ਚੰਡੀਗੜ੍ਹ : ਪੰਜਾਬ ਰਾਜਪਾਲ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ ਕਰਨ ਤੋਂ ਬਾਅਦ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ, ਇਹ ਇਕ ਡਰਾਮਾ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸੈਸ਼ਨ ਭਰੋਸਗੀ ਮਤੇ ਲਈ ਸੱਦਿਆ ਗਿਆ ਸੀ ਪਰ ਜੇਕਰ ਲੋਕਾਂ ਦੇ ਮਾਨ ਸਰਕਾਰ 'ਤੇ ਭਰੋਸੇ ਦੀ ਗੱਲ ਕੀਤੀ ਜਾਵੇ ਤਾਂ ਉਹ ਸੰਗਰੂਰ ਜ਼ਿਮਨੀ ਚੋਣ 'ਚ ਹੀ ਸਾਫ਼ ਹੋ ਗਿਆ ਸੀ। ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ ਅਤੇ ਜੇਕਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਭਰੋਸਗੀ ਮਤਾ ਪੇਸ਼ ਕੀਤੀ ਹੈ ਤਾਂ ਉਨ੍ਹਾਂ ਦੇ ਨਾਂ ਜਨਤਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੋ ਕੇਜਰੀਵਾਲ ਵੱਲੋਂ ਦਿੱਲੀ 'ਚ ਡਰਾਮਾ ਰਚਿਆ ਜਾਂਦਾ ਰਿਹਾ ਹੈ, ਉਹ ਹੁਣ ਪੰਜਾਬ 'ਚ ਵੀ ਹੋ ਰਿਹਾ ਹੈ।
ਮਜੀਠੀਆ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦਾ ਰੌਲਾ 14 ਤਾਰੀਖ਼ ਤੋਂ ਸ਼ੁਰੂ ਹੋਇਆ ਹੈ, ਜਦੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਪੰਜਾਬ ਦੇ ਲੋਕਤੰਤਰ ਨੂੰ ਖ਼ਤਰਾ ਹੈ ਅਤੇ ਇਲਜ਼ਾਮ ਲਾਏ ਗਏ ਸਨ ਕਿ ਭਾਜਪਾ ਵੱਲੋਂ ਵਿਧਾਇਕਾਂ ਦੀ ਖ਼ਰੀਦੋ-ਫਿਰੋਖਤ ਕੀਤਾ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਹਰਪਾਲ ਚੀਮਾ ਉਸ ਦਿਨ ਕਹਿ ਰਹੇ ਸੀ ਕਿ ਉਹ 10 ਵਿਧਾਇਕਾਂ ਨੂੰ ਨਾਲ ਲੈ ਕੇ ਡੀ.ਜੀ.ਪੀ. ਕੋਲ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ। ਇਸ ਤੋਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਭਾਜਪਾ ਦੇ ਨੋਟ ਖ਼ੁਦ ਹੀ ਗਿਣ ਰਹੇ ਹੋਣ।
ਇਹ ਵੀ ਪੜ੍ਹੋ- 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ਹਿਰ, ਹਾਲਤ ਨਾਜ਼ੁਕ
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਸ ਸ਼ਿਕਾਇਤ ਦੀ ਕਾਪੀ ਤੁਹਾਡੇ ਤੱਕ ਪਹੁੰਚੀ ਹੈ ? ਕੀ ਉਸ ਨੂੰ ਜਨਤਕ ਕੀਤਾ ਗਿਆ ਹੈ? ਉਨ੍ਹਾਂ ਕਿਹਾ ਕਿ ਉਹ ਐੱਫ਼.ਆਈ.ਆਰ. ਝੂਠ ਦਾ ਪੁਲੰਦਾ ਹੈ। ਮਜੀਠੀਆ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਆਪ੍ਰੇਸ਼ਨ ਲੋਟਸ ਦਾ ਰੌਲਾ ਪਾਇਆ ਜਾ ਰਿਹਾ ਹੈ , ਉਸ ਕਾਰਵਾਈ ਕੀਤਾ ਜਾਣੀ ਚਾਹੀਦੀ ਹੈ ਅਤੇ ਜੋ ਸੱਚਾਈ ਹੈ ਉਸ ਨੂੰ ਲੋਕਾਂ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਜੇਕਰ ਭਾਜਪਾ 'ਤੇ ਲੱਗੇ ਇਲਜਾਮ ਸੱਚ ਹਨ , ਤਾਂ ਉਸ ਦਾ ਸਖ਼ਤ ਨੋਟਿਸ ਲਿਆ ਜਾਵੇ ਪਰ ਜੇਕਰ ਪੰਜਾਬ ਸਰਕਾਰ ਵੱਲੋਂ ਲਾਏ ਇਲਜ਼ਾਮ ਗ਼ਲਤ ਹਨ ਤਾਂ ਸਰਕਾਰ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਲੋਕਾਂ ਦੇ ਭਰੋਸਾ ਦਾ ਜਾਇਜ਼ਾ ਹੀ ਲੈਣਾ ਹੈ ਤਾਂ ਆਪਣੀ ਵਿਧਾਨ ਸਭਾ ਨੂੰ ਰੱਦ ਕਰਕੇ ਮੁੜ ਤੋਂ ਚੋਣਾਂ ਕਰਵਾ ਲਓ। ਇਸ ਤੋਂ ਪਤਾ ਲੱਗ ਜਾਵੇਗਾ ਕਿ ਲੋਕਾਂ ਨੂੰ ਤੁਹਾਡੇ 'ਤੇ ਕਿੰਨਾ ਕੁ ਯਕੀਨ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਰਾਬ ਪੀ ਕੇ ਸਫ਼ਰ ਕਰਨ ਦੇ ਇਲਜ਼ਾਮ ਲਾਏ ਗਏ ਹਨ , ਉਸ ਗੱਲ ਦਾ ਵੀ ਨਿਪਟਾਰਾ ਕੀਤਾ ਜਾਵੇ। ਇਸ ਮਾਮਲੇ 'ਚ ਜਾ ਤਾਂ ਮੁੱਖ ਮੰਤਰੀ ਮਾਨ ਆਪ ਹੀ ਹਵਾਈ ਅੱਡਾ ਪ੍ਰਸ਼ਾਸਨ ਜਾਂ ਕੇਂਦਰ ਨੂੰ ਪੱਤਰ ਲਿਖ ਕੇ ਇਸ ਦੀ ਰਿਪੋਰਟ ਮੰਗਵਾ ਲੈਣ ਜਾਂ ਫਿਰ ਉਨ੍ਹਾਂ ਦੇ ਮੁਲਾਜ਼ਮਾਂ ਦੀ ਕਾਰਵਾਈ ਕੀਤੀ ਜਾਵੇ ਜੋ ਭਗਵੰਤ ਮਾਨ ਦੇ ਨਾਲ ਸਨ। ਮਜੀਠੀਆ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਬਲਾਇਆ ਵਿਧਾਨ ਸਭਾ ਸੈਸ਼ਨ ਭਰੋਸਗੀ ਮਤਾ ਲਈ ਸੀ ਪਰ ਕਿਦੇ ਵੀ ਮੂਸੇਵਾਲਾ ਕਤਲਕਾਂਡ , ਅਗਨੀਪੱਥ ਸਕੀਮ ਸੰਬੰਧੀ, ਪੰਜਾਬ 'ਚ ਪਾਣੀ ਦੇ ਮੁੱਦਿਆਂ ਸੰਬੰਧੀ, ਕਰਜ਼ਾ ਲੈਣ ਸੰਬੰਧੀ ਜਾਂ ਮੀਤ ਹੇਅਰ ਦੇ ਘਰ ਬਾਹਰ ਬੇਰਹਿਮੀ ਨਾਲ ਕੁੱਟੇ ਜਾਣ ਸੰਬੰਧੀ ਇਸ ਤਰ੍ਹਾਂ ਦੇ ਸੈਸ਼ਨ ਨਹੀਂ ਬੁਲਾਏ ਗਏ । ਉਨ੍ਹਾਂ ਕਿਹਾ ਕਿ ਸਰਕਾਰ ਬਣ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਸਰਕਾਰ ਬਣਨ 'ਤੇ ਇਕ ਵੀ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਪਰ ਖ਼ੁਦਕੁਸ਼ੀਆਂ ਦਾ ਦਰ ਤਾਂ ਲਗਾਤਾਰ ਵਧ ਰਿਹਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ 'ਚ ਬਜ਼ੁਰਗਾਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਤੇਜ਼ੀ ਨਾਲ ਕੀਤਾ ਗਿਆ ਨਿਪਟਾਰਾ : ਡਾ. ਬਲਜੀਤ ਕੌਰ
NEXT STORY