ਚੰਡੀਗੜ੍ਹ (ਰਮਨਜੀਤ) - ਕਿਸੇ ਸਮੇਂ ਪੂਰੀ ਦੁਨੀਆ ਦੇ ਕੋਨੇ-ਕੋਨੇ ’ਚ ਵਸਣ ਵਾਲੇ ਐੱਨ. ਆਰ. ਆਈ. ਪੰਜਾਬੀਆਂ ’ਤੇ ਮਾਣ ਕਰਨ ਵਾਲੇ ਪੰਜਾਬ ’ਚ ਹੁਣ ਐੱਨ. ਆਰ. ਆਈਜ਼ ਨੂੰ ਲੈ ਕੇ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਜਿੱਥੇ ਦੇਸ਼ ਭਰ ’ਚ ਵਿਦੇਸ਼ ਯਾਤਰਾ ਤੋਂ ਵਾਪਸ ਆਏ ਲੋਕ ਅਤੇ ਐੱਨ. ਆਰ. ਆਈਜ਼ ਨੂੰ ‘ਗਵਾਚਿਆ ਗੁਰਬਖਸ਼’ ਨਾਮਕ ਮੁਹਿੰਮ ਤਹਿਤ ਲੱਭਣ ਦਾ ਕੰਮ ਚੱਲ ਰਿਹਾ ਹੈ, ਉਥੇ ਹੀ ਪੰਜਾਬ ’ਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਲੈ ਕੇ ਵੀ ਬਡ਼ੀ ਉਲਝਣ ਭਰੀ ਸਥਿਤੀ ਬਣੀ ਹੋਈ ਹੈ। ਪੰਜਾਬ ਪੁਲਸ ਦੀ ਇਸ ਮੁਹਿੰਮ ਲਈ ਅਜੇ ਤੱਕ ਗਾਇਕ ਦਿਲਜੀਤ ਦੋਸਾਂਝ, ਸਿੱਧੂ ਮੂਸੇਵਾਲਾ, ਬੱਬੂ ਮਾਨ ਜਿਹੇ ਕਲਾਕਾਰ ਆਪਣੇ-ਆਪਣੇ ਤਰੀਕੇ ਨਾਲ ਗੀਤ ਅਤੇ ਹੋਰ ਗਵਾਚੇ ਗੁਰਬਖਸ਼ ਨੂੰ ਲੱਭਣ ’ਚ ਮਦਦ ਲਈ ਅਪੀਲ ਕਰ ਚੁੱਕੇ ਹਨ।
ਆਲਮ ਇਹ ਹੈ ਕਿ ਪੰਜਾਬ ਸਰਕਾਰ ਕਦੇ ਵਿਦੇਸ਼ਾਂ ਤੋਂ ਆਉਣ ਵਾਲੇ ਇਨ੍ਹਾਂ ਲੋਕਾਂ ਦੀ ਗਿਣਤੀ 90 ਹਜ਼ਾਰ ਦੱਸਦੀ ਹੈ ਤਾਂ ਕਦੇ ਇਹ ਗਿਣਤੀ 55 ਹਜ਼ਾਰ ਦੇ ਆਸ-ਪਾਸ ਦੱਸੀ ਜਾਂਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਇਸ ਗੱਲ ਤੋਂ ਵੀ ਆਂਕਿਆ ਜਾ ਸਕਦਾ ਹੈ ਕਿ ਪੰਜਾਬ ’ਚ ਪੁੱਜੇ ਐੱਨ. ਆਰ. ਆਈਜ਼ ਨੂੰ ਲੱਭਣ ਲਈ ਪੰਜਾਬ ਪੁਲਸ ਦੇ ਨਾਲ-ਨਾਲ ਹੁਣ ਸਾਰੇ ਪਿੰਡਾਂ ਦੇ ਸਰਪੰਚਾਂ ਅਤੇ ਵੋਟਰ ਲਿਸਟਾਂ ਦੀ ਡਿਊਟੀ ’ਤੇ ਲੱਗੇ ਟੀਚਰਾਂ ਨੂੰ ਵੀ 10-10 ਪਿੰਡ ’ਚ ਜਾ ਕੇ ਖੁਫ਼ੀਆ ਤਰੀਕੇ ਨਾਲ ਜਾਣਕਾਰੀ ਜੁਟਾਉਣ ਨੂੰ ਕਿਹਾ ਗਿਆ ਹੈ। ਸੂਚਨਾ ਇਹ ਵੀ ਹੈ 1400 ਦੇ ਆਸ-ਪਾਸ ਐੱਨ. ਆਰ. ਆਈਜ਼ ਦਾ ਅਜੇ ਤੱਕ ਕੋਈ ਪਤਾ ਟਿਕਾਣਾ ਨਹੀਂ ਮਿਲ ਸਕਿਆ ਹੈ, ਇਸ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਇਨ੍ਹਾਂ ’ਚੋਂ ਕਈਆਂ ਦੇ ਪਾਸਪੋਰਟ ’ਤੇ ਦਰਜ ਪਤੇ ਬਦਲੇ ਹੋਏ ਹਨ ਅਤੇ ਨਵੇਂ ਪਤੇ ਲੱਭਣ ’ਚ ਮੁਸ਼ਕਲ ਹੋ ਰਹੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਇਕ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਨਾਲ ਜੂਝਣ ਲਈ ਪੰਜਾਬ ਸਰਕਾਰ ਨੂੰ 150 ਕਰੋਡ਼ ਰੁਪਏ ਦਾ ਫੰਡ ਜਾਰੀ ਕੀਤਾ ਜਾਵੇ।
ਇਸ ਪੱਤਰ ’ਚ ਮੰਤਰੀ ਸਿੱਧੂ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਉਪਲੱਬਧ ਡਾਟਾ ਮੁਤਾਬਿਕ ਪੰਜਾਬ ’ਚ 90,000 ਐੱਨ. ਆਰ. ਆਈਜ਼ ਆਉਣ ਦੀ ਸੂਚਨਾ ਕੇਂਦਰ ਸਰਕਾਰ ਵਲੋਂ ਭੇਜੀ ਗਈ ਹੈ। ਇੰਨੀ ਵੱਡੀ ਗਿਣਤੀ ਟ੍ਰੇਸ ਕਰਨ ਅਤੇ ਆਈਸੋਲੇਟ ਕਰਨ ਲਈ ਇਸ ਫੰਡ ਦੀ ਬਹੁਤ ਜ਼ਿਆਦਾ ਲੋੜ ਹੈ। ਸਰਕਾਰ ਦੇ ਐਡੀਸ਼ਨਲ ਚੀਫ਼ ਸੈਕਟਰੀ ਕੇ. ਬੀ. ਐੱਸ. ਸਿੱਧੂ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ’ਚ ਪਿਛਲੇ 1 ਮਹੀਨੇ ਦੌਰਾਨ ਆਏ ਐੱਨ. ਆਰ. ਆਈਜ਼ ਦੀ ਗਿਣਤੀ 55669 ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਭੇਜੀ ਗਈ ਸੂਚੀ ’ਚੋਂ ਕਈ ਤਾਂ ਵਾਪਸ ਵਿਦੇਸ਼ ਜਾ ਚੁੱਕੇ ਹਨ ਤੇ ਕਈ ਦੇ ਨਾਮ ਦੋ-ਦੋ ਜਾਂ ਤਿੰਨ-ਤਿੰਨ ਵਾਰ ਸ਼ਾਮਲ ਕੀਤੇ ਗਏ। ਉਨ੍ਹਾਂ ਨੂੰ ਹਟਾਉਣ ਤੋਂ ਬਾਅਦ ਇਹ ਗਿਣਤੀ ਹਾਸਲ ਹੋਈ ਹੈ। ਉਥੇ ਹੀ, ਇਕ ਹੋਰ ਸੂਚਨਾ ਮੁਤਾਬਿਕ ਪੰਜਾਬ ’ਚ ਐੱਨ. ਆਰ. ਆਈਜ਼ ਨੂੰ ਲੱਭਣ ’ਚ ਲਗਾਤਾਰ ਹੋ ਰਹੀ ਦੇਰੀ ਕਾਰਨ ਸਰਕਾਰ ਵਲੋਂ ਵੋਟਰ ਸੂਚੀਆਂ ਨੂੰ ਬਣਾਉਣ ਦੇ ਕੰਮ ’ਚ ਲੱਗੇ ਹੋਏ ਕਾਲਜ ਟੀਚਰਾਂ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ 10-10 ਪਿੰਡ ’ਚ ਵਿਜ਼ਿਟ ਕਰਨ ਅਤੇ ਐੱਨ. ਆਰ. ਆਈ. ਵਿਅਕਤੀਆਂ ਸਬੰਧੀ ਖੁਫੀਆ ਤੌਰ ’ਤੇ ਸੂਚਨਾ ਇਕੱਠੀ ਕਰਨ ਲਈ ਕਿਹਾ ਗਿਆ ਹੈ। ਇਸ ਲਈ ਉਨ੍ਹਾਂ ਨੂੰ ਪਿੰਡ ਦੇ ਮੌਜੂਦਾ ਸਰਪੰਚ-ਮੈਂਬਰਾਂ ਦੇ ਨਾਲ ਉਥੇ ਦੇ ਵਿਰੋਧੀ ਧੜੇ ਦੇ ਲੋਕਾਂ ਤੋਂ ਵੀ ਜਾਣਕਾਰੀ ਜੁਟਾਉਣ ਨੂੰ ਕਿਹਾ ਗਿਆ ਹੈ।
ਹੁਣ ਤੱਕ ਟ੍ਰੈਕ ਹੋਏ ਐੱਨ. ਆਰ. ਆਈਜ਼ ਦੀ ਗਿਣਤੀ
ਅੰਮ੍ਰਿਤਸਰ 9950
ਬਰਨਾਲਾ 588
ਬਠਿੰਡਾ 713
ਫਰੀਦਕੋਟ 427
ਫ਼ਤਹਿਗੜ੍ਹ ਸਾਹਿਬ 599
ਫਾਜ਼ਿਲਕਾ 182
ਫਿਰੋਜ਼ਪੁਰ 623
ਗੁਰਦਾਸਪੁਰ 1813
ਹੁਸ਼ਿਆਰਪੁਰ 6211
ਜਲੰਧਰ 13723
ਕਪੂਰਥਲਾ 1990
ਲੁਧਿਆਣਾ 9281
ਮਾਨਸਾ 148
ਮੋਗਾ 1342
ਪਠਾਨਕੋਟ 282
ਪਟਿਆਲਾ 1827
ਰੂਪਨਗਰ 968
ਸੰਗਰੂਰ 818
ਸਾਹਿਬਜ਼ਾਦਾ ਅਜੀਤ ਸਿੰਘ ਨਗਰ 1123
ਸ਼ਹੀਦ ਭਗਤ ਸਿੰਘ ਨਗਰ 1605
ਸ੍ਰੀ ਮੁਕਤਸਰ ਸਾਹਿਬ 250
ਤਰਨਤਾਰਨ 1071
ਜਿਨ੍ਹਾਂ ਦਾ ਜ਼ਿਲਾ ਹੀ ਨਹੀਂ ਪਤਾ 135
ਪੰਜਾਬ ਸਰਕਾਰ ਦਾ 'ਪਰਵਾਸੀ ਮਜ਼ਦੂਰਾਂ' ਲਈ ਵੱਡਾ ਫੈਸਲਾ, ਖੋਲ੍ਹੀਆਂ ਸਕੂਲ ਦੀਆਂ ਇਮਾਰਤਾਂ
NEXT STORY