ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਉਣ ਤੋਂ ਬਾਅਦ ਜਿੱਥੇ ਹਰ ਸ਼ਹਿਰ ਦੇ ਸਾਰੇ ਵਪਾਰਕ ਅਦਾਰੇ, ਬੈਂਕ ਇਥੋਂ ਤੱਕ ਕਿ ਦੁੱਧ, ਕਰਿਆਨਾ ਮੈਡੀਕਲ ਦੀਆਂ ਦੁਕਾਨਾਂ ਵੀ ਅਗਲੇ ਆਦੇਸ਼ਾਂ ਤੱਕ ਮੁਕੰਮਲ ਤੌਰ 'ਤੇ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਹੀ ਲੁਧਿਆਣਾ 'ਚ ਵੀ ਸੜਕਾਂ 'ਤੇ ਪੂਰੀ ਤਰ੍ਹਾਂ ਸੁੰਨ ਪੱਸਰੀ ਹੋਈ ਹੈ।

ਪੁਲਸ ਵੱਲੋਂ ਸਖਤੀ ਨਾਲ ਲੋਕਾਂ ਕੋਲੋਂ ਕਰਫਿਊ ਦੇ ਨਿਯਮਾਂ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਨਤਾ ਕਰਫਿਊ ਤੋਂ ਬਾਅਦ ਲੌਕ ਡਾਊਨ ਕਰਨ ਦੇ ਬਾਵਜੂਦ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਇਹ ਕਦਮ ਚੁੱਕਣਾ ਪਿਆ।

ਹੁਣ ਕਿਸੇ ਨੂੰ ਵੀ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਸਮੁੱਚੇ ਬਜ਼ਾਰਾਂ 'ਚ ਸੰਨਾਟਾ ਛਾਇਆ ਹੋਇਆ ਹੈ। ਆਲਮ ਇਹ ਹੈ ਕਿ ਸਵੇਰ ਤੋਂ ਹੀ ਲੋਕ ਘਰਾਂ 'ਚ ਬੰਦ ਹੋਣ ਲਈ ਮਜਬੂਰ ਹਨ। ਅਹਿਤਿਆਤ ਵਜੋਂ ਪੁਲਸ ਦੇ ਜਵਾਨ ਹਰ ਚੌਂਕ 'ਤੇ ਪਹਿਰਾ ਦੇ ਰਹੇ ਹਨ ਪਰ ਕਈ ਲੋਕ ਫਿਰ ਵੀ ਘਰਾਂ ਤੋਂ ਬਾਹਰ ਆ ਰਹੇ ਹਨ, ਜਿਨ੍ਹਾਂ 'ਤੇ ਪੁਲਸ ਵਲੋਂ ਡੰਡੇ ਵਰ੍ਹਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕੈਮਿਸਟਾਂ ਦੀ ਪੁਲਸ ਨੂੰ ਵੱਡੀ ਧਮਕੀ, ਸਖਤੀ ਤੋਂ ਹੋਏ ਪਰੇਸ਼ਾਨ

ਰੋਟੀ ਲਈ ਮੁਥਾਜ਼ ਹੋਇਆ ਗਰੀਬ
ਭਾਵੇਂ ਹੀ ਹਰ ਜ਼ਿਲੇ ਦੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਰਾਸ਼ਨ, ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਘਰ-ਘਰ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਬਹੁਤੇ ਲੋਕ ਇਕ ਸਮੇਂ ਦੀ ਰੋਟੀ ਲਈ ਵੀ ਮੁਥਾਜ਼ ਹੋ ਗਏ ਹਨ।

ਕਈ ਲੋਕ ਅਜਿਹੇ ਵੀ ਹਨ, ਜੋ ਰੋਜ਼ਾਨਾ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਂਦੇ ਹਨ ਅਤੇ ਇਸ ਸਮੇਂ ਇਨ੍ਹਾਂ ਲੋਕਾਂ ਲਈ ਸਭ ਤੋਂ ਵੱਡੀ ਮੁਸ਼ਕਲ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਇਕ ਸਮੇਂ ਦੀ ਰੋਟੀ ਤੱਕ ਨਹੀਂ ਮਿਲ ਰਹੀ। ਰੇਲਵੇ ਸਟੇਸ਼ਨ 'ਤੇ ਵੀ ਲੋਕ ਭੁੱਖੇ-ਤਿਹਾਏ ਬੈਠੇ ਹੋਏ ਹਨ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।

ਪੰਜਾਬ 'ਚ 33 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ
ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 33 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 3, ਜਲੰਧਰ ਦੇ 4, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ।

ਪੰਜਾਬ 'ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ 'ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਮੈਡੀਕਲ ਵਾਲਿਆਂ ਦੇ ਨਹੀਂ ਬਣ ਰਹੇ 'ਕਰਫਿਊ ਪਾਸ', ਜਾਣੋ ਕੀ ਨੇ ਸ਼ਹਿਰ ਦੇ ਤਾਜ਼ਾ ਹਾਲਾਤ

ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਹੈਰੋਇਨ, ਪਿਸਤੌਲ ਸਣੇ ਮੈਗਜੀਨ ਬਰਾਮਦ
NEXT STORY