ਲੁਧਿਆਣਾ(ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਮਿਸ਼ਨ-13 ਦਾ ਦਾਅਵਾ ਸਿਰੇ ਨਾ ਚੜ੍ਹਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਨਵਜੋਤ ਸਿੱਧੂ 'ਤੇ ਠੀਕਰਾ ਭੰਨਦੇ ਹੋਏ ਉਨ੍ਹਾਂ ਦਾ ਵਿਭਾਗ ਬਦਲਣ ਦੀ ਸਿਫਾਰਸ਼ ਕਰ ਦਿੱਤੀ ਹੈ। ਨਾਲ ਹੀ, ਅੰਦਰ ਦੀ ਗੱਲ ਇਹ ਵੀ ਹੈ ਕਿ ਕੈਪਟਨ ਸਿੱਧੂ ਤੋਂ ਇਲਾਵਾ ਦੋ ਹੋਰ ਮੰਤਰੀਆਂ ਨੂੰ ਵੀ ਕਾਂਗਰਸ ਉਮੀਦਵਾਰਾਂ ਦੀ ਹਾਰ ਦਾ ਜ਼ਿੰਮੇਵਾਰ ਮੰਨਦੇ ਹੋਏ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕੈਪਟਨ ਸਮੇਤ ਕਾਂਗਰਸ ਤੋਂ ਹੋਰ ਵੱਡੇ ਆਗੂਆਂ ਵਲੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਦਾਅਵੇ ਨੂੰ ਪੂਰਾ ਕਰਨ ਲਈ ਮੰਤਰੀਆਂ ਨੂੰ ਉਨ੍ਹਾਂ ਦੇ ਜ਼ਿਲੇ ਨਾਲ ਸਬੰਧਤ ਸੀਟ 'ਤੇ ਹਾਰ ਹੋਣ ਦੀ ਸੂਰਤ ਵਿਚ ਛੁੱਟੀ ਹੋਣ ਦਾ ਡਰ ਦਿਖਾਇਆ ਗਿਆ ਅਤੇ ਵਿਧਾਇਕਾਂ ਨੂੰ ਅਗਲੀ ਵਾਰ ਟਿਕਟ 'ਤੇ ਖਤਰਾ ਹੋਣ ਦੀ ਚਿਤਾਵਨੀ ਦਿੱਤੀ ਗਈ।
ਇਸ ਸਭ ਦੇ ਬਾਵਜੂਦ ਕਾਂਗਰਸ ਨੂੰ 5 ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਵੀ ਸ਼ਾਮਲ ਸੀ। ਹਾਲਾਂਕਿ ਕੈਪਟਨ ਨੇ ਪੰਜਾਬ ਵਿਚ ਕਾਂਗਰਸ ਦਾ ਸੂਪੜਾ ਸਾਫ ਹੋਣ ਦੀ ਸੂਰਤ ਵਿਚ ਅਸਤੀਫਾ ਦੇਣ ਦੀ ਗੱਲ ਕਹੀ ਸੀ ਪਰ 8 ਸੀਟਾਂ 'ਤੇ ਜਿੱਤ ਦਾ ਸਿਹਰਾ ਆਪਣੇ ਖਾਤੇ ਵਿਚ ਪਾਉਂਦੇ ਹੋਏ ਕੈਪਟਨ ਨੇ 5 ਸੀਟਾਂ 'ਤੇ ਹੋਈ ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨ ਦਿੱਤਾ। ਇਸ ਲਈ ਸਿੱਧੂ ਵਲੋਂ ਬਠਿੰਡਾ ਵਿਚ ਦਿੱਤੇ ਗਏ ਅਕਾਲੀਆਂ ਨਾਲ ਫ੍ਰੈਂਡਲੀ ਮੈਚ ਦੇ ਬਿਆਨ ਨੂੰ ਆਧਾਰ ਬਣਾਇਆ ਗਿਆ ਅਤੇ ਸ਼ਹਿਰਾਂ 'ਚ ਬਿਹਤਰ ਨਤੀਜੇ ਨਾ ਆਉਣ ਲਈ ਬਿਹਤਰ ਕਾਰਗੁਜ਼ਾਰੀ ਨਾ ਦਿਖਾਉਣ ਕਾਰਣ ਕੈਪਟਨ ਨੇ ਸਿੱਧੂ ਦਾ ਵਿਭਾਗ ਬਦਲਣ ਦੀ ਗੱਲ ਤੱਕ ਕਹਿ ਦਿੱਤੀ, ਜਿਸ ਨੂੰ ਕਈ ਮੰਤਰੀਆਂ ਅਤੇ ਕਾਂਗਰਸ ਦੇ ਵੱਡੇ ਆਗੂਆਂ ਵਲੋਂ ਵੀ ਹਮਾਇਤ ਦਿੱਤੀ ਗਈ ਪਰ ਇਸ ਸਬੰਧੀ ਹਾਈਕਮਾਨ ਦੀ ਮੋਹਰ ਲਵਾਉਣ ਲਈ ਤਿਆਰ ਕੀਤੇ ਗਏ ਪ੍ਰਸਤਾਵ 'ਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਰਾਹੁਲ ਗਾਂਧੀ ਵਲੋਂ ਅਸਤੀਫਾ ਦੇਣ ਦਾ ਐਲਾਨ ਕਰਨ ਕਰ ਕੇ ਕੋਈ ਫੈਸਲਾ ਨਹੀਂ ਹੋ ਸਕਿਆ ਅਤੇ ਬਾਅਦ ਵਿਚ ਵੀ ਦੋ ਦਿਨ ਤਕ ਕੈਪਟਨ ਨੂੰ ਇਸ ਸਬੰਧੀ ਰਾਹੁਲ ਤੋਂ ਮਿਲਣ ਲਈ ਸਮਾਂ ਨਹੀਂ ਮਿਲਿਆ ਪਰ ਸੂਤਰਾਂ ਮੁਤਾਬਕ ਕੈਪਟਨ ਦੀ ਰਿਪੋਰਟ 'ਤੇ ਜਦੋਂ ਵੀ ਦਿੱਲੀ ਵਿਚ ਕੋਈ ਫੈਸਲਾ ਹੋਵੇਗਾ, ਉਸ 'ਚ ਸਿੱਧੂ ਤੋਂ ਇਲਾਵਾ ਦੋ ਹੋਰ ਮੰਤਰੀਆਂ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ, ਜਿਨ੍ਹਾਂ ਵਿਚ ਕੈਪਟਨ ਵਲੋਂ ਜਿਦ ਕਰ ਕੇ ਟਿਕਟ ਦਿਵਾਉਣ ਦੇ ਬਾਵਜੂਦ ਸੰਗਰੂਰ ਵਿਚ ਹੋਈ ਕੇਵਲ ਢਿੱਲੋਂ ਦੀ ਹਾਰ ਅਤੇ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਨੂੰ ਚੋਣ ਦੌਰਾਨ ਨਾਭਾ ਵਿਚ ਆਈਆਂ ਮੁਸ਼ਕਲਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਕੈਪਟਨ ਅਤੇ ਸਿੱਧੂ ਨੂੰ ਹੈ ਹਾਈਕਮਾਨ ਦੇ ਰੁਖ ਦਾ ਇੰਤਜ਼ਾਰ
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਿੱਧੂ ਕਈ ਦਿਨ ਤਕ ਗਾਇਬ ਰਹੇ ਅਤੇ ਟਵਿਟਰ 'ਤੇ ਸ਼ੇਅਰੋ ਸ਼ਾਇਰੀ ਰਾਹੀਂ ਹੀ ਆਪਣੀ ਗੱਲ ਰੱਖਦੇ ਰਹੇ ਪਰ ਦੋ ਦਿਨ ਪਹਿਲਾਂ ਅਚਾਨਕ ਚੰਡੀਗੜ੍ਹ ਪੁੱਜ ਕੇ ਆਪਣਾ ਦਫਤਰ ਸੰਭਾਲਦੇ ਹੋਏ ਲੋਕਲ ਬਾਡੀਜ਼ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਬਠਿੰਡਾ 'ਚ ਦਿੱਤੇ ਆਪਣੇ ਬਿਆਨ 'ਤੇ ਸਫਾਈ ਦਿੰਦੇ ਹੋਏ ਕੈਪਟਨ ਦੇ ਫੈਸਲੇ 'ਤੇ ਇਹ ਕਹਿ ਕੇ ਸਵਾਲ ਖੜ੍ਹੇ ਕਰਨ ਦਾ ਯਤਨ ਕੀਤਾ ਕਿ ਜਿਨ੍ਹਾਂ ਸੀਟਾਂ 'ਤੇ ਕਾਂਗਰਸ ਦੀ ਜਿੱਤ ਹੋਈ, ਉਨ੍ਹਾਂ ਵਿਚ ਸ਼ਹਿਰ ਨਹੀਂ ਆਉਂਦੇ ਸਨ। ਉੱਥੇ ਵੀ ਉਨ੍ਹਾਂ ਦੇ ਵਿਭਾਗ ਰਾਹੀਂ ਵਿਕਾਸ ਹੋਇਆ ਹੈ। ਸਿੱਧੂ ਦੇ ਇਸ ਪਲਟਵਾਰ ਵਿਚ ਕੈਪਟਨ ਪ੍ਰਤੀ ਤੇਵਰ ਪਹਿਲਾਂ ਪੰਜਾਬ 'ਚ ਪ੍ਰਚਾਰ ਕਰਨ ਲਈ ਨਾ ਬੁਲਾਏ ਜਾਣ ਜਾਂ ਪਤਨੀ ਨੂੰ ਟਿਕਟ ਨਾ ਮਿਲਣ ਦੇ ਮੁੱਦੇ 'ਤੇ ਦਿੱਤੇ ਗਏ ਬਿਆਨਾਂ ਦੇ ਮੁਕਾਬਲੇ ਕਾਫੀ ਨਰਮ ਸਨ ਪਰ ਉਹ ਉਸੇ ਦਿਨ ਕੈਪਟਨ ਨੇ ਸਿੱਧੂ ਸਬੰਧੀ ਮੁੜ ਕੁਝ ਬੋਲਿਆ ਹੈ। ਅਜਿਹੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਤੇ ਸਿੱਧੂ ਦੋਵੇਂ ਹੀ ਹਾਈਕਮਾਨ ਦੇ ਰੁਖ ਦੀ ਉਡੀਕ ਕਰ ਰਹੇ ਹਨ।
ਘੁਬਾਇਆ ਦੇ ਦੋਸ਼ਾਂ ਦੇ ਬਾਵਜੂਦ ਰਾਣਾ ਸੋਢੀ ਖਿਲਾਫ ਚੁੱਪ ਕਿਉਂ
ਫਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਸ਼ੇਰ ਸਿੰਘ ਘੁਬਾਇਆ ਦਾ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਕਈ ਆਗੂਆਂ ਵਲੋਂ ਵਿਰੋਧ ਕੀਤਾ ਗਿਆ ਸੀ। ਹੁਣ ਚੋਣ ਹਾਰਨ ਤੋਂ ਬਾਅਦ ਘੁਬਾਇਆ ਨੇ ਹਾਰ ਲਈ ਜ਼ਿੰਮੇਵਾਰ ਆਗੂਆਂ ਸਬੰਧੀ ਰਾਹੁਲ ਗਾਂਧੀ ਨੂੰ ਚਿੱਠੀ ਲਿਖਣ ਦੀ ਗੱਲ ਕਹੀ ਹੈ। ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਘੁਬਾਇਆ ਸਾਫ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਬੇਟੇ ਦੇ ਵਿਧਾਇਕ ਬਣਨ ਤੋਂ ਬਾਅਦ ਉਸ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਉਸ ਦੇ ਵਿਰੋਧੀਆਂ ਨੂੰ ਇਕ ਮੰਤਰੀ ਵਲੋਂ ਸ਼ਹਿ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਚੋਣਾਂ ਵਿਚ ਮੰਤਰੀ ਵਲੋਂ ਮਦਦ ਦੀ ਬਜਾਏ ਵਿਰੋਧ ਕਰਨ ਦੀ ਗੱਲ ਕਹੀ। ਹਾਲਾਂਕਿ ਘੁਬਾਇਆ ਨੇ ਕਿਸੇ ਦਾ ਨਾਂ ਨਹੀਂ ਲਿਆ, ਜਦੋਂਕਿ ਉਨ੍ਹਾਂ ਦੇ ਇਲਾਕੇ ਦੇ ਮੰਤਰੀ ਰਾਣਾ ਸੋਢੀ ਹਨ, ਜੋ ਖੁਦ ਅਤੇ ਬੇਟੇ ਲਈ ਟਿਕਟ ਮੰਗ ਰਹੇ ਸਨ ਪਰ ਘੁਬਾਇਆ ਦੇ ਦੋਸ਼ਾਂ 'ਤੇ ਕੈਪਟਨ ਅਤੇ ਦੂਜੇ ਕਾਂਗਰਸੀ ਆਗੂਆਂ ਨੇ ਰਾਣਾ ਸੋਢੀ ਨੂੰ ਲੈ ਕੇ ਚੁੱਪ ਸਾਧੀ ਹੋਈ ਹੈ। ਸ਼ਾਇਦ ਇਹੀ ਕਾਰਨ ਹੈ ਕਿ ਘੁਬਾਇਆ ਨੇ ਕੈਪਟਨ ਵਲੋਂ ਬੁਲਾਈ ਗਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਤੋਂ ਕਿਨਾਰਾ ਕਰਨਾ ਹੀ ਬਿਹਤਰ ਸਮਝਿਆ।
ਮਾਨਸੂਨ ਸੀਜ਼ਨ ਲਈ ਤਿਆਰ ਨਹੀਂ 'ਚੰਡੀਗੜ੍ਹ'
NEXT STORY