ਜਲੰਧਰ (ਪੁਨੀਤ)— ਜਲੰਧਰ ਲੋਕ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਿਮ ਦਿਨ ਅੱਜ 4 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਸ ਕਾਰਨ ਚੋਣ ਲੜਨ ਦੇ ਚਾਹਵਾਨ ਕੁੱਲ 25 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜ਼ਿਲਾ ਚੋਣ ਅਧਿਕਾਰੀ ਕੋਲ ਪਹੁੰਚੇ। 30 ਅਪ੍ਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸ਼ੁਰੂ ਹੋਵੇਗੀ, ਜਦੋਂਕਿ 2 ਮਈ ਤੱਕ ਆਪਣਾ ਨਾਂ ਵਾਪਸ ਲਿਆ ਜਾ ਸਕਦਾ ਹੈ।
ਜਿਨ੍ਹਾਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ , ਉਨ੍ਹਾਂ ਵਿਚ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ, ਉਨ੍ਹਾਂ ਦਾ ਕਵਰਿੰਗ ਕੈਂਡੀਡੇਟ ਬੇਟਾ ਵਿਕਰਮਜੀਤ ਸਿੰਘ ਚੌਧਰੀ, ਸ਼੍ਰੋਮਣੀ ਅਕਾਲੀ ਦਲ ਤੋਂ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਕਵਰਿੰਗ ਕੈਂਡੀਡੇਟ ਇੰਦਰ ਇਕਬਾਲ ਸਿੰਘ, ਆਮ ਆਦਮੀ ਪਾਰਟੀ ਤੋਂ ਜ਼ੋਰਾ ਸਿੰਘ ਅਤੇ ਉਨ੍ਹਾਂ ਦਾ ਕਵਰਿੰਗ ਕੈਂਡੀਡੇਟ ਹਰਮਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ ਅਤੇ ਉਨ੍ਹਾਂ ਦੇ ਕਵਰਿੰਗ ਕੈਂਡੀਡੇਟ ਦੇ ਤੌਰ 'ਤੇ ਪਤਨੀ ਮਨਜੀਤ ਕੁਮਾਰੀ, ਇਸ ਤੋਂ ਇਲਾਵਾ ਆਜ਼ਾਦ ਤੌਰ 'ਤੇ ਕਸ਼ਮੀਰ ਸਿੰਘ, ਸੁਖਦੇਵ ਸਿੰਘ, ਸਵਾਮੀ ਨਿਤਿਆਨੰਦ, ਨੀਤੂ, ਉਪਕਾਰ ਸਿੰਘ, ਅਮਰੀਸ਼ ਕੁਮਾਰ, ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਪ੍ਰਕਾਸ਼ ਚੰਦ, ਭਾਰਤੀ ਪ੍ਰਭਾਤ ਪਾਰਟੀ ਤੋਂ ਗੁਰਪਾਲ ਸਿੰਘ, ਅੰਬੇਡਕਰ ਨੈਸ਼ਨਲ ਕਾਂਗਰਸ ਤੋਂ ਉਰਮਿਲਾ, ਪੀਪਲ ਪਾਰਟੀ ਆਫ ਇੰਡੀਆ ਤੋਂ ਹਰੀ ਮਿੱਤਲ, ਬਹੁਜਨ ਸਮਾਜ ਪਾਰਟੀ ਅੰਬੇਡਕਰ ਤੋਂ ਤਾਰਾ ਸਿੰਘ, ਬਹੁਜਨ ਮੁਕਤੀ ਪਾਰਟੀ ਤੋਂ ਰੇਸ਼ਮ ਲਾਲ, ਸ਼ਿਵ ਸੈਨਾ ਤੋਂ ਸੁਭਾਸ਼ ਗੋਰੀਆ, ਨੈਸ਼ਨਲ ਜਸਟਿਸ ਪਾਰਟੀ ਤੋਂ ਬਲਜਿੰਦਰ ਸੋਢੀ, ਰਾਸ਼ਟਰੀ ਸਹਾਰਾ ਪਾਰਟੀ ਤੋਂ ਸੋਨੀਆ, ਹਮ ਭਾਰਤੀ ਪਾਰਟੀ ਤੋਂ ਜਗਨਨਾਥ ਬਾਜਵਾ ਸ਼ਾਮਲ ਹਨ।
ਅਟਵਾਲ ਨੇ 4, ਚੌਧਰੀ ਨੇ 2 ਵਾਰ ਭੇਜਿਆ ਐਫੀਡੇਵਿਟ
ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਾ ਉਮੀਦਵਾਰ 4 ਵਾਰ ਐਫੀਡੇਵਿਟ ਭਰਨ ਦਾ ਅਧਿਕਾਰ ਰੱਖਦਾ ਹੈ। ਇਹ ਐਫੀਡੇਵਿਟ ਕਿਸੇ ਜਾਣਕਾਰੀ ਦੇ ਅਧੂਰੇ ਜਾਂ ਉਸ ਵਿਚ ਕੋਈ ਤਰੁਟੀ ਰਹਿਣ 'ਤੇ ਭਰਿਆ ਜਾਂਦਾ ਹੈ। ਆਪਣਾ ਐਫੀਡੇਵਿਟ ਦੁਬਾਰਾ ਭਰਨ ਵਾਲਿਆਂ ਵਿਚ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਸਭ ਤੋਂ ਉਪਰ ਹਨ, ਜਿਨ੍ਹਾਂ ਨੇ 4 ਵਾਰ ਆਪਣਾ ਐਫੀਡੇਵਿਟ ਫਾਈਲ ਕੀਤਾ। ਓਧਰ ਕਾਂਗਰਸ ਦੇ ਸੰਤੋਖ ਚੌਧਰੀ ਨੇ 2 ਵਾਰ ਐਫੀਡੇਵਿਟ ਭਿਜਵਾਇਆ। ਇਸੇ ਤਰ੍ਹਾਂ ਭਾਰਤੀ ਪ੍ਰਭਾਤ ਪਾਰਟੀ ਦੇ ਗੁਰਪਾਲ ਸਿੰਘ ਨੇ ਦੋ ਵਾਰ ਐਫੀਡੇਵਿਟ ਦੇ ਕੇ ਜਾਣਕਾਰੀ ਪੂਰੀ ਕੀਤੀ।
16 ਵਿਚੋਂ 13 ਵਾਰ ਜਿੱਤ ਚੁੱਕੀ ਹੈ ਕਾਂਗਰਸ
1952 'ਚ ਹੋਂਦ ਵਿਚ ਆਈ ਜਲੰਧਰ ਲੋਕ ਸਭਾ ਸੀਟ ਵਿਚ ਕੁਲ 9 ਵਿਧਾਨ ਸਭਾ ਹਲਕੇ ਹਨ। ਜਲੰਧਰ ਸ਼ਹਿਰੀ ਦੇ 4 ਅਤੇ ਦਿਹਾਤ ਦੇ ਕਰਤਾਰਪੁਰ, ਲੋਹੀਆਂ, ਨਕੋਦਰ, ਸ਼ਾਹਕੋਟ ਅਤੇ ਸੁਲਤਾਨਪੁਰ ਨੂੰ ਮਿਲਾ ਕੇ 9 ਵਿਧਾਨ ਸਭਾ ਹਲਕਿਆਂ ਵਿਚ 15.74 ਲੱਖ ਵੋਟਰ ਹਨ, ਜਿਨ੍ਹਾਂ ਵਿਚ 8.22 ਲੱਖ ਮਰਦ ਅਤੇ 7.52 ਲੱਖ ਔਰਤਾਂ ਹਨ। ਇਸ ਸੀਟ 'ਤੇ ਹੁਣ ਤਕ 16 ਵਾਰ ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 13 ਵਾਰ ਕਾਂਗਰਸ ਜਿੱਤੀ ਹੈ। 1977 ਵਿਚ ਪਹਿਲੀ ਵਾਰ ਇਸ ਸੀਟ 'ਤੇ ਕਾਂਗਰਸ ਦੇ ਖਿਲਾਫ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਜਿੱਤੇ ਸਨ, 1989 ਵਿਚ ਜਨਤਾ ਦਲ ਦੇ ਇੰਦਰ ਕੁਮਾਰ ਗੁਜਰਾਲ, 1996 ਵਿਚ ਅਕਾਲੀ ਦਲ ਦੇ ਦਰਬਾਰਾ ਸਿੰਘ ਨੇ ਚੋਣ ਜਿੱਤੀ। 1999 ਤੋਂ ਲੈ ਕੇ 2014 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਲਗਾਤਾਰ ਜਿੱਤਦੀ ਆਈ ਹੈ। ਇਸ ਵਾਰ ਚੋਣਾਂ ਦਾ ਕੀ ਨਤੀਜਾ ਨਿਕਲੇਗਾ ਇਹ 23 ਮਈ ਨੂੰ ਪਤਾ ਲੱਗੇਗਾ ਪਰ ਮੁਕਾਬਲਾ ਬੇਹੱਦ ਦਿਲਚਸਪ ਨਜ਼ਰ ਆ ਰਿਹਾ ਹੈ।
ਚੰਡੀਗੜ੍ਹ 'ਚ ਕਾਂਗਰਸ ਨੂੰ ਵੱਡਾ ਝਟਕਾ, ਪੂਨਮ ਸ਼ਰਮਾ 'ਭਾਜਪਾ' 'ਚ ਸ਼ਾਮਲ
NEXT STORY