ਸੰਗਤ ਮੰਡੀ(ਮਨਜੀਤ)-ਪਿੰਡ ਬਾਹੋ ਯਾਤਰੀ ਵਿਖੇ ਇਕ ਖ਼ੇਤ ਮਜ਼ਦੂਰ ਤੂੜੀ ਬਣਾਉਂਦੇ ਸਮੇਂ ਅਚਾਨਕ ਮਸ਼ੀਨ 'ਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿਸਾਨਾਂ ਵੱਲੋਂ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਖ਼ੇਤ ਮਜ਼ਦੂਰ ਪ੍ਰਿਤਪਾਲ ਸਿੰਘ ਉਰਫ਼ ਪ੍ਰੀਤਾ (32) ਪੁੱਤਰ ਬੁੱਧ ਸਿੰਘ ਪਿੰਡ ਦੇ ਹੀ ਮਨਜੀਤ ਸਿੰਘ ਦੀ ਤੂੜੀ ਬਣਾਉਣ ਵਾਲੀ ਮਸ਼ੀਨ 'ਤੇ ਚਾਲਕ ਵਜੋਂ ਕੰਮ ਕਰਦਾ ਹੈ। ਅੱਜ ਜਦੋਂ ਉਹ ਪਿੰਡ ਦੇ ਕਿਸਾਨ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਲਾਭ ਸਿੰਘ ਦੇ ਖ਼ੇਤ 'ਚ ਮਸ਼ੀਨ ਨਾਲ ਤੂੜੀ ਬਣਾ ਰਿਹਾ ਸੀ ਤਾਂ ਹੌਲੀ-ਹੌਲੀ ਚਲਦੇ ਟ੍ਰੈਕਟਰ ਦੀਆਂ ਜਾਲੀਆਂ ਦੀ ਸਫ਼ਾਈ ਦੌਰਾਨ ਉਹ ਟ੍ਰੈਕਟਰ 'ਤੇ ਚੜ੍ਹਨ ਸਮੇਂ ਪੈਰ ਫ਼ਿਸਲ ਜਾਣ ਕਾਰਨ ਡਿੱਗ ਗਿਆ ਅਤੇ ਉਸ ਦੇ ਉਪਰੋਂ ਟਰੈਕਟਰ ਦਾ ਵੱਡਾ ਟਾਇਰ ਲੰਘਣ ਤੋਂ ਬਾਅਦ ਉਹ ਤੂੜੀ ਬਣਾਉਣ ਵਾਲੀ ਮਸ਼ੀਨ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦਾ ਇਕ ਹੱਥ ਕੱਟ ਕੇ ਵੱਖ ਹੋ ਗਿਆ। ਉਥੇ ਕੰਮ ਕਰਦੇ ਹੋਰ ਕਿਸਾਨਾਂ ਨੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਚੁੱਕ ਕੇ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਹੈ।
ਆਈਸ ਫੈਕਟਰੀ ਦੀ ਫਿਰ ਤੋਂ ਸ਼ੁਰੂ ਹੋ ਰਹੀ ਤਿਆਰੀ ਕਾਰਨ ਇਲਾਕਾ ਨਿਵਾਸੀਆਂ 'ਚ ਡਰ ਦਾ ਮਾਹੌਲ
NEXT STORY