ਫਾਜ਼ਿਲਕਾ (ਸੁਨੀਲ ਨਾਗਪਾਲ) : ਪਿਛਲੇ 25-30 ਸਾਲਾਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ 5 ਪਿੰਡਾਂ ਦੇ ਕਿਸਾਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਲੀਟਰਾਂ ਨੂੰ ਸਖਤ ਤਾੜਨਾ ਕੀਤੀ ਹੈ। ਬਾਦਲ ਤੇ ਘੁਬਾਇਆ ਦੇ ਹਲਕਿਆਂ 'ਚ ਆਉਂਦੇ ਇਨ੍ਹਾਂ 5 ਪਿੰਡਾਂ ਦੇ ਕਿਸਾਨਾਂ ਨੇ ਆਪਣਾ ਹੱਕ ਲੈਣ ਲਈ ਹੁਣ ਕਮਰ ਕੱਸ ਲਈ ਹੈ ਤੇ ਉਮੀਦਵਾਰਾਂ ਨੂੰ ਚਿਤਾਵਨੀ ਲਿਖ ਕੇ ਪਿੰਡ ਦੇ ਬਾਹਰ ਬੈਨਰ ਲਗਾ ਦਿੱਤਾ ਹੈ ਕਿ ਜੇਕਰ ਵੋਟ ਚਾਹੀਦੀ ਹੈ ਤਾਂ ਪਹਿਲਾਂ ਸਾਡੀ ਮੰਗ ਪੂਰੀ ਕੀਤੀ ਜਾਵੇ। ਦਰਅਸਲ, ਹਲਕਾ ਬੱਲੂਆਣਾ ਤੇ ਲੰਬੀ ਮਾਈਨਰ 'ਤੇ ਪੈਂਦੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕਦੇ ਲੋੜ ਮੁਤਾਬਕ ਨਹਿਰੀ ਪਾਣੀ ਨਹੀਂ ਮਿਲਿਆ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਲੀਡਰਾਂ ਤੱਕ ਉਹ ਫਰਿਆਦ ਲੈ ਕੇ ਪਹੁੰਚੇ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਕਿਸਾਨ ਬਜਿੱਦ ਹਨ ਕਿ ਲੀਡਰ ਆਪ ਆ ਕੇ ਉਨ੍ਹਾਂ ਦੀ ਮੰਗ ਨੂੰ ਲਿਖਤੀ ਰੂਪ 'ਚ ਮੰਨਣ ਤਾਂ ਉਹ ਵੋਟ ਪਾਉਣਗੇ ਨਹੀਂ ਤਾਂ ਉਹ ਵੋਟ ਨਹੀਂ ਪਾਉਣਗੇ।

ਉਧਰ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਿਸਾਨਾਂ ਦੀ ਇਸ ਸਮੱਸਿਆ ਦਾ ਭਾਂਡਾ ਬਾਦਲਾਂ ਦੇ ਸਿਰ ਭੰਨਦੇ ਹੋਏ ਕਿਹਾ ਕਿ ਚੋਣਾਂ ਤੋਂ ਬਾਅਦ ਉਹ ਕੈਪਟਨ ਸਰਕਾਰ ਤੋਂ ਕਿਸਾਨਾਂ ਦੀ ਇਸ ਸਮੱਸਿਆ ਨੂੰ ਜ਼ਰੂਰ ਹੱਲ ਕਰਵਾਉਣਗੇ। ਹਾਲਾਂਕਿ ਸਬੰਧਤ ਅਧਿਕਾਰੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਣਦਾ ਪਾਣੀ ਮਿਲ ਰਿਹਾ ਹੈ।
ਅਕਸਰ ਮੰਗਾਂ ਨੂੰ ਲੈ ਕੇ ਲੀਡਰਾਂ ਦੇ ਤਰਲੇ ਕਰਨ ਵਾਲੇ ਵੋਟਰਾਂ ਦੀ ਚੋਣਾਂ ਦੇ ਦਿਨਾਂ 'ਚ ਇਹ ਚਿਤਾਵਨੀ ਕੀ ਰੰਗ ਲਿਆਉਂਦੀ ਹੈ ਤੇ ਕੀ ਟੇਲਾਂ 'ਤੇ ਪੈਂਦੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਇਹ ਸਮੱਸਿਆ ਹੱਲ ਹੁੰਦੀ ਹੈ। ਇਹ ਤਾਂ ਸਮਾਂ ਹੀ ਦੱਸੇਗਾ, ਬਹਿਰਹਾਲ ਕਿਸਾਨ ਆਪਣੀ ਮੰਗ 'ਤੇ ਡਟੇ ਹੋਏ ਹਨ ਅਤੇ ਪਾਣੀ ਤੋਂ ਬਿਨਾਂ ਵੋਟ ਪਾਉਣ ਨੂੰ ਤਿਆਰ ਨਹੀਂ ਜਾਪਦੇ।
ਪੰਜਾਬ ਪੁਲਸ ਤੇ ਨੌਜਵਾਨਾਂ 'ਚ ਖੜਕੀ, ਵੀਡੀਓ ਵਾਇਰਲ
NEXT STORY