੁੱਕੇ ਹਨ। ਮਨਪ੍ਰੀਤ ਕਿਉਂਕਿ ਬਠਿੰਡਾ ਤੋਂ ਵਿਧਾਇਕ ਹਨ ਤਾਂ ਉਨ੍ਹਾਂ ਨੂੰ ਹਰਸਿਮਰਤ ਖਿਲਾਫ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ ਪਰ ਉਹ ਆਪਣੀ ਪਤਨੀ ਲਈ ਟਿਕਟ ਚਾਹੁੰਦੇ ਹਨ।
ਇਸੇ ਤਰ੍ਹਾਂ ਵਿਜੇਇੰਦਰ ਸਿੰਗਲਾ ਪਹਿਲਾਂ ਸੰਗਰੂਰ ਤੋਂ ਐੱਮ. ਪੀ. ਰਹੇ ਹਨ ਤੇ ਪਿਛਲੀਆਂ ਚੋਣਾਂ ਹਾਰ ਗਏ ਸਨ, ਹਾਲਾਂਕਿ ਪਿਛਲੀ ਵਿਧਾਨ ਸਭਾ ਚੋਣ ਹਾਰ ਚੁੱਕੀ ਰਾਜਿੰਦਰ ਕੌਰ ਭੱਠਲ ਤੇ ਕੇਵਲ ਸਿੰਘ ਢਿੱਲੋਂ ਵਲੋਂ ਸੰਗਰੂਰ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂ ਕਿ ਪਾਰਟੀ ਵਲੋਂ ਸਿੰਗਲਾ ਨੂੰ ਪੇਸ਼ਕਸ਼ ਕੀਤੀ ਗਈ ਹੈ ਪਰ ਉਹ ਆਪਣੀ ਜਗ੍ਹਾ ਪਤਨੀ ਲਈ ਟਿਕਟ ਮੰਗ ਰਹੇ ਹਨ।
ਪੰਜਾਬ ਦੀ ਇਕ ਪਾਸੇ ਲੋਕ ਸਭਾ ਸੀਟ ਫਤਿਹਗੜ੍ਹ ਸਾਹਿਬ 'ਚ ਪਿਛਲੀਆਂ ਚੋਣਾਂ ਲੜਨ ਵਾਲੇ ਸਾਧੂ ਸਿੰਘ ਧਰਮਸੌਤ ਹੁਣ ਕੈਬਨਿਟ ਮੰਤਰੀ ਬਣ ਚੁੱਕੇ ਹਨ, ਜਦੋਂਕਿ ਇਸ ਵਾਰ ਸੀਟ 'ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਚੱਲ ਰਿਹਾ ਹੈ ਪਰ ਉਨ੍ਹਾਂ ਨੇ ਆਪਣੇ ਭਰਾ ਦਾ ਨਾਂ ਅੱਗੇ ਕਰ ਦਿੱਤਾ ਹੈ ਹਾਲਾਂਕਿ ਇਸ ਸੀਟ 'ਤੇ ਡਾ. ਅਮਰ ਸਿੰਘ ਤੇ ਲਖਬੀਰ ਸਿੰਘ ਲੱਖਾ ਦਾ ਨਾਂ ਵੀ ਸੁਣਨ ਨੂੰ ਮਿਲ ਰਿਹਾ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ 2009 ਦੌਰਾਨ ਰਵਨੀਤ ਬਿੱਟੂ ਨੇ ਚੋਣ ਜਿੱਤੀ ਸੀ ਪਰ 2014 'ਚ ਬਿੱਟੂ ਨੂੰ ਲੁਧਿਆਣਾ ਭੇਜ ਕੇ ਇਥੋਂ ਅੰਬਿਕਾ ਸੋਨੀ ਨੂੰ ਟਿਕਟ ਦਿੱਤੀ ਗਈ ਸੀ ਪਰ ਉਹ ਹਾਰ ਗਈ। ਹੁਣ ਉਨ੍ਹਾਂ ਦੁਬਾਰਾ ਉਸ ਸੀਟ ਤੋਂ ਚੋਣ ਲੜਨ ਤੋਂ ਤੌਬਾ ਕਰ ਲਈ ਹੈ ਤੇ ਆਪਣੇ ਬੇਟੇ ਦਾ ਨਾਂ ਅੱਗੇ ਕੀਤਾ ਹੈ। ਹਾਲਾਂਕਿ ਇਸ ਸੀਟ 'ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦਾ ਨਾਂ ਵੀ ਚੱਲ ਰਿਹਾ ਹੈ।
ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੱਦੇਨਜ਼ਰ ਹੋਵੇਗਾ ਫੈਸਲਾ
ਕਾਂਗਰਸ ਵਲੋਂ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਦਿੱਗਜ਼ਾਂ ਨੂੰ ਮੈਦਾਨ 'ਚ ਉਤਾਰਨ ਦੀ ਜੋ ਯੋਜਨਾ ਬਣਾਈ ਗਈ ਹੈ, ਉਸ 'ਚ ਕੈਬਨਿਟ ਮੰਤਰੀਆਂ ਤੇ ਹੋਰ ਵੱਡੇ ਨੇਤਾਵਾਂ ਦੇ ਨਾਵਾਂ 'ਤੇ ਫੈਸਲਾ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੱਦੇਨਜ਼ਰ ਕੀਤਾ ਜਾਵੇਗਾ।
ਇਨ੍ਹਾਂ ਦੀ ਟਿਕਟ ਮੰਨੀ ਜਾ ਰਹੀ ਹੈ ਪੱਕੀ
ਪਟਿਆਲਾ ਪ੍ਰਨੀਤ ਕੌਰ
ਗੁਰਦਾਸਪੁਰ ਸੁਨੀਲ ਜਾਖੜ
ਲੁਧਿਆਣਾ ਰਵਨੀਤ ਬਿੱਟੂ
ਜਲੰਧਰ ਸੰਤੋਖ ਚੌਧਰੀ
ਸਿੱਧੂ ਜੋੜੇ ਦੇ ਅੰਮ੍ਰਿਤਸਰ ਤੋਂ ਚੋਣਾਂ ਲੜਨ 'ਤੇ ਔਜਲਾ ਦੀ ਖਡੂਰ ਸਾਹਿਬ 'ਚ ਹੋ ਸਕਦੀ ਹੈ ਟ੍ਰਾਂਸਫਰ
ਇਸ ਲਿਸਟ 'ਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ, ਜੋ ਪਹਿਲਾਂ ਕਈ ਵਾਰ ਅੰਮ੍ਰਿਤਸਰ ਤੋਂ ਐੱਮ. ਪੀ. ਰਹਿ ਚੁੱਕੇ ਹਨ ਅਤੇ ਇਸ ਵਾਰ ਆਪਣੀ ਪਤਨੀ ਨੂੰ ਅੱਗੇ ਕਰ ਰਹੇ ਹਨ। ਅੰਮ੍ਰਿਤਸਰ ਤੋਂ ਟਿਕਟ ਮੰਗਣ 'ਤੇ ਸਿੱਧੂ 'ਤੇ ਦਬਾਅ ਵਧਣ ਦੇ ਮੱਦੇਨਜ਼ਰ ਹੀ ਮਿਸਿਜ਼ ਸਿੱਧੂ ਨੇ ਚੰਡੀਗੜ੍ਹ ਦਾ ਰੁਖ਼ ਕੀਤਾ ਹੈ, ਜੇਕਰ ਚੰਡੀਗੜ੍ਹ 'ਚ ਦੋ ਸਾਬਕਾ ਕੇਂਦਰੀ ਮੰਤਰੀਆਂ ਪਵਨ ਬਾਂਸਲ ਤੇ ਮਨੀਸ਼ ਤਿਵਾੜੀ ਦੀ ਖਿੱਚੋਤਾਣ 'ਚ ਸਿੱਧੂ ਨੂੰ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ 'ਚ ਵਾਪਸੀ ਕਰਨੀ ਪੈ ਸਕਦੀ ਹੈ। ਇਸ ਸੂਰਤ 'ਚ ਅੰਮ੍ਰਿਤਸਰ ਦੇ ਮੌਜੂਦਾ ਐੱਮ. ਪੀ. ਗੁਰਜੀਤ ਸਿੰਘ ਔਜਲਾ ਦੀ ਖਡੂਰ ਸਾਹਿਬ 'ਚ ਟ੍ਰਾਂਸਫਰ ਹੋ ਸਕਦੀ ਹੈ।
ਔਜਲਾ ਦੂਰ ਕਰਨਗੇ ਟੀਬੀ ਹਸਪਤਾਲ ਦੀ ਬੀਮਾਰੀ (ਵੀਡੀਓ)
NEXT STORY