ਮਜੀਠਾ (ਸਰਬਜੀਤ ਵਡਾਲਾ) : 'ਅਜੈ ਦਿੱਲੀ ਦੂਰ ਹੈ'' ਵਾਲੀ ਕਹਾਵਤ ਅੱਜਕੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵਿਧਾਨ ਸਭਾ ਹਲਕਿਆਂ 'ਚ ਉਠ ਰਹੇ ਟਿਕਟ ਦੇ ਚਾਹਵਾਨ ਦੋ-ਦੋ ਦਾਅਵੇਦਾਰਾਂ 'ਤੇ ਫਿਟ ਬੈਠ ਰਹੀ ਹੈ। ਕਿਉਂਕਿ ਅਜੇ ਪੰਜਾਬ ਵਿਚਲੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਡੇਢ ਸਾਲ ਦਾ ਕਾਰਜਕਾਲ ਬਾਕੀ ਰਹਿੰਦਾ ਹੈ ਅਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ (ਬ) ਧੜੇ ਨਾਲ ਸਬੰਧਤ ਟਿਕਟ ਦੇ ਦਾਅਵੇਦਾਰ ਹੁਣੇ ਤੋਂ ਹੀ ਟਿਕਟ ਲਈ ਆਪਣੀ ਜ਼ੋਰ-ਅਜਮਾਈ ਕਰਦੇ ਹੋਏ ਆਪੋ-ਆਪਣੇ ਸਿਆਸੀ ਆਕਾਵਾਂ ਤਕ ਪਹੁੰਚ ਕਰ ਰਹੇ ਹਨ। ਉਸ ਤੋਂ ਲੱਗਦਾ ਹੈ ਨਹੀਂ ਕਿ ਅਕਾਲੀ ਹਾਈਕਮਾਂਡ ਇਸ ਬਾਰੇ ਇੰਨੀ ਜਲਦੀ ਫੈਸਲਾ ਲੈ ਲਵੇਗੀ ਕਿਉਂਕਿ 2022 'ਚ ਹੋਣ ਵਾਲੀਆਂ ਪੰਜਾਬ ਵਿਧਾਨ ਚੋਣਾਂ ਨੂੰ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਫੂਕ-ਫੂਕ ਕੇ ਹਰ ਕਦਮ ਚੱਲਣਾ ਪਵੇਗਾ। ਜਿੱਤ ਦਾ ਦਮ-ਖਮ ਰੱਖਣ ਵਾਲੇ ਮਜ਼ਬੂਤ ਦਾਅਵੇਦਾਰ ਦੀ ਪਛਾਣ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਖੂ ਅੱਖ ਹੀ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਹੇਠਾਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 'ਚ ਪੈਂਦੇ ਵਿਧਾਨ ਸਭਾ ਹਲਕਿਆਂ 'ਚ ਕਿਹੜੇ-ਕਿਹੜੇ ਹਨ ਦੋ-ਦੋ ਦਾਅਵੇਦਾਰ
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸਬੰਧ ਰੱਖਣ ਵਾਲੇ ਦੋ-ਦੋ ਦਾਅਵੇਦਾਰ ਹੁਣ ਤੋਂ ਹੀ 2022 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਟਿਕਟ ਪ੍ਰਾਪਤ ਕਰਨ ਹਿੱਤ ਆਪੋ-ਆਪਣੀ ਦਾਅਵੇਦਾਰ ਪੱਕੀ ਕਰੀ ਬੈਠੇ ਹਨ। ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਅੰਮ੍ਰਿਤਸਰ ਦਿਹਾਤੀ ਦੇ ਜ਼ਿਆਦਾਤਰ ਵਿਧਾਨ ਸਭਾ ਹਲਕਿਆਂ ਵਿਚ ਦੋ-ਦੋ ਦਾਅਵੇਦਾਰ ਉੁਠ ਖੜ੍ਹੇ ਹੋਏ ਹਨ। ਵਿਧਾਨ ਸਭਾ ਹਲਕਾ ਮਜੀਠਾ ਦੀ ਗੱਲ ਕਰੀਏ ਤਾਂ ਉੱਥੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਿਨਟ ਮੰਤਰੀ ਪੰਜਾਬ, ਜੋ ਕਿ ਇਕ ਘਾਗ ਸਿਆਸਤਦਾਨ ਹਨ, ਦੇ ਮੂਹਰੇ ਅੱਜ ਤਕ ਦੂਜਾ ਦਾਅਵੇਦਾਰ ਅਕਾਲੀ ਦਲ ਵਲੋਂ ਕੋਈ ਨਹੀਂ ਬਣਿਆ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)
ਵਿਧਾਨ ਸਭਾ ਹਲਕਾ ਮਜੀਠਾ
ਵਿਧਾਨ ਸਭਾ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਨੇ ਲਗਾਤਾਰ 3 ਵਾਰ ਚੋਣ ਜਿੱਤ ਕੇ ਜਿੱਥੇ ਮਜੀਠਾ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਹਨ, ਉਥੇ ਹੀ ਇਥੇ ਅੱਜ ਤਕ ਅਕਾਲੀ ਦਲ ਵਲੋਂ ਦੂਜਾ ਕੋਈ ਵੀ ਦਾਅਵੇਦਾਰ ਉੱਠ ਨਹੀਂ ਸਕਿਆ ਕਿਉਂਕਿ ਮਜੀਠੀਆ ਨੇ ਅਕਾਲੀ ਸਰਕਾਰ ਸਮੇਂ ਰੱਜ ਕੇ ਹਲਕਾ ਮਜੀਠਾ ਦਾ ਵਿਕਾਸ ਕਰਵਾਇਆ। ਹੋਰ ਤਾਂ ਹੋਰ ਮਜੀਠੀਆ ਦਾ ਅਕਾਲੀ ਦਲ ਦੀ ਸਿਆਸਤ 'ਚ ਕੱਦ ਇੰਨਾ ਉੱਚਾ ਹੋ ਚੁੱਕਿਆ ਹੈ ਕਿ ਅਕਾਲੀ ਦਲ ਵਲੋਂ ਦੂਜਾ ਕੋਈ ਵੀ ਦਾਅਵੇਦਾਰ ਇਥੇ ਨਹੀਂ ਆ ਸਕਿਆ। ਇਸ ਲਈ ਇਸ ਹਲਕੇ ਤੋਂ ਮਜੀਠੀਆ ਦੀ ਟਿਕਟ ਪੱਕੀ ਹੈ।
ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਟੱਲੀ ASI ਨੇ ਹੁਣ ਆ ਕੀ ਕਰ ਦਿੱਤਾ, ਵੀਡੀਓ ਹੋ ਰਹੀ ਹੈ ਵਾਇਰਲ
ਵਿਧਾਨ ਸਭਾ ਹਲਕਾ ਅਜਨਾਲਾ
ਜੇਕਰ ਹਲਕਾ ਅਜਨਾਲਾ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਕਹਿਣ 'ਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਇਕ ਇੱਥੇ ਅਜਨਾਲਾ ਪਰਿਵਾਰ ਵਲੋਂ ਜਾਣੇ ਜਾਂਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਬਦਬਾ ਰਿਹਾ ਹੈ ਅਤੇ ਦੂਜਾ ਪਿਛਲੀ ਅਕਾਲੀ-ਭਾਜਪਾ ਦੇ ਗੱਠਜੋੜ ਸਰਕਾਰ ਸਮੇਂ ਬੋਨੀ ਅਜਨਾਲਾ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਸਦਕਾ ਹੀ ਲੋਕਾਂ ਨੇ ਇਨ੍ਹਾਂ ਨੂੰ ਦੋ ਵਾਰ ਵਿਧਾਇਕ ਬਣਾ ਕੇ ਵਿਧਾਨ ਸਭਾ 'ਚ ਭੇਜਿਆ ਸੀ। ਪਰ ਕੁਝ ਸਮਾਂ ਪਹਿਲਾਂ ਬੋਨੀ ਅਜਨਾਲਾ ਨੇ ਬਾਗੀ ਸੁਰ ਦਿਖਾਉਂਦਿਆਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣਾ ਬਿਹਤਰ ਸਮਝਿਆ ਸੀ ਪਰ ਦੁਬਾਰਾ ਅਕਾਲੀ ਦਲ 'ਚ ਮੁੜ ਘਰ ਵਾਪਸੀ ਕਰਦਿਆਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਸ਼ਾਮਲ ਹੋਏ ਪਰ ਉਸ ਸਮੇਂ ਦੌਰਾਨ ਹਲਕਾ ਅਜਨਾਲਾ ਦੇ ਲਾਵਾਰਿਸ ਹੋਣ 'ਤੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਖਾਸਮਖਾਸ ਜੋਧ ਸਿੰਘ ਸਮਰਾ ਦੇ ਹੱਥ ਹਲਕਾ ਅਜਨਾਲਾ ਦੀ ਕਮਾਂਡ ਦਿੰਦਿਆਂ ਹਲਕਾ ਇੰਚਾਰਜ ਲਾ ਦਿੱਤਾ। ਹੁਣ ਜਦੋਂ ਬੋਨੀ ਅਜਨਾਲਾ ਦੇ ਵਾਪਸ ਪਾਰਟੀ 'ਚ ਆਉਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਇਸ ਹਲਕੇ 'ਚੋਂ ਧੜੇਬੰਦੀ ਨੂੰ ਖ਼ਤਮ ਕਰਦਿਆਂ ਬੋਨੀ ਅਜਨਾਲਾ ਅਤੇ ਸਮਰਾ ਦਰਮਿਆਨ ਸੁਲਾਹ ਕਰਵਾ ਦਿੱਤੀ ਸੀ ਪਰ ਹੁਣ ਇਸ ਹਲਕੇ ਤੋਂ ਅਕਾਲੀ ਦਲ ਵਲੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਬੋਨੀ ਅਜਨਾਲਾ ਹੀ ਲੱਗਦੇ ਹਨ।
ਇਹ ਵੀ ਪੜ੍ਹੋ : ਐੱਨ. ਡੀ. ਪੀ. ਐੱਸ. ਐਕਟ 'ਚ ਲੋੜੀਂਦਾ ਭਗੌੜਾ ਗ੍ਰਿਫ਼ਤਾਰ
ਵਿਧਾਨ ਸਭਾ ਹਲਕਾ ਰਾਜਾਸਾਂਸੀ
ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ ਭਾਵੇਂ ਖੁਦ ਨੂੰ ਟਿਕਟ ਦਾ ਮਜ਼ਬੂਤ ਦਾਅਦੇਵਾਰ ਦੱਸ ਰਹੇ ਹਨ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਆਸ਼ੀਰਵਾਦ ਨਾਲ ਹਲਕਾ ਰਾਜਾਸਾਂਸੀ ਤੋਂ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਵੀ ਟਿਕਟ ਪ੍ਰਾਪਤ ਕਰਕੇ ਵਿਧਾਨ ਸਭਾ ਚੋਣਾਂ ਦੇ ਹੋਣ ਵਾਲੇ ਸੰਗਰਾਮ 'ਚ ਕੁੱਦਣ ਲਈ ਅੰਦਰ ਹੀ ਅੰਦਰ ਤਿਆਰ ਬੈਠੇ ਹਨ। ਇਥੇ ਇਹ ਵੀ ਦੱਸਦੇ ਜਾਈਏ ਕਿ ਚਾਹੇ ਹਲਕਾ ਰਾਜਾਸਾਂਸੀ ਨੇ ਇਕ ਪੰਥਕ ਹਲਕਾ ਹੋਣ ਦੇ ਨਾਤੇ ਲੋਕ ਸਭਾ ਚੋਣਾਂ 'ਚ ਆਪਣੀ ਬੜਤ ਬਣਾ ਕੇ ਰੱਖੀ ਪਰ ਲਗਾਤਾਰ 3 ਵਾਰ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਵੀਰ ਸਿੰਘ ਲੋਪੋਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਣ ਹੋ ਸਕਦਾ ਹੈ ਕਿ ਇਸ ਵਾਰ ਦੀ ਚੋਣ ਲੜਨੀ ਵੀਰ ਸਿੰਘ ਲਈ ਮੁਸ਼ਕਲ ਹੋ ਜਾਵੇ ਕਿਉਂਕਿ ਕਿਆਸ ਲਾਏ ਜਾ ਰਹੇ ਹਨ ਕਿ ਇਸ ਵਾਰ ਹਲਕਾ ਰਾਜਾਸਾਂਸੀ ਤੋਂ ਅਕਾਲੀ ਦਲ ਵਲੋਂ ਟਿਕਟ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਨੂੰ ਦੇ ਕੇ ਅਕਾਲੀ ਹਾਈਕਮਾਂਡ ਆਪਣਾ ਦਾਅ ਖੇਡ ਸਕਦੀ ਹੈ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ
ਹਲਕਾ ਜੰਡਿਆਲਾ ਗੁਰੂ 'ਚ ਅਕਾਲੀ ਦਲ ਵਲੋਂ ਟਿਕਟ ਪ੍ਰਾਪਤ ਕਰਨ ਲਈ ਡਾ. ਦਲਬੀਰ ਸਿੰਘ ਵੇਰਕਾ ਪੂਰੀ ਤਰ੍ਹਾਂ ਜ਼ੋਰ ਲਾਉਂਦੇ ਹੋਏ ਵਿਧਾਇਕ ਦੀ ਕੁਰਸੀ 'ਤੇ ਬੈਠਣ ਦਾ ਮਨ ਬਣਾਈ ਬੈਠੇ ਹਨ। ਭਾਵੇਂ ਮਲਕੀਤ ਏ. ਆਰ. ਸਾਬਕਾ ਵਿਧਾਇਕ ਵੀ ਆਪਣੀ ਟਿਕਟ ਪੱਕੀ ਸਮਝੀ ਬੈਠੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਕਿਸ ਦੀ ਮੋਹਰ ਲੱਗਦੀ ਹੈ ਅਤੇ ਕੌਣ ਕਿਸਦੀ ਬਾਜ਼ੀ ਪੁਆਉਂਦਾ ਹੈ ਕਿਉਂਕਿ ਹਰੇਕ ਦਾਅਵੇਦਾਰ ਟਿਕਟ ਦੀ ਇੱਛਾ ਨੂੰ ਲੈ ਕੇ ਆਪਣੇ-ਆਪਣੇ ਸਿਆਸੀ ਆਕਾਵਾਂ ਤਕ ਪਹੁੰਚ ਕਰਨੋਂ ਘੱਟ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ : ਲੌਂਗੋਵਾਲ ਤੇ ਡਾ. ਰੂਪ ਸਿੰਘ ਦੇ ਰਿਸ਼ਤੇ 'ਚ ਆਈ ਦਰਾਰ, ਵੇਖੋ ਕਿਉਂ ਵਧੀਆਂ ਦੂਰੀਆਂ! (ਵੀਡੀਓ)
ਵਿਧਾਨ ਸਭਾ ਹਲਕਾ ਬਾਬਾ ਬਕਾਲਾ
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਵੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲਈ ਦੋ ਪ੍ਰਮੁੱਖ ਦਾਅਵੇਦਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਪਹਿਲਾ ਨਾਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦਾ ਹੈ ਅਤੇ ਦੂਜਾ ਬਲਜੀਤ ਸਿੰਘ ਜਲਾਲਉਸਮਾ ਦਾ। ਇਨ੍ਹਾਂ ਤੋਂ ਇਲਾਵਾ ਇਸ ਹਲਕੇ ਤੋਂ ਯੂਥ ਆਗੂ ਵੀ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨ 'ਚ ਪਿੱਛੇ ਨਹੀਂ ਰਹਿਣ ਵਾਲੇ। ਅਕਾਲੀ ਹਾਈਕਮਾਂਡ ਨੂੰ ਇਹ ਸੋਚ-ਸਮਝ ਕੇ ਨਿਸ਼ਚਿਤ ਕਰਨਾ ਪਵੇਗਾ ਕਿ ਹਲਕਾ ਬਾਬਾ ਬਕਾਲਾ ਦੀ ਵਾਗਡੋਰ ਕਿਸ ਦੇ ਹੱਥ 'ਚ ਦਿੱਤੀ ਜਾਵੇ।
ਇਹ ਵੀ ਪੜ੍ਹੋ : NIA ਨੇ ਕੱਸਿਆ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ 'ਤੇ ਸ਼ਿਕੰਜਾ, ਜ਼ਮੀਨ 'ਤੇ ਹੋਵੇਗਾ ਕਬਜ਼ਾ
ਵਿਧਾਨ ਸਭਾ ਹਲਕਾ ਅਟਾਰੀ
ਅਟਾਰੀ ਵਿਧਾਨ ਸਭਾ ਹਲਕਾ ਹੈ 'ਚ ਸਿਰਫ਼ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਹੀ ਅਕਾਲੀ ਦਲ ਵਲੋਂ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆ ਰਹੇ ਹਨ, ਜਿਸ ਕਾਰਣ ਅਕਾਲੀ ਹਾਈਕਮਾਂਡ ਵੀ ਰਣੀਕੇ ਨੂੰ ਚੋਣ ਮੈਦਾਨ 'ਚ ਉਤਾਰ ਦੇਵੇਗੀ ਕਿਉਂਕਿ ਇਸ ਵੇਲੇ ਦੂਜਾ ਕੋਈ ਵੀ ਦਾਅਵੇਦਾਰ ਇਸ ਹਲਕੇ ਤੋਂ ਨਜ਼ਰ ਨਹੀਂ ਆ ਰਿਹਾ ਅਤੇ ਜੇਕਰ ਭਵਿੱਖ 'ਚ ਕੋਈ ਨਵਾਂ ਚਿਹਰਾ ਸਾਹਮਣੇ ਆਉਂਦਾ ਹੈ ਤਾਂ ਅਕਾਲੀ ਦਲ ਨੂੰ ਸੋਚ-ਸਮਝ ਕੇ ਫ਼ੈਸਲਾ ਲੈਣਾ ਪਵੇਗਾ ਕਿਉਂਕਿ ਰਣੀਏ ਲੰਮੇ ਅਰਸੇ ਤੋਂ ਅਕਾਲੀ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਇਸ ਲਈ ਰਣੀਕੇ ਨੂੰ ਨਜ਼ਰਅੰਦਾਜ਼ ਕਰਨਾ ਵੀ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣ ਸਕਦਾ ਹੈ।
ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਟਰਾਂਸਪੋਰਟ ਮੁਲਾਜ਼ਮ, ਭੁੱਖ-ਹੜਤਾਲ ਦੂਜੇ ਦਿਨ ਵੀ ਜਾਰੀ
NEXT STORY