ਅੰਮ੍ਰਿਤਸਰ, (ਪ੍ਰਵੀਨ ਪੁਰੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਤੇ ਅਜਨਾਲਾ ਅਧੀਨ ਆਉਂਦੀਆਂ ਵੱਖ-ਵੱਖ ਰੇਤ ਖੱਡਾਂ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਲੋਕ ਉਠ ਖੜ੍ਹੇ ਹੋਏ ਹਨ। ਪੰਜਾਬ ਸਰਕਾਰ ਪਹਿਲਾਂ ਹੀ ਮਾਈਨਿੰਗ ਦੇ ਮਾਮਲੇ 'ਚ ਬੁਰੀ ਤਰ੍ਹਾਂ ਘਿਰੀ ਹੋਣ ਕਾਰਨ ਮਾਈਨਿੰਗ ਦੇ ਮਾਮਲੇ 'ਚ ਸਿੱਧੀਆਂ ਸ਼ਿਕਾਇਤਾਂ ਕਰਨ ਲਈ ਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਸਰਹੱਦੀ ਦੋਵਾਂ ਹਲਕਿਆਂ 'ਚ ਸਿਰਫ ਇਕ ਸਰਕਾਰੀ ਖੱਡ ਨੂੰ ਛੱਡ ਕੇ ਬਾਕੀ ਸਾਰੀਆਂ ਖੱਡਾਂ 'ਚ ਧੜੱਲੇ ਨਾਲ ਮਾਈਨਿੰਗ ਹੋ ਰਹੀ ਹੈ।
ਪੁਲਸ, ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਅੱਗੇ ਆਮ ਲੋਕਾਂ ਦੀ ਕੋਈ ਵੀ ਨਾ ਚੱਲਦੀ ਹੋਣ ਕਰ ਕੇ ਅੱਜ ਆਪਣੇ ਪੈਰਾਂ ਹੇਠਲੀ ਧਰਤੀ ਖਿਸਕਦੀ ਦੇਖ ਕੇ ਲੋਕ ਆਪੇ ਤੋਂ ਬਾਹਰ ਹੋ ਗਏ ਅਤੇ ਪਿੰਡ ਘੋਨੇਵਾਲ ਵਿਚ ਹਾਲ 'ਚ ਹੀ ਬਣਾਈ ਗਈ ਰੇਤ ਮਾਫੀਆ ਵੱਲੋਂ ਨਵੀਂ ਖੱਡ ਵਿਰੁੱਧ ਮੋਰਚਾ ਲਾ ਦਿੱਤਾ ਗਿਆ। ਅੱਜ ਜਦੋਂ ਇਸ ਖੱਡ 'ਚੋਂ ਸ਼ਰੇਆਮ 15 ਦੇ ਕਰੀਬ ਟਰਾਲੀਆਂ ਭਰ ਕੇ ਕੱਢੀਆਂ ਗਈਆਂ ਤਾਂ ਲੋਕ ਅੱਗੇ ਆ ਖੜ੍ਹੇ ਹੋਏ। ਪੁਲਸ ਅਤੇ ਮਾਈਨਿੰਗ ਵਿਭਾਗ ਨੇ ਇਸ ਮਾਮਲੇ ਨੂੰ ਕੁਝ ਅਜਿਹੇ ਤਰੀਕੇ ਨਾਲ ਖੁਰਦ-ਬੁਰਦ ਕੀਤਾ ਕਿ ਅੱਜ ਰੇਤਾ ਦੀਆਂ ਭਰ ਕੇ ਨਿਕਲੀਆਂ ਟਰਾਲੀਆਂ ਨੂੰ ਗਾਇਬ ਹੀ ਕਰ ਦਿੱਤਾ ਗਿਆ।
ਕਈ ਲੋਕਾਂ ਦੀ ਜ਼ਿੰਦਗੀ ਨੂੰ ਨਿਗਲਿਆ
ਰਾਵੀ ਦਰਿਆ ਨੇੜੇ ਸਥਿਤ ਹੋ ਰਹੀ ਮਾਈਨਿੰਗ ਨੇ ਕਈ ਲੋਕਾਂ ਦੀ ਜ਼ਿੰਦਗੀ ਨੂੰ ਨਿਗਲ ਵੀ ਲਿਆ ਹੈ ਪਰ ਇਸ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰੇਤ ਮਾਫੀਆ ਦਾ ਪ੍ਰਭÎਾਵ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉੱਚ ਅਧਿਕਾਰੀਆਂ ਅਤੇ ਪੁਲਸ ਦੀ ਮਿਲੀਭੁਗਤ ਨਾਲ ਰੇਤ ਮਾਫੀਆ ਦੇ ਡਰੋਂ ਪਿੰਡ ਦੇ ਲੋਕਾਂ ਨੇ ਆਪਣੇ ਨਾਂ ਛੁਪਾਉਂਦਿਆਂ ਕੁਝ ਆਗੂਆਂ ਦੇ ਨਾਂ ਤੱਕ ਲੈ ਦਿੱਤੇ, ਜਿਨ੍ਹਾਂ ਵੱਲੋਂ ਸ਼ਹਿ ਦੇ ਕੇ ਮਾਈਨਿੰਗ ਕਰਵਾਈ ਜਾ ਰਹੀ ਹੈ। ਕਾਨੂੰਨੀ ਤੌਰ 'ਤੇ ਵਰਮੇ ਨਾਲ ਰੇਤਾ ਕੱਢਣ ਦੀ ਇਜਾਜ਼ਤ ਨਹੀਂ ਹੈ ਪਰ ਜੇ. ਸੀ. ਬੀ. ਮਸ਼ੀਨਾਂ ਲਾ ਕੇ ਸਰਹੱਦੀ ਖੱਡਾਂ 'ਚ ਹੋ ਰਹੀ ਮਾਈਨਿੰਗ ਨੇ ਜ਼ਿਲਾ ਅਫਸਰਾਂ ਦੀ ਕਾਰਗੁਜ਼ਾਰੀ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।
ਨਹੀਂ ਹੋ ਸਕਿਆ ਅਧਿਕਾਰੀਆਂ ਨਾਲ ਸੰਪਰਕ
ਸਬੰਧਤ ਅਧਿਕਾਰੀਆਂ ਨਾਲ ਵਾਰ-ਵਾਰ ਫੋਨ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ, ਜਦੋਂਕਿ ਘੋਨੇਵਾਲ ਤੋਂ ਇਲਾਵਾ ਕੋਟ ਰਜਾਦਾ ਵਿਖੇ ਵੀ ਇਕ ਨਹੀਂ, 2 ਨਹੀਂ, 3 ਵਰਮੇ ਲਾ ਕੇ ਹੋ ਰਹੀ ਮਾਈਨਿੰਗ ਵੀ ਵਿਭਾਗ ਨੂੰ ਨਜ਼ਰ ਨਹੀਂ ਆ ਰਹੀ। ਪਿੰਡ ਬੱਲੜਵਾਲ ਦੀ ਖੱਡ 'ਤੇ ਵੀ ਲੋਕਾਂ ਵੱਲੋਂ ਧਰਨੇ ਦਿੱਤੇ ਗਏ ਪਰ ਕੀ ਮਜ਼ਾਲ ਕਿ ਵਿਭਾਗ ਦੇ ਕੰਨਾਂ 'ਤੇ ਜੂੰ ਵੀ ਸਰਕੀ ਹੋਵੇ। ਸਾਰਗੜਾ 'ਚ 6 ਤੇ ਸਾਹੋਵਾਲ 'ਚ 3 ਨਾਜਾਇਜ਼ ਖੱਡਾਂ ਤੋਂ ਇਲਾਵਾ ਦਰਿਆ 'ਚੋਂ ਸਿੱਧੇ ਹੀ ਵਰਮੇ ਲਾ ਕੇ ਕੱਢੀ ਜਾ ਰਹੀ ਰੇਤਾ ਕਈਆਂ ਦੀਆਂ ਅੱਖਾਂ ਵਿਚ ਰੜਕ ਰਹੀ ਹੈ।
ਸਿਆਸੀ ਦਬਾਅ ਹੇਠ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼
ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕਰਨ 'ਤੇ 10 ਟਰੈਕਟਰ-ਟਰਾਲੀਆਂ, ਟਰੱਕ ਅਤੇ ਛੋਟੇ ਵਾਹਨ ਖੜ੍ਹੇ ਹੋਣ ਦੀ ਕੁਝ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਪਰ ਬਾਅਦ ਵਿਚ ਭੁਲੇਖਾ ਪੈ ਗਿਆ ਕਹਿ ਕੇ ਇਨਕਾਰ ਕਰ ਦਿੱਤਾ। ਪਤਾ ਲੱਗਾ ਹੈ ਕਿ ਇਨ੍ਹਾਂ ਵਾਹਨਾਂ ਨੂੰ ਸਿਆਸੀ ਦਬਾਅ ਹੇਠ ਰਫਾ-ਦਫਾ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਦੇ ਪਿੱਛੇ ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਾਂਗਰਸੀ ਵਿਧਾਇਕਾਂ ਦਾ ਹੱਥ ਹੈ। ਹਿੰਦ-ਪਾਕਿ ਸਰਹੱਦ ਦੇ ਬਿਲਕੁਲ ਨਜ਼ਦੀਕ ਪਿੰਡ ਘੋਨੇਵਾਲ ਦੇ ਨੇੜੇ ਹੀ ਕਮਾਲਪੁਰ ਪੁਲਸ ਚੌਕੀ ਹੈ। ਪੰਜਾਬ ਸਰਕਾਰ ਵੱਲੋਂ ਹਾਲ 'ਚ ਹੀ ਰੇਤ ਦੀਆਂ ਖੱਡਾਂ ਦੀਆਂ ਕਰਵਾਈਆਂ ਗਈਆਂ ਬੋਲੀਆਂ ਵਿਚ ਸਿਰਫ ਨੇੜੇ ਹੀ ਸਥਿਤ ਚਾਹੜਪੁਰ ਬੁਰਜੀ ਨੰਬਰ 5 ਨੂੰ ਹੀ ਠੇਕੇ 'ਤੇ ਦਿੱਤਾ ਗਿਆ ਹੈ। ਇਥੇ ਵੀ ਰੇਤਾ ਦੀ ਖੋਦਾਈ ਗੈਰ-ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹੈ। ਤਕਰੀਬਨ 70 ਤੋਂ 75 ਫੁੱਟ ਹੇਠਾਂ ਜਾ ਕੇ ਵਰਮੇ ਨਾਲ ਰੇਤਾ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। 70 ਫੁੱਟ ਤੋਂ ਵੱਧ ਡੂੰਘੀਆਂ ਥਾਵਾਂ ਤੋਂ ਵਰਮੇ ਰਾਹੀਂ ਇੰਝ ਰੇਤਾ ਬਾਹਰ ਕੱਢੀ ਜਾ ਰਹੀ ਹੈ ਜਿਵੇਂ ਪਾਣੀ ਬੰਬੀ ਰਾਹੀਂ ਬਾਹਰ ਕੱਢਿਆ ਜਾਂਦਾ ਹੈ।
ਪਾਕਿਸਤਾਨ ਵੱਲੋਂ ਛੱਡਿਆ ਪਾਣੀ , ਸਰਹੱਦੀ ਕਿਸਾਨਾਂ ਦੀਆਂ ਫਸਲਾਂ ਹੋਈਆਂ ਖ਼ਰਾਬ
NEXT STORY