ਲੁਧਿਆਣਾ (ਗੌਤਮ)- ਆਟੋ ’ਚ ਸਵਾਰ ਲੋਕਾਂ ਕੋਲੋਂ ਮੋਬਾਈਲ ਖੋਹਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਲੋਕਾਂ ਤੋਂ ਖੋਹੇ ਗਏ 10 ਮੋਬਾਈਲ, ਆਟੋ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਪ੍ਰੀਤ ਨਗਰ ਸ਼ਿਮਲਾਪੁਰੀ ਦੇ ਰਹਿਣ ਵਾਲੇ ਵਿਜੇ ਕੁਮਾਰ, ਸੂਰਜ ਨਗਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਉਰਫ਼ ਅਮਨ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਪਿੰਡ ਠੱਕਰਵਾਲ ਦੇ ਰਹਿਣ ਵਾਲੇ ਇਸ਼ਰਾਫ਼ਿਲ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਸੀ।
ਏ. ਡੀ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਇਸ਼ਰਾਫ਼ਿਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਘੰਟਾ ਘਰ ਚੌੜਾ ਬਾਜ਼ਾਰ ਤੋਂ ਸਾਮਾਨ ਖਰੀਦਣ ਲਈ ਆਇਆ ਸੀ। ਸ਼ਾਮ ਨੂੰ ਕਰੀਬ 5 ਵਜੇ ਉਹ ਸਾਮਾਨ ਖਰੀਦ ਕੇ ਵਾਪਸ ਘਰ ਜਾਣ ਲਈ ਰੇਖੀ ਚੌਕ ਤੋਂ ਭਾਈ ਵਾਲਾ ਚੌਕ ਦਾ ਆਟੋ ਲਿਆ ਤਾਂ ਉਸ ਆਟੋ ’ਚ ਚਾਲਕ ਸਮੇਤ 3 ਲੋਕ ਸਵਾਰ ਸਨ। ਜਦੋਂ ਉਹ ਲੋਕਲ ਬੱਸ ਅੱਡੇ ਦੇ ਨੇੜੇ ਪਹੁੰਚਿਆ ਤਾਂ ਆਟੋ ਸਵਾਰ ਤਿੰਨਾਂ ਲੋਕਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਜ਼ਬਰਦਸਤੀ ਆਟੋ ’ਚੋਂ ਧੱਕਾ ਦੇ ਕੇ ਉਤਾਰ ਦਿੱਤਾ ਅਤੇ ਰੇਲਵੇ ਸਟੇਸ਼ਨ ਵੱਲ ਫ਼ਰਾਰ ਹੋ ਗਏ।
ਏ. ਡੀ. ਸੀ. ਪੀ. ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਮਵੀਰ ਸਿੰਘ ਨੇ ਸ਼ਿਕਾਇਤ ਮਿਲਣ ’ਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਅਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਇਕ ਮੁਲਜ਼ਮ ਨੂੰ ਆਟੋ ਸਮੇਤ ਕਾਬੂ ਕਰ ਲਿਆ। ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਸ ਨੇ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ ਖੋਹੇ ਗਏ 10 ਮੋਬਾਈਲ ਬਰਾਮਦ ਕੀਤੇ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਵਿਜੇ ਕੁਮਾਰ ਖ਼ਿਲਾਫ਼ ਪਹਿਲਾਂ ਹੀ ਥਾਣਾ ਬਸਤੀ ਜੋਧੇਵਾਲ ’ਚ ਆਰਮਜ਼ ਐਕਟ, ਥਾਣਾ ਮੋਤੀ ਨਗਰ ’ਚ ਚੋਰੀ ਤੇ ਧੋਖਾਦੇਹੀ, ਥਾਣਾ ਡਵੀਜ਼ਨ ਨੰਬਰ 6 ’ਚ ਗਿਰੋਹਬੰਦੀ ਤੇ ਚੋਰੀ ਦੇ ਮਾਮਲੇ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਹੋਰਨਾਂ ਵਾਰਦਾਤਾਂ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਖੋਹੇ ਹੋਏ ਮੋਬਾਈਲ ਕਿਹੜੇ ਦੁਕਾਨਦਾਰਾਂ ਨੂੰ ਵੇਚਦੇ ਸਨ।
ਪੰਜਾਬ: ਹੋ ਗਿਆ ਸਟਿੰਗ ਆਪ੍ਰੇਸ਼ਨ! ਕੈਮਰੇ 'ਚ ਕੈਦ ਹੋਈ ਸਰਕਾਰੀ ਮੁਲਾਜ਼ਮ ਦੀ ਕਰਤੂਤ
NEXT STORY