ਲੁਧਿਆਣਾ (ਰਾਜ): ਭ੍ਰਿਸ਼ਟਾਚਾਰ ਖ਼ਿਲਾਫ਼ 'ਜ਼ੀਰੋ ਟਾਲਰੈਂਸ' ਦੀਆਂ ਗੱਲਾਂ ਕਰਨ ਵਾਲੇ ਨਗਰ ਨਿਗਮ ਲੁਧਿਆਣਾ ਦੀ ਨੱਕ ਹੇਠਾਂ ਹੀ ਰਿਸ਼ਵਤਖੋਰੀ ਦਾ ਇਕ ਵੱਡਾ ਖੇਡ ਚੱਲ ਰਿਹਾ ਸੀ, ਜਿਸ ਦਾ ਹੁਣ ਸ਼ਰੇਆਮ ਭਾਂਡਾ ਭੱਜ ਗਿਆ ਹੈ। ਨਗਰ ਨਿਗਮ ਦੇ ਡੀ.ਸੀ.ਐਫ.ਏ. (DCFA) ਦਫ਼ਤਰ ਵਿਚ ਤਾਇਨਾਤ ਇਕ ਸਫਾਈ ਸੇਵਕ ਦਾ ਰਿਸ਼ਵਤ ਲੈਂਦੇ ਹੋਏ ਲਾਈਵ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਵਿਭਾਗ ਵਿਚ ਤਰਥੱਲੀ ਮੱਚ ਗਈ ਹੈ। ਦੋਸ਼ ਹੈ ਕਿ ਇਸ ਸ਼ਾਤਰ ਸਫਾਈ ਕਰਮੀ ਨੇ ਡੀ.ਸੀ. ਰੇਟ ਤੋਂ ਪੱਕੇ ਹੋਏ ਇਕ ਮੁਲਾਜ਼ਮ ਦਾ ਪੁਰਾਣਾ ਫੰਡ ਰਿਲੀਜ਼ ਕਰਵਾਉਣ ਦੇ ਨਾਮ 'ਤੇ ਮੋਟੀ ਰਕਮ ਦੀ ਮੰਗ ਕੀਤੀ ਅਤੇ 10 ਹਜ਼ਾਰ ਰੁਪਏ ਰਿਸ਼ਵਤ ਡਕਾਰ ਲਈ। ਇਸ ਸਟਿੰਗ ਆਪ੍ਰੇਸ਼ਨ ਦਾ ਵੀਡੀਓ ਸੋਸ਼ਲ ਮੀਡੀਆ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਦੇ ਹੀ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਮਿਸ਼ਨਰ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਵੀਡੀਓ ਦੀ ਸੱਚਾਈ ਸਾਬਤ ਹੋਈ, ਤਾਂ ਦੋਸ਼ੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਲੇ ਨਗਰ ਨਿਗਮ ਸੰਘਰਸ਼ ਕਮੇਟੀ ਦੇ ਆਗੂ ਵਿੱਕੀ ਸਹੋਤਾ ਨੇ ਮਾਮਲੇ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਅਤੇ ਵਿਜੀਲੈਂਸ ਬਿਊਰੋ ਨੂੰ ਸਬੂਤਾਂ ਸਮੇਤ ਦਿੱਤੀ ਹੈ। ਇਹ ਮਾਮਲਾ ਉਨ੍ਹਾਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਫੰਡਾਂ ਨਾਲ ਜੁੜਿਆ ਹੈ ਜਿਨ੍ਹਾਂ ਨੂੰ ਹਾਲ ਹੀ ਵਿਚ ਪੱਕਾ ਕੀਤਾ ਗਿਆ ਸੀ। ਨਿਯਮਾਂ ਅਨੁਸਾਰ, ਡੀ.ਸੀ. ਰੇਟ 'ਤੇ ਕੰਮ ਕਰਨ ਦੌਰਾਨ ਜਮ੍ਹਾ ਹੋਇਆ ਉਨ੍ਹਾਂ ਦਾ ਫੰਡ ਹੁਣ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦਾ ਫਾਇਦਾ ਉਠਾ ਕੇ ਡੀ.ਸੀ.ਐੱਫ.ਏ. ਦਫ਼ਤਰ ਦਾ ਇਹ ਮੁਲਾਜ਼ਮ ਫੰਡ ਕਲੀਅਰ ਕਰਨ ਬਦਲੇ ਪੈਸਿਆਂ ਦੀ ਉਗਰਾਹੀ ਕਰ ਰਿਹਾ ਸੀ।
ਜਦੋਂ ਇਕ ਪੀੜਤ ਮੁਲਾਜ਼ਮ ਨੇ ਵਿੱਕੀ ਸਹੋਤਾ ਨੂੰ ਦੱਸਿਆ ਕਿ ਬਾਬੂ 10 ਹਜ਼ਾਰ ਰੁਪਏ ਤੋਂ ਬਿਨਾਂ ਫਾਈਲ ਅੱਗੇ ਨਹੀਂ ਵਧਾ ਰਿਹਾ, ਤਾਂ ਸੰਘਰਸ਼ ਕਮੇਟੀ ਨੇ ਇਕ ਜਾਲ ਵਿਛਾਇਆ। ਰਣਨੀਤੀ ਤਹਿਤ ਪੀੜਤ ਨੂੰ ਪੈਸੇ ਦੇਣ ਭੇਜਿਆ ਗਿਆ ਅਤੇ ਇਕ ਸਾਥੀ ਨੇ ਖੁਫੀਆ ਕੈਮਰੇ ਨਾਲ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਬਣਾ ਲਈ। ਸਟਿੰਗ ਕਾਮਯਾਬ ਹੋਣ ਤੋਂ ਬਾਅਦ ਸਹੋਤਾ ਨੇ ਇਹ ਸਬੂਤ ਸਿੱਧਾ ਕਮਿਸ਼ਨਰ ਦੇ ਨਿੱਜੀ ਵਟਸਐਪ 'ਤੇ ਭੇਜ ਦਿੱਤਾ ਅਤੇ ਦੋਸ਼ੀ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ।
ਇਸ ਖ਼ੁਲਾਸੇ ਤੋਂ ਬਾਅਦ ਜ਼ੋਨ-ਏ ਮਾਤਾ ਰਾਣੀ ਚੌਕ ਸਥਿਤ ਮੀਟਿੰਗ ਹਾਲ ਵਿਚ ਇਕ ਉੱਚ-ਪੱਧਰੀ ਬੈਠਕ ਹੋਈ, ਜਿਸ ਵਿਚ ਨਿਗਮ ਕਮਿਸ਼ਨਰ ਨੀਰੂ ਕਤਿਆਲ ਗੁਪਤਾ, ਜੁਆਇੰਟ ਕਮਿਸ਼ਨਰ ਵਿਨੀਤ ਅਤੇ ਜੋਨਲ ਕਮਿਸ਼ਨਰ ਮਨਪ੍ਰੀਤ ਸਿੰਘ ਮੌਜੂਦ ਸਨ। ਬੈਠਕ ਵਿਚ ਮਾਹੌਲ ਕਾਫੀ ਭੱਖ ਗਿਆ ਅਤੇ ਸੰਘਰਸ਼ ਕਮੇਟੀ ਨੇ ਦੋਸ਼ੀ ਖਿਲਾਫ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ। ਕਮਿਸ਼ਨਰ ਨੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਅਤੇ ਮੁਲਾਜ਼ਮਾਂ ਦੀਆਂ ਹੋਰ ਸਥਾਨਕ ਮੰਗਾਂ ਸਬੰਧੀ ਕਾਰਵਾਈ ਜਲਦੀ ਜਾਰੀ ਕਰਨ ਦਾ ਵਾਅਦਾ ਵੀ ਕੀਤਾ।
ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਆਈ ਸਾਹਮਣੇ
NEXT STORY