ਪਾਤੜਾਂ (ਸੁਖਦੀਪ ਸਿੰਘ ਮਾਨ) : ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ 'ਤੇ ਸਥਿਤ ਸੰਗਰੂਰ ਰੋਡ ਕੈਂਚੀਆਂ ਵਿਖੇ ਦਿਨ-ਦਿਹਾੜੇ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਵਾਰਡ ਨੰਬਰ 5 ਤੋਂ 'ਆਪ' ਕੌਂਸਲਰ ਪਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਬਿੱਟੂ ਬਦੇਸ਼ਾ ਪ੍ਰਧਾਨ ਕਾਰ ਬਾਜ਼ਾਰ ਐਸੋਸੀਏਸ਼ਨ ਪਾਤੜਾਂ ਉੱਪਰ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਨਗਰ ਕੌਂਸਲ ਚੋਣਾਂ ਦੌਰਾਨ ਸ਼ੁਰੂ ਹੋਏ ਆਪਸੀ ਝਗੜੇ ਨੇ ਅੱਜ ਉਸ ਵੇਲੇ ਵਿਕਰਾਲ ਰੂਪ ਧਾਰ ਲਿਆ, ਜਦੋਂ ਇਸ ਪੁਰਾਣੀ ਖੁੰਦਕ ਤਹਿਤ ਚੱਲਦੇ ਬਾਜ਼ਾਰ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬਿੱਟੂ ਬਦੇਸ਼ਾ ਪਟਿਆਲਾ ਰੋਡ ਸਥਿਤ ਇੱਕ ਹੇਅਰ ਡਰੈੱਸਰ ਦੀ ਦੁਕਾਨ ਤੋਂ ਆਪਣਾ ਕੰਮ ਕਰਵਾ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਦੋਂ ਉਹ ਸੰਗਰੂਰ ਰੋਡ ਕੈਂਚੀਆਂ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਗਏ। ਇਸ ਦੌਰਾਨ ਗੱਡੀ ਵਿੱਚੋਂ ਉਤਰੇ ਹਮਲਾਵਰਾਂ ਨੇ ਡਾਂਗਾਂ ਅਤੇ ਸੋਟੀਆਂ ਨਾਲ ਬਿੱਟੂ ਬਦੇਸ਼ਾ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਮੁੱਖ ਮਾਰਗ ਹੋਣ ਕਾਰਨ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ, ਪਰ ਹਮਲਾਵਰਾਂ ਦੇ ਖ਼ੌਫ਼ ਅਤੇ ਡਰ ਦੇ ਮਾਹੌਲ ਕਾਰਨ ਕੋਈ ਵੀ ਰਾਹਗੀਰ ਅੱਗੇ ਆ ਕੇ ਉਨ੍ਹਾਂ ਨੂੰ ਛੁਡਾਉਣ ਦੀ ਹਿੰਮਤ ਨਹੀਂ ਕਰ ਸਕਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਇਕੱਠੇ ਹੋਏ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਕੌਂਸਲਰ ਦੇ ਪਤੀ ਨੂੰ ਤੁਰੰਤ ਪਾਤੜਾਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉੱਥੇ ਮੌਜੂਦ ਡਾਕਟਰਾਂ ਨੇ ਪੀੜਤ ਦੀ ਹਾਲਤ ਨੂੰ ਦੇਖਦਿਆਂ, ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸਮਾਣਾ ਵਿਖੇ ਰੈਫਰ ਕਰ ਦਿੱਤਾ।

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਛਾਪੇਮਾਰੀ ਜਾਰੀ : ਐੱਸ.ਐੱਚ.ਓ. ਜਸਵਿੰਦਰ ਸਿੰਘ ਖੋਖਰ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਪੁਲਿਸ ਫੋਰਸ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਨਿੱਜੀ ਅਤੇ ਸਿਆਸੀ ਰੰਜਿਸ਼ ਦਾ ਨਤੀਜਾ ਪ੍ਰਤੀਤ ਹੁੰਦਾ ਹੈ। ਪੁਲਸ ਵੱਲੋਂ ਪੀੜਤ ਕੁਲਦੀਪ ਸਿੰਘ ਬਿੱਟੂ ਬਦੇਸ਼ਾ ਦੇ ਬਿਆਨਾਂ ਦੇ ਆਧਾਰ 'ਤੇ ਸਿਕੰਦਰ ਸਿੰਘ ਵਾਸੀ ਦੁਤਾਲ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਕਥਿਤ ਦੋਸ਼ੀ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਤੋਂ ਖਰੜ ਜਨਮਦਿਨ ਪਾਰਟੀ 'ਚ ਆਈ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ, ਅਫ਼ਰੀਕੀ ਮੂਲ ਦੇ 2 ਮੁੰਡੇ ਕਾਬੂ
NEXT STORY