ਜਲੰਧਰ (ਭਾਰਤੀ, ਜਸਮੀਤ)— ਰਿਸ਼ਤਾ ਲੰਬਾ ਨਿਭਾਉਣ ਦਾ ਸਭ ਤੋਂ ਚੰਗਾ ਫਾਰਮੂਲਾ ਹੈ ਕਿ ਕਦੇ ਆਪਣੀ ਜ਼ਿੰਦਗੀ ਵਿਚੋਂ ਸ਼ਰਾਰਤ ਨੂੰ ਦੂਰ ਨਾ ਹੋਣ ਦਿਓ। ਅਸਾਮ ਦੀ ਪਰਨੀਤੀ ਨਾਲ ਆਪਣਾ ਰਿਸ਼ਤਾ ਤਰੋ-ਤਾਜ਼ਾ ਹੋਣ ਪਿੱਛੇ ਪੁਲਸ ਡੀ. ਏ. ਵੀ. ਸਕੂਲ ਪੜ੍ਹਾਉਂਦੇ ਪਾਵੇਲ ਇਹੀ ਇਕ ਵਜ੍ਹਾ ਮੰਨਦੇ ਹਨ। ਅਸਾਮ ਦੀ ਗ੍ਰੈਜੂਏਟ ਪਰਨੀਤੀ ਨਾਲ ਪਾਵੇਲ ਦਾ ਵਿਆਹ ਸਾਲ ਪਹਿਲਾਂ ਹੀ ਹੋਇਆ ਹੈ। ਪਾਵੇਲ ਨਾਲ ਉਸ ਦੀ ਜਾਣ-ਪਛਾਣ ਫੇਸਬੁੱਕ 'ਤੇ ਹੋਈ ਸੀ। ਦਰਅਸਲ 17 ਸਾਲ ਪਹਿਲਾਂ ਇਕ ਹਾਦਸੇ ਕਾਰਨ ਪਾਵੇਲ ਸਪਾਈਨ ਕਾਰਡ ਇੰਜਰੀ ਦੇ ਸ਼ਿਕਾਰ ਹੋ ਗਏ ਸਨ। ਕਈ ਸਾਲ ਕਮਰੇ ਵਿਚ ਬਿਤਾਉਣ ਦੌਰਾਨ ਇਕ ਦਿਨ ਉਸ ਨੂੰ ਫੇਸਬੁੱਕ 'ਤੇ ਪਰਨੀਤੀ ਮਿਲੀ।
ਫੇਸਬੁੱਕ ਨੇ ਉਨ੍ਹਾਂ ਦੋਵਾਂ ਵਿਚਾਲੇ ਇਕ ਵਿਚੋਲੇ ਦਾ ਕੰਮ ਕੀਤਾ। ਉਹ ਮਿਲੇ ਤੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪਾਵੇਲ ਪਰਨੀਤੀ ਨਾਲ ਆਪਣੇ ਮਜ਼ਬੂਤ ਰਿਸ਼ਤੇ ਲਈ ਪਿਆਰ ਦੀ ਬਜਾਏ ਚਾਵਲ ਦੀ ਭੂਮਿਕਾ ਨੂੰ ਅਹਿਮ ਮੰਨਦੇ ਹਨ। ਉਹ ਕਹਿੰਦਾ ਹੈ ਕਿ ਪਰਨੀਤੀ ਅਸਾਮ ਤੋਂ ਹੈ ਅਤੇ ਚਾਵਲ ਖਾਣ ਦੀ ਬਹੁਤ ਸ਼ੌਕੀਨ ਹੈ। ਸਰਦੀਆਂ ਵਿਚ ਸਾਡੇ ਘਰ ਵਿਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬਣਿਆ ਹੁੰਦਾ ਹੈ ਤਾਂ ਉਹ ਘਰ ਵਿਚ ਇਕੱਲੀ ਅਜਿਹੀ ਮੈਂਬਰ ਹੁੰਦੀ ਸੀ ਜਿਸ ਦੀ ਥਾਲੀ ਵਿਚ ਤੁਹਾਨੂੰ ਚਾਵਲ ਹੀ ਨਜ਼ਰ ਆਉਣਗੇ। ਪਾਵੇਲ ਹੱਸਦਾ ਹੋਇਆ ਕਹਿੰਦਾ ਹੈ ਕਿ ਸਾਗ ਅਤੇ ਚਾਵਲ ਦਾ ਕਾਂਬੀਨੇਸ਼ਨ ਉਨ੍ਹਾਂ ਦੇ ਘਰ ਵਿਚ ਬਹੁਤ ਜ਼ਬਰਦਸਤ ਹੁੰਦਾ ਹੈ। ਪਰਨੀਤੀ ਨੂੰ ਚਾਵਲਾਂ ਨਾਲ ਪਿਆਰ ਹੈ ਅਤੇ ਮੈਨੂੰ ਉਸ ਨਾਲ। ਇਹ ਮੰਤਰ ਸਾਡੀ ਜ਼ਿੰਦਗੀ ਨੂੰ ਸਫਲਤਾ ਦੀ ਪੀੜ੍ਹੀ ਚੜ੍ਹਾਈ ਜਾ ਰਿਹਾ ਹੈ। ਨਹੀਂ ਤਾਂ ਉਂਝ ਤੁਸੀਂ ਹੀ ਸੋਚੋ ਕਿ ਚਾਵਲ ਨਾਲ ਸਾਗ ਕੌਣ ਖਾਂਦਾ ਹੈ।
ਵਿਆਹ ਤੋਂ ਇਕ ਦਿਨ ਪਹਿਲਾਂ ਮਿਲੇ ਸੀ
ਪਰਨੀਤੀ ਦੱਸਦੀ ਹੈ ਕਿ ਅਸੀਂ ਫੇਸਬੁੱਕ 'ਤੇ ਇਕ ਕਾਮਨ ਫ੍ਰੈਂਡ ਦੇ ਰਾਹੀਂ ਮਿਲੇ ਸੀ। ਮੈਨੂੰ ਇਨ੍ਹਾਂ ਨੇ ਫ੍ਰੈਂਡ ਰਿਕੁਐਸਟ ਭੇਜੀ ਸੀ। ਹੌਲੀ-ਹੌਲੀ ਗੱਲਾਂ ਸ਼ੁਰੂ ਹੋਈਆਂ ਅਤੇ ਸਾਨੂੰ ਲੱਗਾ ਕਿ ਅਸੀਂ ਇਕੱਠੇ ਜ਼ਿੰਦਗੀ ਬਿਤਾ ਸਕਦੇ ਹਾਂ। ਇਕ ਦਿਨ ਅਚਾਨਕ ਪਾਵੇਲ ਦਾ ਫੋਨ ਆਇਆ ਅਤੇ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਾਉਣਾ ਹੈ। ਮੇਰੇ ਤਾਂ ਹੋਸ਼ ਉਡ ਗਏ ਪਰ ਮੈਨੂੰ ਲੱਗਾ ਕਿ ਇਹ ਉਹੀ ਇਨਸਾਨ ਹੈ ਜਿਸ ਨੂੰ ਮੈਂ ਲੱਭ ਰਹੀ ਸੀ। ਵਿਆਹ ਤੋਂ ਪਹਿਲਾਂ ਅਸੀਂ ਸਿਰਫ ਫੋਨ 'ਤੇ ਹੀ ਗੱਲਾਂ ਕਰਦੇ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਹੀ ਅਸੀਂ ਮਿਲੇ ਸੀ। ਪਾਵੇਲ ਨਾਲ ਵਿਆਹ ਕਰਾਉਣ ਲਈ ਘਰ ਵਾਲਿਆਂ ਨੂੰ ਮਨਾਉਣਾ ਬਹੁਤ ਮੁਸ਼ਕਲ ਸੀ। ਹੁਣ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਘਰ ਦਿਆਂ ਦਾ ਜਿਨ੍ਹਾਂ ਨੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ।
ਪਹਿਲੀ ਵਾਰ ਮਿਲੇ ਤਾਂ ਲੱਗਾ ਧੋਖਾ ਹੋ ਗਿਆ
ਪਾਵੇਲ ਦੱਸਦੇ ਹਨ ਕਿ 4 ਦਸੰਬਰ ਨੂੰ ਸਾਡਾ ਵਿਆਹ ਸੀ ਤਾਂ 3 ਦਸੰਬਰ ਨੂੰ ਅਸੀਂ ਗੁਹਾਟੀ ਪਹੁੰਚੇ। ਪਰਨੀਤੀ ਦੇ ਘਰ ਵਾਲੇ ਇਕ ਹੋਟਲ ਵਿਚ ਸਾਨੂੰ ਮਿਲਣ ਆਏ। ਉਹ ਇੰਨੀ ਘਬਰਾਈ ਹੋਈ ਸੀ ਕਿ ਚੱਪਲ ਪਹਿਨਣੀ ਵੀ ਭੁੱਲ ਗਈ ਸੀ। ਅਸੀਂ ਮਿਲੇ ਤਾਂ ਉਹ ਕੁਝ ਨਹੀਂ ਬੋਲੀ। ਮੈਂ ਕੁਝ ਗੱਲਾਂ ਕੀਤੀਆਂ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਤਾਂ ਡਰ ਗਿਆ ਸੀ ਕਿ ਕਿਤੇ ਧੋਖਾ ਤਾਂ ਨਹੀਂ ਹੋ ਰਿਹਾ, ਕਿਤੇ ਕੁੜੀ ਗੁੰਗੀ ਤਾਂ ਨਹੀਂ ਹੈ। ਕੀ ਪਤਾ ਫੋਨ 'ਤੇ ਕੋਈ ਹੋਰ ਹੀ ਗੱਲਾਂ ਕਰ ਰਿਹਾ ਹੋਵੇ। ਮੈਂ ਆਪਣੀ ਸਾਲੀ ਨੂੰ ਪੁੱਛਿਆ ਕਿ ਤੁਹਾਡੀ ਦੀਦੀ ਕਿਉਂ ਨਹੀਂ ਬੋਲ ਰਹੀ। ਸਾਲੀ ਨੇ ਹਾਲਾਤ ਨੂੰ ਸਮਝਣ ਵਿਚ ਦੇਰ ਨਹੀਂ ਲਗਾਈ ਅਤੇ ਕਹਿਣ ਲੱਗੀ ਕਿ ਜੇਕਰ ਮੇਰੀ ਦੀਦੀ ਗੁੰਗੀ ਹੁੰਦੀ ਤਾਂ ਕੀ ਤੁਸੀਂ ਵਿਆਹ ਨਹੀਂ ਕਰਾਉਂਦੇ।
ਇਕ ਗੁਲਾਬ ਦਾ ਫੁੱਲ ਦਿਓ, ਸਾਰੀਆਂ ਗਲਤੀਆਂ ਮੁਆਫ
ਪਾਵੇਲ ਨੇ ਕਿਹਾ ਕਿ ਪਰਨੀਤੀ ਨੂੰ ਗੁਲਾਬ ਬਹੁਤ ਪਸੰਦ ਹਨ। ਹੁਣ ਰੋਜ਼ਾਨਾ ਦੀ ਜ਼ਿੰਦਗੀ ਵਿਚ ਹਜ਼ਾਰ ਗਲਤੀਆਂ ਵੀ ਕਰ ਲਵੋ ਸਿਰਫ ਇਕ ਗੁਲਾਬ ਦਾ ਫੁੱਲ ਦੇ ਕੇ ਉਸ ਨੂੰ ਮਨਾ ਸਕਦੇ ਹੋ। ਪਾਵੇਲ ਨੇ ਇਸ ਦੇ ਨਾਲ ਹੀ ਬੀਤੇ ਸਾਲ ਲੰਘੇ ਵੈਲੇਨਟਾਈਨ ਡੇਅ ਦੀ ਇਕ ਯਾਦ ਨੂੰ ਵੀ ਸਾਂਝਾ ਕੀਤਾ। ਉਸ ਨੇ ਕਿਹਾ ਕਿ ਸਕੂਲ ਵਿਚ ਬਿਜ਼ੀ ਹੋਣ ਕਾਰਨ ਉਹ ਆਪਣੀ ਪਤਨੀ ਨੂੰ ਵਿਸ਼ ਨਹੀਂ ਕਰ ਸਕੇ। ਉਨ੍ਹਾਂ ਨੂੰ ਘਰ ਪਰਤਣ ਵਿਚ ਝਿਜਕ ਮਹਿਸੂਸ ਹੋ ਰਹੀ ਹੈ। ਸੋਚਦਾ ਸੀ ਕਿ ਕਿਤੇ ਉਹ ਗੁੱਸੇ ਨਾ ਹੋ ਜਾਵੇ। ਅਜਿਹੇ ਹਾਲਾਤ ਵਿਚ ਇਕ ਗੁਲਾਬ ਦੇ ਫੁੱਲ ਨੇ ਮੇਰਾ ਸਾਥ ਦਿੱਤਾ। ਇਕ ਵੱਡਾ ਸਾਰਾ ਬੁੱਕਾ ਘਰ ਲੈ ਆਇਆ। ਸ਼ਿਕਾਇਤ ਤਾਂ ਦੂਰ ਬੜੇ ਪਿਆਰ ਨਾਲ ਉਸ ਦਿਨ ਮੇਰਾ ਸਵਾਗਤ ਹੋਇਆ।
ਅੰਮ੍ਰਿਤਸਰ : ਪੰਘੂੜੇ 'ਚ ਆਈ ਇਕ ਹੋਰ ਨੰਨ੍ਹੀ ਪਰੀ
NEXT STORY