ਮੋਗਾ (ਆਜ਼ਾਦ) : ਅਣਪਛਾਤੇ ਲੁਟੇਰਿਆਂ ਵੱਲੋਂ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਵਾਂਦਰ ਵਿਖੇ ਇਕ ਕਿਸਾਨ ਜਗਦੇਵ ਸਿੰਘ ਕੋਲੋਂ 1 ਲੱਖ ਰੁਪਏ ਦੀ ਨਕਦੀ ਜ਼ਬਰਦਸਤੀ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਕਿਸਾਨ ਜਗਦੇਵ ਸਿੰਘ ਨੇ ਖੇਤ 'ਚ ਝੋਨਾ ਲਾਉਣ ਆਏ ਮਜ਼ਦੂਰਾਂ ਅਤੇ ਹੋਰ ਘਰੇਲੂ ਕੰਮਾਂ ਲਈ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬਗਰਾੜੀ 'ਚੋਂ 2 ਲੱਖ ਰੁਪਏ ਕਢਵਾਏ ਸਨ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਪੈਸੇ ਲੈ ਕੇ ਵਾਪਸ ਪਿੰਡ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਨੇ ਗਲੋਟੀ ਖਾਦ ਸਟੋਰ ਵਾਲਿਆਂ ਨੂੰ 28 ਹਜ਼ਾਰ ਰੁਪਏ ਦੇ ਦਿੱਤੇ ਅਤੇ 22 ਹਜ਼ਾਰ ਰੁਪਏ ਬੈਗ 'ਚੋਂ ਕੱਢ ਕੇ ਆਪਣੇ ਪਰਸ 'ਚ ਪਾ ਲਏ।
ਜਦੋਂ ਜਗਦੇਵ ਸਿੰਘ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਕੱਚਾ ਰੋਡ ਪਿੰਡ ਵਾਦਰ ਆ ਰਿਹਾ ਸੀ ਤਾਂ ਪਿਛੋਂ 2 ਨੌਜਵਾਨ ਲੁਟੇਰੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਕੋਲੋਂ 1 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ, ਜਿਸ ’ਤੇ ਉਸ ਨੇ ਰੋਲਾ ਵੀ ਪਾਇਆ ਪਰ ਉਹ ਭੱਜਣ 'ਚ ਸਫਲ ਹੋ ਗਏ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਉਹ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕਰ ਰਹੇ ਹਨ, ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਵਿਆਹੁਤਾ ਜੋੜੇ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਵਕਤ ਵੀ ਆਵੇਗਾ...
NEXT STORY