ਚੰਡੀਗੜ੍ਹ : ਪੰਜਾਬ ਅੰਦਰ ਲੋਕ ਸਭਾ ਚੋਣਾਂ ਦੇ ਮੱਦੇਨਜਰ ਤੀਜੇ ਫ਼ਰੰਟ ਦਾ ਭੋਗ ਪੈ ਗਿਆ ਹੈ। ਤੀਜਾ ਫ਼ਰੰਟ ਬਣਾਉਣ ਵਾਲੀਆਂ ਸਾਰਿਆਂ ਪਾਰਟੀਆਂ ਦੀ ਆਪਸ 'ਚ ਸੁਰ ਨਾ ਮਿਲਣ ਕਾਰਨ ਤੀਜੇ ਫ਼ਰੰਟ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਅਸਲ 'ਚ ਸੀਟਾਂ ਨੂੰ ਲੈ ਕੇ ਗੱਲ ਸਿਰੇ ਨਹੀਂ ਚੜ੍ਹ ਸਕੀ ਹੈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਪੰਜਾਬ ਅੰਦਰ ਤੀਜੇ ਫ਼ਰੰਟ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਹੈ। ਹੁਣ ਸਾਰੇ ਦਲ ਆਪਣਾ-ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਰਨਗੇ। ਪੰਜਾਬ ਅੰਦਰ ਰਿਜ਼ਨਲ ਪਾਰਟੀਆਂ ਖੁੰਬਾਂ ਦੀ ਤਰ੍ਹਾਂ ਪੈਦਾ ਹੋ ਰਹੀਆਂ ਹਨ ਤੇ ਸਾਰੀਆਂ ਹੀ ਆਪਣੇ ਆਪ ਨੂੰ ਕਾਂਗਰਸ, ਆਪ ਅਤੇ ਅਕਾਲੀ ਦਲ ਦਾ ਬਦਲ ਦੱਸ ਰਹੀਆਂ ਹਨ।
ਇਸ ਸਮੇ ਸੁਖਪਾਲ ਖਹਿਰਾ ਨੇ ਆਪਣੀ ਪੰਜਾਬ ਏਕਤਾ ਪਾਰਟੀ , ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ,ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਆਪਣੀ ਪਾਰਟੀ ਦਾ ਨਾਮ 'ਪੰਜਾਬ ਪਾਰਟੀ' ਰੱਖਿਆ ਹੈ। ਸਾਰੀਆਂ ਨਵੀਆਂ ਪਾਰਟੀਆਂ ਦੇ ਆਪਣੇ-ਆਪਣੇ ਏਜੰਡੇ ਹਨ। ਆਪ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਖਹਿਰਾ ਨਾਲ ਗਠਜੋੜ ਨਹੀਂ ਕਰਨਗੇ।ਅਕਾਲੀ ਦਲ ਟਕਸਾਲੀ ਦੀ ਵੀ ਖਹਿਰਾ ਨਾਲ ਗੱਲ ਨਹੀਂ ਬਣੀ ਹੈ। ਫਿਰ ਤੀਜੇ ਫ਼ਰੰਟ ਦੀ ਉਮੀਦ ਲਈ ਬੈਠੇ ਅਕਾਲੀ ਦਲ ਟਕਸਾਲੀ ਦੀ ਆਪ ਨਾਲ ਵੀ ਗੱਲ ਬਣਦੀ-ਬਣਦੀ ਰਹਿ ਗਈ ਹੈ।ਅਕਾਲੀ ਦਲ ਟਕਸਾਲੀ ਵਲੋਂ ਪਹਿਲਾ 'ਪੰਜਾਬ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਖਹਿਰਾ ਨਾਲ ਗਠਜੋੜ ਨੂੰ ਲੈ ਕੇ ਗੱਲ ਚੱਲੀ ਪਰ ਉਹ ਸਿਰੇ ਨਹੀਂ ਚੜ੍ਹੀ।
ਉਸ ਤੋਂ ਬਾਅਦ ਅਕਾਲੀ ਦਲ ਟਕਸਾਲੀ ਵਲੋਂ ਆਪ ਨਾਲ ਗਠਜੋੜ ਨੂੰ ਲੈ ਕੇ ਬੈਠਕ ਹੋਈਆਂ ਪਰ ਇਥੋਂ ਵੀ ਤੋੜ-ਵਿਛੋੜਾ ਹੋ ਗਿਆ ਹੈ। ਅਸਲ ਵਿਚ ਪੰਗਾ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਪੈ ਗਿਆ ਹੈ। ਟਕਸਾਲੀ ਇਸ ਸੀਟ 'ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਚੁੱਕੇ ਹਨ ਪਰ 'ਆਪ' ਸੀਟ ਨੂੰ ਛੱਡਣ ਨੂੰ ਤਿਆਰ ਨਹੀਂ ਹੈ। ਇਸ ਲਈ ਦੋਹਾਂ 'ਚ ਗੱਲ ਸਿਰੇ ਨਹੀਂ ਚੜ੍ਹ ਸਕੀ ਹੈ। ਆਪ ਵਲੋਂ ਇਸ ਸੀਟ 'ਤੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਦੋਵੇਂ ਪਾਰਟੀਆਂ ਇਸ ਸੀਟ ਨੂੰ ਛੱਡਣ ਲਈ ਤਿਆਰ ਨਹੀਂ ਹਨ। ਇਸ ਲਈ ਹੁਣ ਪੰਜਾਬ 'ਚ ਤੀਜੇ ਮੋਰਚੇ ਦਾ ਭੋਗ ਪੈ ਗਿਆ ਹੈ।
ਅੰਮ੍ਰਿਤਸਰੀਆਂ ਦਾ ਦਿਲ ਜਿੱਤਣ ਲਈ ਸਿਆਸੀ ਪਾਰਟੀਆਂ ਨੂੰ ਹੈ ਸੈਲੇਬ੍ਰਿਟੀਜ਼ ਦੀ ਤਲਾਸ਼
NEXT STORY