ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਇੱਥੇ ਐਤਵਾਰ ਦੀ ਰਾਤ ਨੂੰ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ-3 ਵਿਖੇ ਲੁੱਟ ਦੀ ਨੀਅਤ ਨਾਲ ਘਰ 'ਚ ਵੜੇ ਲੁਟੇਰਿਆਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਘਰ 'ਚ ਮੌਜੂਦ ਔਰਤਾਂ ਨੇ ਚੀਕ-ਚਿਹਾੜਾ ਪਾ ਕੇ ਲੋਕ ਇਕੱਠੇ ਕਰ ਲਏ। ਇਸ ਦੌਰਾਨ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ ਬਾਕੀ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਜਖ਼ਮੀ ਪਰਮਜੀਤ ਕੌਰ ਨੇ ਦੱਸਿਆ ਬੀਤੀ ਰਾਤ ਘਰ 'ਚ ਉਸ ਸਮੇਤ ਛਿੰਦਰਪਾਲ ਕੌਰ ਅਤੇ ਰਮਨਦੀਪ ਕੌਰ ਮੌਜੂਦ ਸਨ ਅਤੇ ਰਾਤ ਦੀ ਰੋਟੀ ਦਾ ਕੰਮ ਨਿਬੇੜ ਕੇ ਉਹ ਬੈਠੀਆਂ ਗੱਲਾਂ ਕਰ ਰਹੀਆਂ ਸਨ। ਪਰਮਜੀਤ ਕੌਰ ਦਾ ਬੇਟਾ ਕਮਲ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ। ਇਸੇ ਦੌਰਾਨ ਤਿੰਨ ਵਿਅਕਤੀ ਘਰ ਅੰਦਰ ਦਾਖਲ ਹੋਏ ਅਤੇ ਇਕਦਮ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਪਰਮਜੀਤ ਮੁਤਾਬਕ ਉਕਤ ਵਿਅਕਤੀ ਉਨ੍ਹਾਂ ਨੂੰ ਖਿੱਚ ਕੇ ਇੱਕ ਕਮਰੇ ਵਿਚ ਬੰਦ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਵੱਲੋਂ ਚੀਕ-ਚਿਹਾੜਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਤਰ ਹੋ ਗਏ ਅਤੇ ਲੁਟੇਰੇ ਫਰਾਰ ਹੋ ਗਏ, ਜਦੋਂ ਕਿ ਇਕ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਜ਼ਖ਼ਮੀ ਤਿੰਨੋਂ ਔਰਤਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨੀ ਕਰਜ਼ਿਆਂ ਨੂੰ ਲੈ ਕੇ ਬਣਾਇਆ ਕਾਨੂੰਨ : ਬਾਦਲ
NEXT STORY