ਸੰਗਰੂਰ— 17ਵੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਹਰ ਇਕ ਸਿਆਸੀ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ। ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਸੰਗਰੂਰ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਬੀ ਭੱਠਲ ਭਗਵੰਤ ਮਾਨ ਵਿਰੁੱਧ ਚੋਣ ਲੜਨ ਲਈ ਤਿਆਰ ਹਨ। ਭੱਠਲ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਜ਼ਰੂਰ ਲੜਨਗੇ।
ਭੱਠਲ ਮੁਤਾਬਕ ਸੰਗਰੂਰ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਹੈ ਕਿ ਪੰਜਾਬੀਆਂ ਨੇ 'ਆਪ' ਦਾ ਰੰਗ -ਢੰਗ ਦੇਖ ਲਿਆ ਹੈ। ਅਕਾਲੀ ਅਤੇ ਆਪ ਦਾ ਪੰਜਾਬ ਵਿਚ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ।
ਜੇਕਰ ਸੰਗਰੂਰ ਹਲਕੇ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦੇ ਹੋਏ 4 ਸੀਟਾਂ ਜਿੱਤੀਆਂ ਸਨ। ਪਾਰਟੀ ਦੀ ਸਭ ਤੋਂ ਵੱਡੀ ਜਿੱਤ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਸੀ, ਜਿੱਥੇ ਭਗਵੰਤ ਮਾਨ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਹ ਸੂਬੇ ਵਿਚ ਲੋਕ ਸਭਾ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਸੀ। ਪਿਛਲੇ ਸਮੇਂ ਦੌਰਾਨ ਸੰਗਰੂਰ ਦੇ ਸਿਆਸੀ ਹਾਲਾਤ ਵੀ ਬਦਲ ਚੁੱਕੇ ਹਨ। ਅਜਿਹੇ ਵਿਚ ਭਗਵੰਤ ਮਾਨ ਦੀ ਸੰਗਰੂਰ ਦੀ ਲੜਾਈ ਇੰਨੀ ਆਸਾਨ ਨਹੀਂ ਹੋਵੇਗੀ। ਹੁਣ ਜਦੋਂ ਆਮ ਆਦਮੀ ਪਾਰਟੀ ਵੀ ਦੋ ਧੜਿਆਂ ਵਿਚ ਵੰਡੀ ਗਈ ਹੈ ਅਤੇ ਖਹਿਰਾ ਧੜਾ ਵੀ ਖੁੱਲ੍ਹ ਕੇ ਪਾਰਟੀ ਦੀ ਮੁਖਾਲਫਤ ਕਰ ਰਿਹਾ ਹੈ ਤਾਂ ਲਿਹਾਜ਼ਾ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਣੀਆਂ ਸੁਭਾਵਕ ਹਨ। ਆਓ ਤੁਹਾਨੂੰ ਤੱਥਾਂ ਦੇ ਆਧਾਰ 'ਤੇ ਦੱਸਦੇ ਹਾਂ ਕਿ ਸੰਗਰੂਰ 'ਚ ਭਗਵੰਤ ਮਾਨ ਦਾ ਸਿਆਸੀ ਗਣਿਤ ਕਿਸ ਤਰ੍ਹਾਂ ਵਿਗੜ ਰਿਹਾ ਹੈ।
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਤਹਿਤ ਆਉਂਦੀਆਂ ਵਿਧਾਨ ਸਭਾ ਦੀਆਂ 9 'ਚੋਂ 8 ਸੀਟਾਂ 'ਤੇ ਕਬਜ਼ਾ ਕੀਤਾ ਸੀ ਪਰ 2017 ਚੋਣਾਂ ਦੌਰਾਨ ਭਗਵੰਤ ਮਾਨ ਦੀ ਇਹ ਬੜ੍ਹਤ 5 ਸੀਟਾਂ 'ਤੇ ਸਿਮਟ ਕੇ ਰਹਿ ਗਈ। ਭਗਵੰਤ ਮਾਨ ਨੇ 2014 ਦੀਆਂ ਚੋਣਾਂ ਵਿਚ ਇਸ ਸੀਟ 'ਤੇ 5,33,237 ਵੋਟਾਂ ਹਾਸਲ ਕੀਤੀਆਂ ਸਨ ਪਰ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਦੀਆਂ 9 ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਨੂੰ 4,07,259 ਹਾਸਲ ਹੋਈਆਂ ਹਨ। ਭਾਵ ਪਾਰਟੀ ਨੇ ਪਿਛਲੇ ਕੁਝ ਸਾਲਾਂ 'ਚ ਹੀ ਇਸ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਤੇ 1,25,978 ਵੋਟਾਂ ਗਵਾ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 2014 ਵਿਚ ਇਸ ਸੀਟ 'ਤੇ ਸਿਰਫ 1,81,410 ਵੋਟਾਂ ਹਾਸਲ ਹੋਈਆਂ ਸਨ ਪਰ 2017 ਵਿਚ ਪਾਰਟੀ ਨੂੰ 3,87,158 ਵੋਟਾਂ ਹਾਸਲ ਹੋਈਆਂ। ਭਾਵ ਕਾਂਗਰਸ ਨੂੰ ਇਸ ਸੀਟ 'ਤੇ 2,05,748 ਵੋਟਾਂ ਦਾ ਫਾਇਦਾ ਹੋਇਆ ਹੈ। ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਦੌਰਾਨ ਹਾਲਾਂਕਿ ਸੀਟਾਂ ਦੇ ਲਿਹਾਜ਼ ਨਾਲ ਜ਼ਿਆਦਾ ਸਫਲ ਨਹੀਂ ਰਿਹਾ ਅਤੇ ਲਹਿਰਾ ਸੀਟ 'ਤੇ ਹੀ ਜਿੱਤ ਹਾਸਲ ਕਰ ਸਕਿਆ ਪਰ ਸੰਗਰੂਰ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ ਵਿਧਾਨ ਸਭਾ ਸੀਟਾਂ 'ਤੇ ਅਕਾਲੀ ਦਲ ਨੂੰ 2014 ਦੇ ਮੁਕਾਬਲੇ 38,629 ਵੋਟਾਂ ਦਾ ਫਾਇਦਾ ਹੋਇਆ ਸੀ। ਅਕਾਲੀ ਦਲ ਨੂੰ 2014 ਵਿਚ ਸੀਟ 'ਤੇ 3,21,516 ਵੋਟਾਂ ਹਾਸਲ ਹੋਈਆਂ ਸਨ, ਜੋ ਇਸ ਸਾਲ 3,60, 145 ਹੋ ਗਈਆਂ ਸਨ।
ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ 'ਤੇ ਬੋਲੇ ਸੁਖਬੀਰ ਬਾਦਲ
NEXT STORY