ਜਲੰਧਰ (ਖੁਰਾਣਾ)— ਜਲੰਧਰ ਦੇ ਮੇਅਰ ਜਗਦੀਸ਼ ਰਾਜ ਰਾਜਾ ਦੇ ਐਕਸ਼ਨ 'ਚ ਆਉਂਦੇ ਹੀ ਨਗਰ ਨਿਗਮ ਦੀ ਟੀਮ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਪਾਪਾ ਵਿਸਕੀ ਤੇ ਬਰਿਊ ਮਾਸਟਰ ਨੂੰ ਸੀਲ ਕਰ ਦਿੱਤਾ ਹੈ। ਬਰਿਊ ਮਾਸਟਰ ਅਕਾਲੀ ਦਲ ਦੇ ਨੇਤਾ ਸਰਬਜੀਤ ਸਿੰਘ ਮੱਕੜ ਦੀ ਚੁਨਮੁੰਨ ਇਮਾਰਤ 'ਚ ਹੋਣ ਨਾਲ ਅਕਾਲੀ ਦਲ ਦੇ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗੈਰ-ਕਾਨੂੰਨੀ ਨਿਰਮਾਣਾਂ 'ਤੇ ਸਖਤੀ ਦੇ ਕਰੀਬ 10 ਦਿਨਾਂ ਬਾਅਦ ਨਿਗਮ ਅਫਸਰਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਇਸ 'ਚ ਮਾਡਲ ਟਾਊਨ 'ਚ ਤਮਾਸ਼ਾ, ਸਪਰਾ ਟਾਵਰ, ਬਰਨ ਜਿਮ, ਪਾਪਾ ਵ੍ਹਿਸਕੀ ਅਤੇ ਬਿਊ ਮਾਸਟਰ ਦੀਆਂ ਇਮਾਰਤਾਂ ਗੈਰ-ਕਾਨੂੰਨੀ ਪਾਈਆਂ ਗਈਆਂ ਹਨ। ਇਨ੍ਹਾਂ ਨੂੰ ਸੀਲ ਕਰਨ ਅਤੇ ਡਿੱਗਾਉਣ ਦੀ ਸਿਫਾਰਿਸ਼ ਨਿਗਮ ਅਫਸਰਾਂ ਨੇ ਆਪਣੀ ਰਿਪੋਰਟ 'ਚ ਕੀਤੀ ਹੈ। ਇਨ੍ਹਾਂ ਇਮਾਰਤਾਂ 'ਚ ਕੁਝ ਹਿੱਸਾ ਬਿਲਡਿੰਗ ਕੰਪਾਊਂਡਿੰਗ ਫੀਸ ਜਮ੍ਹਾ ਕਰਵਾ ਕੇ ਕੀਤਾ ਜਾ ਸਕਦਾ ਹੈ ਪਰ ਜ਼ਿਆਦਾਤਰ ਹਿੱਸਾ ਗੈਰ-ਕਾਨੂੰਨੀ ਹੈ, ਜਿਸ 'ਤੇ ਡਿੱਲ ਚੱਲੇਗੀ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਵਿਧਾਇਕ ਪਰਗਟ ਸਿੰਘ ਨੂੰ ਨਾਲ ਲੈ ਕੇ 14 ਜੂਨ ਨੂੰ ਹੀ ਇਨ੍ਹਾਂ ਸਾਰੇ ਪੱਬਾਂ 'ਤੇ ਰੇਡ ਕੀਤੀ ਸੀ ਅਤੇ ਬਿਲਡਿੰਗ ਬਾਇਲਾਜ, ਪਾਰਕਿੰਗ ਨਾ ਹੋਣ ਅਤੇ ਛੱਤ 'ਤੇ ਨਾਜਾਇਜ਼ ਢੰਗ ਨਾਲ ਟੈਂਪਰੇਰੀ ਸਟਰੱਕਚਰ ਖੜ੍ਹਾ ਕਰਨ ਦੀ ਇਜਾਜ਼ਤ ਦੇਣ ਦੇ ਮਾਮਲਿਆਂ 'ਤੇ ਨਿਗਮ ਅਧਿਕਾਰੀਆਂ ਨੂੰ ਕਾਫੀ ਝਾੜ ਪਾਈ ਸੀ। ਬਰਿਊ ਮਾਸਟਰ ਅਤੇ ਪਾਪਾ ਵ੍ਹਿਸਕੀ ਦਾ ਦੌਰਾ ਕਰਦੇ ਸਮੇਂ ਨਵਜੋਤ ਸਿੱਧੂ ਨੇ ਸਾਫ ਸ਼ਬਦਾਂ ਵਿਚ ਨਿਗਮ ਅਧਿਕਾਰੀਆਂ ਕੋਲੋਂ ਪੁੱਛਿਆ ਸੀ ਕਿ ਉਚੀਆਂ ਬਿਲਡਿੰਗਾਂ ਦੀ ਸਭ ਤੋਂ ਟਾਪ ਫਲੋਰ 'ਤੇ ਬਣੇ ਇਨ੍ਹਾਂ ਸਟਰੱਕਚਰਾਂ ਵਿਚ ਜੇਕਰ ਅੱਗ ਲੱਗ ਜਾਵੇ ਜਾਂ ਕੋਈ ਐਮਰਜੈਂਸੀ ਸਥਿਤੀ ਪੈਦਾ ਹੋ ਜਾਵੇ ਤਾਂ ਭੱਜਣ ਜਾਂ ਬਚਣ ਦਾ ਰਸਤਾ ਕੀ ਹੈ। ਨਵਜੋਤ ਸਿੱਧੂ ਨੇ ਉਸੇ ਵੇਲੇ ਇਨ੍ਹਾਂ ਪੱਬਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਸਨ ਪਰ ਨਿਗਮ ਅਧਿਕਾਰੀਆਂ ਨੇ ਤਿੰਨਾਂ ਪੱਬਾਂ ਦੀ ਪੈਮਾਇਸ਼ ਕਰਨ ਅਤੇ ਫਾਈਲ ਦੇਖਣ ਤੋਂ ਬਾਅਦ ਬੁੱਧਵਾਰ ਸੀਲਿੰਗ ਦੀ ਕਾਰਵਾਈ ਕੀਤੀ।
ਪਾਪਾ ਵ੍ਹਿਸਕੀ ਦੀ ਸਿਰਫ ਉਪਰਲੀ ਮੰਜ਼ਿਲ ਸੀਲ
ਨਿੱਕੂ ਪਾਰਕ ਦੇ ਸਾਹਮਣੇ ਇਕ ਮਲਟੀ ਸਟੋਰੀ ਮਾਲਕ ਵਿਚ ਚੱਲ ਰਿਹਾ ਪਾਪਾ ਵ੍ਹਿਸਕੀ ਬਾਰ ਅਤੇ ਪਬ ਦੀ ਟਾਪ ਫਲੋਰ ਨੂੰ ਹੀ ਨਿਗਮ ਵੱਲੋਂ ਸੀਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਪੱਬ ਉਕਤ ਮਾਲ ਦੀ ਬਿਲਡਿੰਗ ਵਿਚ ਬਣੀ ਉਪਰਲੀ ਮੰਜ਼ਿਲ ਅਤੇ ਟਾਪ ਫਲੋਰ 'ਤੇ ਚੱਲ ਰਿਹਾ ਸੀ। ਸਿੱਧੂ ਦੇ ਨਿਰਦੇਸ਼ਾਂ 'ਤੇ ਨਿਗਮ ਅਧਿਕਾਰੀਆਂ ਨੇ ਸਿਰਫ ਟਾਪ ਫਲੋਰ ਨੂੰ ਹੀ ਸੀਲ ਲਾਈ ਹੈ। ਮਾਲ ਦੀ ਬਿਲਡਿੰਗ ਵਿਚ ਪੱਬ ਅਜੇ ਵੀ ਚੱਲ ਰਿਹਾ ਹੈ।
ਇਸ ਦੌਰਾਨ ਪਾਪਾ ਵ੍ਹਿਸਕੀ ਦੇ ਮਾਲਕ ਜਸਕਰਨਜੀਤ ਸਿੰਘ ਨੇ ਨਿਗਮ ਦੀ ਕਾਰਵਾਈ ਨੂੰ ਧੱਕੇਸ਼ਾਹੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਇਕ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ। ਕਿਸੇ ਦੇ ਕਾਰੋਬਾਰ ਨੂੰ ਇਸ ਤਰ੍ਹਾਂ ਅਚਾਨਕ ਬੰਦ ਕਰ ਦੇਣਾ ਕਿਥੋਂ ਦਾ ਇਨਸਾਫ ਹੈ। ਬਿਲਡਿੰਗ ਦੇ ਸਾਰੇ ਬਾਇਲਾਜ ਪੂਰੇ ਹਨ ਅਤੇ ਉਨ੍ਹਾਂ ਕੋਲ ਸਭ ਤਰ੍ਹਾਂ ਦੀਆਂ ਐੱਨ. ਓ. ਸੀਜ਼ ਹਨ।
ਬਰਿਊ ਮਾਸਟਰ ਦੀ ਨਿਕਾਸੀ 'ਤੇ ਸਵਾਲ
ਮੰਤਰੀ ਨਵਜੋਤ ਸਿੱਧੂ ਨੇ ਵੀ ਬਰਿਊ ਮਾਸਟਰ 'ਤੇ ਛਾਪੇਮਾਰੀ ਦੌਰਾਨ ਸਵਾਲ ਉਠਾਇਆ ਸੀ ਕਿ ਇਸ ਜਗ੍ਹਾ ਵਿਚੋਂ ਐਮਰਜੈਂਸੀ ਸਥਿਤੀ ਵਿਚ ਨਿਕਲਣ ਦਾ ਰਸਤਾ ਕਿਹੜਾ ਹੈ। ਇਸ ਤੋਂ ਇਲਾਵਾ ਕਿਸੇ ਮਾਲ ਦੀ ਉਪਰਲੀ ਮੰਜ਼ਿਲ ਦੀ ਕਮਰਸ਼ੀਅਲ ਵਰਤੋਂ ਹੋ ਸਕਦੀ ਹੈ ਜਾਂ ਨਹੀਂ, ਇਸਨੂੰ ਲੈ ਕੇ ਵੀ ਦੁਚਿੱਤੀ ਬਣੀ ਹੋਈ ਹੈ।

ਲਿਕਰ ਅੱਡਾ-5 ਦੀ ਪਾਰਕਿੰਗ 'ਤੇ ਇਤਰਾਜ਼
ਮਾਡਲ ਟਾਊਨ ਵਿਚ ਨੋ-ਐਗਜ਼ਿਟ ਬਿਲਡਿੰਗ ਦੇ ਸਾਹਮਣੇ ਨਵੇਂ ਖੁੱਲ੍ਹੇ ਲਿਕਰ ਅੱਡਾ-5 ਵਿਚ ਭਾਵੇਂ ਟੈਂਪਰੇਰੀ ਸਟਰੱਕਚਰ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਜਿਥੇ ਪਾਰਕਿੰਗ ਲਈ ਜਗ੍ਹਾ ਛੱਡੀ ਜਾਣੀ ਚਾਹੀਦੀ ਸੀ, ਉਥੇ ਸਿਟਿੰਗ ਸਪੇਸ ਦਿੱਤੀ ਗਈ ਹੈ। ਜਿਥੇ ਠੇਕਾ ਖੋਲ੍ਹਿਆ ਗਿਆ ਹੈ, ਉਸੇ ਹਿੱਸੇ ਨੂੰ ਆਫਿਸ ਦੇ ਤੌਰ 'ਤੇ ਪਾਸ ਕਰਵਾਇਆ ਗਿਆ ਹੈ। ਪਿਛਲੇ ਸਟਰੱਕਚਰ ਵੀ ਬਾਇਲਾਜ ਦੇ ਮੁਤਾਬਕ ਨਹੀਂ ਹੈ।

ਨਸ਼ੇ ਦੀ ਓਵਰਡੋਜ਼ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ! (ਵੀਡੀਓ)
NEXT STORY