ਰੂਪਨਗਰ (ਸੱਜਣ ਸੈਣੀ)— 19 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਦੀ ਕੱਲ 23 ਮਈ ਨੂੰ ਹੋਣ ਵਾਲੀ ਗਿਣਤੀ ਨੂੰ ਲੈ ਕੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਗਿਣਤੀ ਕੇਂਦਰ 'ਤੇ ਗਿਣਤੀ ਦੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਰੂਪਨਗਰ ਦੇ ਸਰਕਾਰੀ ਕਾਲਜ ਵਿਖੇ ਬਣਾਏ ਗਿਣਤੀ ਕੇਂਦਰ 'ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਰੂਪਨਗਰ ਕਾਲਜ 'ਚ ਜ਼ਿਲਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੇ 634 ਬੂਥਾਂ 'ਤੇ ਪਈਆਂ ਵੋਟਾਂ ਗਿਣਤੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ। ਇਸ ਵਾਰ ਚੋਣ ਕਮਿਸ਼ਨ ਵੱਲੋਂ ਗਿਣਤੀ ਕੇਂਦਰ ਦੇ ਬਾਹਰ ਆਮ ਲੋਕਾਂ ਨੂੰ ਗਿਣਤੀ ਦੀਆਂ ਲਾਈਵ ਕਵਰੇਜ ਦਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸਮਿਤ ਜਰੰਗਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਿਣਤੀ ਦੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਇਸ ਵਾਰ ਗਿਣਤੀ 'ਚ ਸਮਾਂ ਲੱਗ ਸਕਦਾ ਹੈ ਕਿਉਂਕਿ ਇਸ ਵਾਰ ਜ਼ਿਲੇ ਦੇ ਬਾਹਰ ਆਰਮੀ ਮੁਲਾਜਮਾਂ ਦੀਆਂ ਵੋਟਾਂ ਜੋ ਕਿ ਬੈਲਟ ਪੇਪਰ ਰਾਹੀ ਪਈਆਂ ਹਨ ਉਹ ਵੀ ਡਾਕ ਰਾਹੀ ਗਿਣਤੀ ਕੇਂਦਰ 'ਤੇ ਪਹੁੰਚ ਰਹੀਆਂ ਹਨ। ਇਸ ਦੇ ਇਲਾਵਾ ਪੰਜ ਵੀ. ਵੀ. ਪੈਟ ਮਸ਼ੀਨਾਂ ਦੀਆਂ ਪਰਚੀਆਂ ਦੀ ਗਿਣਤੀ ਦਾ ਵੀ ਮਸ਼ੀਨਾਂ ਦੇ ਅੰਕੜਿਆਂ ਨਾਲ ਮਿਲਾਨ ਕੀਤਾ ਜਾਣਾ ਹੈ, ਇਸ ਲਈ ਗਿਣਤੀ 'ਚ ਸ਼ਾਮ 6 ਜਾਂ 7 ਵਜੇ ਤੱਕ ਦਾ ਸਮਾਂ ਹੋ ਸਕਦਾ ਹੈ।

ਦੱਸ ਦੇਈਏ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ 26 ਉਮੀਦਵਾਰ ਚੋਣ ਮੈਦਾਨ 'ਚ ਹਨ ਪਰ ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਦੱਸਿਆ ਜਾ ਰਿਹਾ ਹੈ। ਵੀਰਵਾਰ ਵੋਟਾਂ ਦੀ ਗਿਣਤੀ ਦੇ ਬਾਅਦ ਜਨਤਾ ਦੀ ਕਚਹਿਰੀ 'ਚ ਫੈਸਲਾ ਆਵੇਗਾ ਕਿ ਜਨਤਾ ਨੇ ਕਿਸ ਦੇ ਸਿਰ ਤਾਜ ਸਜਾਇਆ ਹੈ ਪਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦਾ ਇਹ ਇਤਿਹਾਸ ਵੀ ਹੈ ਕਿ ਭਾਵੇਂ ਲੋਕ ਸਭਾ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਚੋਣਾਂ ਜਿਸ ਵੀ ਪਾਰਟੀ ਦਾ ਉਮੀਦਵਾਰ ਇਸ ਹਲਕੇ ਤੋਂ ਜਿੱਤਦਾ ਹੈ, ਸਰਕਾਰ ਵੀ ਉਸੇ ਪਾਰਟੀ ਦੀ ਬਣਦੀ ਹੈ। ਕਿਉਂਕਿ ਜਦੋਂ ਮੋਜੂਦ ਐੱਮ. ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 2014 ਦੀਆਂ ਲੋਕ ਸਭਾ ਚੋਣਾਂ ਇਸ ਹਲਕੇ ਤੋਂ ਜਿੱਤੇ ਸਨ ਤਾਂ ਕੇਂਦਰ 'ਚ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਬਣੀ, ਇਸੇ ਤਰ੍ਹਾਂ ਜਦੋਂ 2009 'ਚ ਕਾਂਗਰਸ ਪਾਰਟੀ ਤੋਂ ਰਵਨੀਤ ਸਿੰਘ ਬਿਟੂ ਇਸ ਹਲਕੇ ਤੋਂ ਐਮਪੀ ਬਣੇ ਤਾਂ ਕੇਂਦਰ 'ਚ ਸਰਕਾਰ ਵੀ ਕਾਂਗਰਸ ਦੀ ਹੀ ਬਣੀ ਸੀ।
ਔਜਲਾ ਨੇ ਪੋਲਿੰਗ ਬੂਥ ਦਾ ਲਿਆ ਜਾਇਜ਼ਾ
NEXT STORY