ਲੁਧਿਆਣਾ (ਮਹੇਸ਼/ਗੌਤਮ) : ਪਿਛਲੇ ਦਿਨੀਂ ਜੇਲ 'ਚ ਹੋਏ ਵਿਦਰੋਹ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਵਲੋਂ ਜੇਲ ਵਿਚ ਲੋਕਤੰਤਰੀ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿਚ ਹਰ ਬੈਰਕ 'ਚੋਂ 5 ਮੈਂਬਰ ਚੁਣੇ ਜਾਣਗੇ, ਜਿਨ੍ਹਾਂ ਨੂੰ ਪੰਚ ਕਿਹਾ ਜਾਵੇਗਾ। ਇਸ ਤਰ੍ਹਾਂ ਜੇਲ ਪ੍ਰਬੰਧਨ ਅਤੇ ਕੈਦੀਆਂ 'ਚ ਬਿਹਤਰ ਸੰਵਾਦ ਸਥਾਪਤ ਕਰਨ ਲਈ ਕੀਤਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਜ਼ਿਲਾ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਜੇਲ ਵਿਚ ਸਖ਼ਤੀ ਕਰ ਦਿੱਤੀ ਗਈ ਹੈ ਅਤੇ ਕੈਦੀਆਂ ਨੂੰ ਬੈਰਕਾਂ 'ਚ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਦਾ ਕਦਮ ਇਸ ਲਈ ਚੁੱਕਿਆ ਗਿਆ ਹੈ ਕਿ ਕੋਈ ਵੀ ਸ਼ਰਾਰਤੀ ਅਨਸਰ ਕੈਦੀਆਂ ਨੂੰ ਉਕਸਾ ਕੇ ਦੁਬਾਰਾ ਇਸ ਤਰ੍ਹਾਂ ਦੇ ਹਾਲਾਤ ਨਾ ਬਣਾ ਸਕੇ।
ਸੂਤਰਾਂ ਅਨੁਸਾਰ ਜੇਲ ਪ੍ਰਬੰਧਨ ਨੇ ਦੇਰ ਰਾਤ ਹਰ ਬੈਰਕ ਤੋਂ ਕੁੱਝ ਚੁਨਿੰਦਾ ਕੈਦੀਆਂ ਨੂੰ ਬੁਲਾ ਕੇ ਇਕ ਬੈਠਕ ਕੀਤੀ ਹੈ, ਜਿਸ ਵਿਚ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਉਹ ਬੈਰਕਾਂ ਵਿਚ ਜਾ ਕੇ ਬਾਕੀ ਕੈਦੀਆਂ ਨੂੰ ਸੱਚਾਈ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਕਹਿਣ ਕਿ ਉਹ ਅਫਵਾਹਾਂ 'ਤੇ ਧਿਆਨ ਨਾ ਦੇਣ। ਉਨ੍ਹਾਂ ਨੇ ਕੈਦੀਆਂ ਨੂੰ ਸਪੱਸ਼ਟ ਤੌਰ 'ਤੇ ਚਿਤਾਵਨੀ ਦੇ ਦਿੱਤੀ ਹੈ ਕਿ ਕਿਸੇ ਵੀ ਸ਼ਰਾਰਤੀ ਦਾ ਸਾਥ ਦੇਣ ਵਾਲੇ ਕੈਦੀ ਨੂੰ ਬਖਸ਼ਿਆ ਨਹੀਂ ਜਾਵੇਗਾ। ਚਾਹੇ ਅਤੀਤ ਵਿਚ ਉਸ ਦਾ ਚਰਿੱਤਰ ਚੰਗਾ ਕਿਉਂ ਨਾ ਹੋਵੇ। ਜੇਲ ਪ੍ਰਬੰਧਨ ਨੇ ਕੈਦੀਆਂ ਨਾਲ ਸਦਭਾਵਨਾ ਜਤਾਉਂਦੇ ਹੋਏ ਇਹ ਵੀ ਕਿਹਾ ਕਿ ਕਾਨੂੰਨ ਨੇ ਉਨ੍ਹਾਂ ਨੂੰ ਜੋ ਵੀ ਸਜ਼ਾ ਦਿੱਤੀ ਹੈ, ਉਸ ਤੋਂ ਇਲਾਵਾ ਜੇਲ ਪ੍ਰਬੰਧਨ ਕਿਸੇ ਨੂੰ ਵਾਧੂ ਸਜ਼ਾ ਨਹੀਂ ਦਿੰਦਾ ਪਰ ਅਨੁਸ਼ਾਸਨ ਬਣਾਈ ਰੱਖਣ ਲਈ ਸਖ਼ਤੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਉਹ ਕੁੱਝ ਵਿਸ਼ੇਸ਼ ਕੈਦੀਆਂ ਨੂੰ ਇਸ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਉਣਗੇ, ਜਿਸ ਨਾਲ ਨਸ਼ਾ ਵੇਚਣ ਵਾਲੇ ਵਿਰੁੱਧ ਸਿੱਧੇ ਸ਼ਿਕਾਇਤ ਕਰ ਸਕਣਗੇ ਅਤੇ ਉਨ੍ਹਾਂ ਦਾ ਨਾਂ ਅਤੇ ਪਛਾਣ ਵੀ ਸਾਹਮਣੇ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਪੁਲਸ-ਫੋਰਸ ਨਾਲ ਹਨ ਪਰ ਨਸ਼ਾ ਵੇਚਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਣਗੇ। ਅੱਜ ਜੋ ਕੈਦੀਆਂ ਨੂੰ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਹੈ, ਉਸ ਦੇ ਜ਼ਿੰਮੇਵਾਰ ਉਹ ਖੁਦ ਹੀ ਹਨ ਅਤੇ ਕੈਦੀ ਜੇਲ ਦਾ ਵਾਤਾਵਰਣ ਅਤੇ ਸੁੰਦਰੀਕਰਨ ਬਣਾਉਣ ਦੇ ਲਈ ਪ੍ਰਸ਼ਾਸਨ ਨੂੰ ਸਹਿਯੋਗ ਕਰਨ।
ਕਾਲੀਆਂ ਭੇਡਾਂ ਨੂੰ ਫੜਿਆ ਤਾਂ ਜੇਲ 'ਚ ਵਿਦਰੋਹ ਹੋ ਗਿਆ
ਪੁਲਸ ਮੁਲਾਜ਼ਮਾਂ ਵਲੋਂ ਜੇਲ 'ਚ ਨਸ਼ਾ ਵੇਚਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਜਦ ਕਿਸੇ ਕੈਦੀ ਨੂੰ ਨਸ਼ਾ ਕਰਦੇ ਹੋਏ ਫੜਦੇ ਸੀ ਤਾਂ ਉਸ ਨੂੰ ਥੋੜ੍ਹੀ ਬਹੁਤ ਸਜ਼ਾ ਦੇ ਕੇ ਛੱਡ ਦਿੱਤਾ ਜਾਂਦਾ ਸੀ। ਤਦ ਤੱਕ ਸਭ ਕੁੱਝ ਸਮਾਨ ਸੀ ਪਰ ਜਦ ਨਸ਼ਾ ਸਪਲਾਈ ਕਰਨ ਵਾਲੇ ਪੁਲਸ ਮੁਲਾਜ਼ਮਾਂ ਅਤੇ ਕੈਦੀਆਂ 'ਤੇ ਹੱਥ ਪਾਇਆ ਤਾਂ ਜੇਲ ਵਿਚ ਵਿਦਰੋਹ ਹੋ ਗਿਆ। ਇਸ ਤਰ੍ਹਾਂ ਕਰਨ ਵਿਚ ਕਿਹੜੇ ਮੁਲਾਜ਼ਮਾਂ ਦਾ ਹੱਥ ਹੈ, ਉਸ ਦੀ ਜਾਣਕਾਰੀ ਜੇਲ ਪ੍ਰਬੰਧਨ ਕੋਲ ਆ ਗਈ ਹੈ। ਕਿਹੜੇ-ਕਿਹੜੇ ਮੁਲਾਜ਼ਮਾਂ ਦਾ ਰੈਕੇਟ ਨਸ਼ਾ ਵੇਚਣ ਵਾਲਿਆਂ ਨਾਲ ਜੁੜਿਆ ਹੋਇਆ ਹੈ। ਉਸ ਦੀ ਪੂਰੀ ਜਾਣਕਾਰੀ ਅਤੇ ਉਨ੍ਹਾਂ ਦੀ ਮੋਬਾਇਲ ਡਿਟੇਲ ਉਨ੍ਹਾਂ ਕੋਲ ਆ ਗਈ ਹੈ। ਆਉਣ ਵਾਲੇ ਦਿਨਾਂ ਵਿਚ ਕਈ ਵੱਡੀਆਂ ਉਪਲਬਧੀਆਂ ਉਨ੍ਹਾਂ ਦੇ ਹੱਥ 'ਚ ਹੋਣਗੀਆਂ ਅਤੇ ਉਹ ਮੁਲਾਜ਼ਮ ਇਸੇ ਜੇਲ 'ਚ ਡੱਕ ਦਿੱਤੇ ਜਾਣਗੇ।
ਜਲਾਲਾਬਾਦ ਸੀਟ ਜਿੱਤਣ ਲਈ ਕਾਂਗਰਸੀਆਂ ਨੇ ਸ਼ੁਰੂ ਕੀਤੀ ਤਿਆਰੀ
NEXT STORY