ਲੁਧਿਆਣਾ,(ਸਹਿਗਲ): ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਅੱਜ 11 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 132 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ 'ਚ ਵਿਧਾਇਕ ਸੰਜੇ ਤਲਵਾੜ, ਉਨ੍ਹਾਂ ਦੀ ਪਤਨੀ, ਦੋ ਬੇਟੇ ਅਤੇ ਭਰਾ ਤੋਂ ਇਲਾਵਾ 5 ਹੈਲਥ ਕੇਅਰ ਵਰਕਰ ਅਤੇ 3 ਪੁਲਸ ਮੁਲਾਜ਼ਮ ਵੀ ਪਾਜ਼ੇਟਿਵ ਆਏ ਹਨ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਰੀਜ਼ਾਂ 'ਚੋਂ 127 ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦੋਂਕਿ 5 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ 10 ਮਰੀਜ਼ ਜ਼ਿਲੇ ਦੇ, ਜਦੋਂਕਿ ਇਕ ਜੰਮੂ ਦਾ ਰਹਿਣ ਵਾਲਾ ਹੈ। ਹੁਣ ਤੱਕ ਜ਼ਿਲੇ 'ਚ 4512 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ 'ਚੋਂ 150 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 547 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਹਨ। ਇਨ੍ਹਾਂ 'ਚੋਂ 44 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
1849 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ
ਸਿਵਲ ਸਰਜਨ ਨੇ ਦੱਸਿਆ ਕਿ 1849 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਇਸ ਤੋਂ ਇਲਾਵਾ 1085 ਸ਼ੱਕੀ ਮਰੀਜ਼ਾਂ ਦੇ ਸੈਂਪਲ ਅੱਜ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 69,727 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 67,878 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ ਅਤੇ ਇਨ੍ਹਾਂ ਰਿਪੋਰਟਾਂ 'ਚੋਂ 62,819 ਨੈਗੇਟਿਵ ਆਏ ਹਨ।
410 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ 'ਚ
ਸਿਵਲ ਸਰਜਨ ਨੇ ਦੱਸਿਆ ਕਿ ਅੱਜ 410 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਸਮੇਂ 'ਚ 4907 ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਜ਼ਿਲੇ ਵਿਚ ਹੁਣ ਤੱਕ 24,423 ਨੂੰ ਹੋਮ ਆਈਸੋਲੇਟ ਕੀਤਾ ਜਾ ਚੁੱਕਾ ਹੈ। ਲੋਕ ਸਰਕਾਰੀ ਨਿਰਦੇਸ਼ਾਂ ਦਾ ਕਰਨ ਪਾਲਣ ਤਾਂਕਿ ਸੁਰੱਖਿਆ ਰਹਿਣ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਤਾਂ ਕਿ ਉਹ ਸੁਰੱਖਿਅਤ ਰਹਿ ਸਕਣ।
ਮ੍ਰਿਤਕਾਂ ਦਾ ਵੇਰਵਾ
ਕੋਰੋਨਾ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (55) ਵਾਸੀ ਸਰਾਭਾ ਨਗਰ, ਸੁਰਿੰਦਰ ਪਾਲ (48) ਵਾਸੀ ਸ਼ੇਰਪੁਰ, ਸੁਰਜੀਤ ਕੌਰ (60) ਵਾਸੀ ਡਾਬਾ ਕਾਲੋਨੀ, ਗੁਰਦੇਵ ਸਿੰਘ (69) ਵਾਸੀ ਨਿਊ ਕਰਤਾਰ ਨਗਰ, ਧਰਮਪਾਲ (75) ਵਾਸੀ ਮਾਡਲ ਟਾਊਨ, ਹਰਦੇਵ ਸਿੰਘ (77) ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਦਰਸ਼ਨ ਸਿੰਘ (56) ਵਾਸੀ ਖੰਨਾ, ਚੇਤਰੀ ਸਾਹਨੀ (57) ਵਾਸੀ ਅਸ਼ੋਕ ਵਿਹਾਰ, ਮਨਜੀਤ ਕੌਰ (73) ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਬਿਧੀ ਚੰਦ (71) ਵਾਸੀ ਸ਼ਾਮ ਨਗਰ ਅਤੇ ਹਰਭਜਨ ਸਿੰਘ (77) ਵਾਸੀ ਜੰਮੂ ਦੇ ਰੂਪ 'ਚ ਕੀਤੀ ਗਈ ਹੈ।
16 ਦਿਨਾਂ ਤੋਂ ਲਾਪਤਾ ਫੌਜੀ ਦੇ ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਪ੍ਰਸ਼ਾਸਨ ਨੇ ਨਹੀਂ ਲਈ ਸਾਰ
NEXT STORY