ਲੁਧਿਆਣਾ (ਹਿਤੇਸ਼): ਨਗਰ ਨਿਗਮ ਵਲੋਂ ਜਿਥੇ ਰਾਤ ਨੂੰ ਨਾਕਾਬੰਦੀ ਕਰ ਕੇ ਖੁੱਲ੍ਹੇ ’ਚ ਕੂੜਾ ਸੁੱਟਣ ਵਾਲਿਆ ਦੇ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਥੇ ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦੇ ਲੋਕਾਂ ਖਿਲਾਫ਼ ਐੱਫ. ਆਈ. ਆਰ. ਵੀ ਦਰਜ ਕਰਵਾਈ ਜਾਵੇਗੀ। ਇਹ ਜਾਣਕਾਰੀ ਕਮਿਸ਼ਨਰ ਆਦਿੱਤਿਆ ਵਲੋਂ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਖੁੱਲ੍ਹੇ ’ਚ ਕੂੜਾ ਇਕੱਠਾ ਹੋਣ ਦੀ ਵਜ੍ਹਾ ਨਾਲ ਸਵੱਛਤਾ ਸਰਵੇਖਣ ’ਚ ਲੁਧਿਆਣਾ ਦੀ ਰੈਂਕਿੰਗ ਡਾਊਨ ਆ ਰਹੀ ਹੈ, ਉਥੇ ਬਾਹਰ ਤੋਂ ਆਉਣ ਵਾਲੇ ਲੋਕਾਂ ’ਚ ਸ਼ਹਿਰ ਦੀ ਇਮੇਜ਼ ਖ਼ਰਾਬ ਹੁੰਦੀ ਹੈ, ਜਿਸ ਦੇ ਮੱਦੇਨਜ਼ਰ ਕਈ ਵਾਰ ਮਾਰਕੀਟ ਐਸੋਸੀਏਸ਼ਨ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਦੁਕਾਨਦਾਰਾਂ ਵਲੋਂ ਖੁੱਲ੍ਹੇ ’ਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਗਈ ਪਰ ਸਫ਼ਾਈ ਵਿਵਸਥਾ ’ਚ ਸੁਧਾਰ ਲਿਆਉਣ ਦੇ ਮਾਮਲੇ ’ਚ ਲੋਕਾਂ ਵਲੋਂ ਜ਼ਰੂਰੀ ਸਹਿਯੋਗ ਨਹੀਂ ਦਿੱਤਾ ਗਿਆ, ਜਿਸ ਦੇ ਮੱਦੇਨਜ਼ਰ ਸਖ਼ਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਰਾਤ ਨੂੰ ਨਾਕਾਬੰਦੀ ਕਰ ਕੇ ਖੁੱਲ੍ਹੇ ’ਚ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਕੂੜੇ ਨੂੰ ਡੰਪ ਤੱਕ ਪਹੁੰਚਾਉਣ ਦੀ ਬਜਾਏ ਸੜਕਾਂ-ਗਲੀਆਂ ਦੇ ਕਿਨਾਰਿਆਂ ਜਾਂ ਘਰਾਂ ਦੇ ਬਾਹਰ ਸੁੱਟ ਰਹੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ 100 ਚਲਾਨ ਕੱਟੇ ਗਏ ਹਨ, ਉਨਾਂ ਨੇ 500 ਤੋਂ 5000 ਤੱਕ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਦੁਬਾਰਾ ਖੁੱਲ੍ਹੇ ’ਚ ਕੂੜਾ ਸੁੱਟਣ ਵਾਲਿਆਂ ’ਤੇ ਨਗਰ ਨਿਗਮ ਐੱਫ. ਆਈ. ਆਰ. ਦਰਜ ਕਰਵਾਏਗਾ। ਇਸ ਸਬੰਧੀ ’ਚ ਫੋਟੋ ਤੇ ਲੋਕੇਸ਼ਨ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਜਲਦੀ ਨੰਬਰ ਜਾਰੀ ਕਰਨ ਦੀ ਗੱਲ ਕਮਿਸ਼ਨਰ ਵਲੋਂ ਕਹੀ ਗਈ ਹੈ।
ਤੀਜੀ ਅੱਖ ਨਾਲ ਹੋਵੇਗੀ ਨਿਗਰਾਨੀ, ਕੂੜਾ ਸਾੜਨ ਵਾਲਿਆਂ ਦਾ ਹੋਵੇਗਾ 25000 ਜੁਰਮਾਨਾ
ਖੁੱਲ੍ਹੇ ’ਚ ਕੂੜਾ ਸੁੱਟਣ ਤੋਂ ਇਲਾਵਾ ਇਕ ਹੋਰ ਸਮੱਸਿਆ ਕੂੜਾ ਸਾੜਨ ਦੀ ਆ ਰਹੀ ਹੈ। ਇਸ ਸਬੰਧ ’ਚ ਐੱਨ. ਜੀ. ਓ. ਦੇ ਮੈਂਬਰਾਂ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਨਗਰ ਨਿਗਮ ਦੇ ਅਫ਼ਸਰ ਹਰਕਤ ’ਚ ਨਜ਼ਰ ਆ ਰਹੇ ਹਨ। ਕਮਿਸ਼ਨਰ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਦੇ ਅਧੀਨ ਜੋ ਕੈਮਰੇ ਲਗਾਏ ਗਏ ਹਨ, ਉਨ੍ਹਾਂ ਦਾ ਫੋਕਸ ਖੁੱਲ੍ਹੇ ’ਚ ਕੂੜਾ ਸੁੱਟਣ ਵਾਲੇ ਪੁਆਇੰਟ ’ਤੇ ਕੀਤਾ ਗਿਆ ਹੈ, ਜਿਸ ਨਾਲ ਕੂੜਾ ਸਾੜਨ ਵਾਲੇ ਲੋਕਾਂ ਦੀ ਪਛਾਣ ਕਰ ਕੇ 25000 ਜੁਰਮਾਨਾ ਲਗਾਇਆ ਜਾਵੇਗਾ ।
ਸਤਲੁਜ ਦਰਿਆ ਨੇੜੇ 2 ਮਹਿਲਾ ਸਮੱਗਲਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ
NEXT STORY