ਜ਼ੀਰਕਪੁਰ (ਧੀਮਾਨ) : ਪਿਛਲੇ 52 ਸਾਲਾਂ ਦੇ ਮੌਸਮੀ ਅੰਕੜਿਆਂ ’ਤੇ ਆਧਾਰਿਤ ਇਕ ਅਧਿਐਨ ’ਚ ਪੰਜਾਬ-ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ ਨੂੰ ਦੇਸ਼ ’ਚ ਵੱਧਦੀ ਗਰਮੀ ਦੇ ਮੁੱਖ ਕੇਂਦਰ ਵਜੋਂ ਦਰਸਾਇਆ ਗਿਆ ਹੈ। 1971 ਤੋਂ 2022 ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਇਸ ਖੇਤਰ ’ਚ ਦਿਨ ਦੀ ਤਪਸ਼, ਗਰਮੀ ਦੇ ਮਨੁੱਖੀ ਸਰੀਰ ’ਤੇ ਪ੍ਰਭਾਵ ਅਤੇ ਲੂ ਦੀ ਤੀਬਰਤਾ ’ਚ ਤੇਜ਼ ਵਾਧਾ ਦਰਜ ਹੋਇਆ ਹੈ। ਉੱਤਰ-ਪੱਛਮੀ ਖੇਤਰ ’ਚ ਰਾਜਸਥਾਨ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਵੀ ਸ਼ਾਮਲ ਹਨ। ਇਹ ਅਧਿਐਨ ਭਾਰਤ ਮੌਸਮ ਵਿਗਿਆਨ ਵਿਭਾਗ ਤੇ ਰਾਸ਼ਟਰੀ ਮੱਧਮ ਮਿਆਦ ਮੌਸਮ ਪੂਰਵ ਅਨੁਮਾਨ ਕੇਂਦਰ ਨਾਲ ਜੁੜੇ ਵਿਗਿਆਨੀਆਂ ਵੱਲੋਂ ਕੀਤਾ ਗਿਆ ਹੈ ਅਤੇ ‘ਇੰਟਰਨੈਸ਼ਨਲ ਜਰਨਲ ਆਫ ਕਲਾਈਮੇਟੋਲੋਜੀ’ ’ਚ ਪ੍ਰਕਾਸ਼ਿਤ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਭਰ 'ਚ 22 ਤਾਰੀਖ਼ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ, ਪੰਜਾਬੀਆਂ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ
ਖੋਜ ’ਚ ਤਾਪਮਾਨ, ਗਰਮੀ ਸੂਚਕ ਅੰਕ, ਲੂ ਦੀ ਤੀਬਰਤਾ, ਭਾਰੀ ਮੀਂਹ ਤੇ ਸੋਕੇ ਸਮੇਤ ਸੱਤ ਮਾਪਦੰਡਾਂ ਨੂੰ ਜੋੜ ਕੇ ਭਾਰਤੀ ਜਲਵਾਯੂ ਅਤਿ ਸਥਿਤੀ ਸੂਚਕ ਅੰਕ ਤਿਆਰ ਕੀਤਾ ਗਿਆ। ਅਧਿਐਨ ਮੁਤਾਬਕ 2000 ਤੋਂ ਬਾਅਦ ਕਈ ਸਾਲਾਂ ਦੌਰਾਨ ਉੱਤਰ-ਪੱਛਮੀ ਭਾਰਤ ਦਾ 15 ਤੋਂ 20 ਫ਼ੀਸਦੀ ਜਾਂ ਇਸ ਤੋਂ ਵੱਧ ਹਿੱਸਾ ਅਤਿਅੰਤ ਦਿਨ ਦੀ ਗਰਮੀ ਦੇ ਪ੍ਰਭਾਵ ਹੇਠ ਰਿਹਾ। ਖੋਜਕਾਰਾਂ ਨੇ ਲਗਾਤਾਰ ਵੱਧਦੀ ਤਪਸ਼ ਨੂੰ ਸੁੱਕੀਆਂ ਹਾਲਤਾਂ, ਮਿੱਟੀ ’ਚ ਘਟਦੀ ਨਮੀ ਅਤੇ ਜ਼ਮੀਨ ਦੇ ਵੱਧ ਗਰਮ ਹੋਣ ਨਾਲ ਵੀ ਜੋੜਿਆ ਹੈ। ਅਧਿਐਨ ’ਚ ਪੰਜਾਬ ਸਮੇਤ ਸਿੰਧੂ-ਗੰਗਾ ਮੈਦਾਨਾਂ ਲਈ ਸਿੰਚਾਈ ਨਾਲ ਜੁੜਿਆ ਪੱਖ ਵੀ ਅਹਿਮ ਦੱਸਿਆ ਗਿਆ ਹੈ। ਪਾਣੀ ਦੀ ਘਾਟ ਵਾਲੇ ਸਾਲਾਂ ’ਚ ਸਿੰਚਾਈ ਲਈ ਪਾਣੀ ਦੀ ਕਮੀ ਗਰਮੀ ਦੇ ਦਬਾਅ ਨੂੰ ਹੋਰ ਗੰਭੀਰ ਬਣਾ ਸਕਦੀ ਹੈ।
ਇਹ ਵੀ ਪੜ੍ਹੋ : ਸੇਵਾਮੁਕਤ ਪ੍ਰਿੰਸੀਪਲ ਸਕੱਤਰ ਨੂੰ ਗ੍ਰੈਚੂਟੀ ਨਾ ਦੇਣ ’ਤੇ ਸਰਕਾਰ ਨੂੰ ਪਈ ਝਾੜ, 7 ਫ਼ੀਸਦੀ ਵਿਆਜ ਦੇਣ ਦੇ ਹੁਕਮ
ਮੁੱਖ ਲੇਖਕ ਥੋਟਾ ਮੋਹਨ ਮੁਤਾਬਕ ਅਧਿਐਨ ਕੀਤੇ ਖੇਤਰਾਂ ’ਚ ਉੱਤਰ-ਪੱਛਮੀ ਭਾਰਤ ’ਚ ਲੂ ਦੀ ਤੀਬਰਤਾ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਸਹਿ-ਲੇਖਕ ਐੱਮ. ਰਾਜੀਵਨ ਨੇ ਵੀ ਇਸ ਖੇਤਰ ’ਚ ਦਿਨ ਦੀ ਗਰਮੀ ਅਤੇ ਲੂ ਦੇ ਵੱਧਦੇ ਪ੍ਰਭਾਵ ਨੂੰ ਅਹਿਮ ਦੱਸਿਆ ਹੈ। ਖੋਜਕਾਰਾਂ ਨੇ ਉੱਤਰ-ਪੱਛਮੀ ਭਾਰਤ ’ਚ ਗਰਮੀ ਨਾਲ ਨਜਿੱਠਣ ਨੂੰ ਪਹਿਲ ਦੇਣ ਤੇ ਖੇਤੀਬਾੜੀ, ਪਾਣੀ, ਸਿਹਤ ਤੇ ਬੁਨਿਆਦੀ ਢਾਂਚੇ ਨੂੰ ਜੋੜ ਕੇ ਯੋਜਨਾਬੰਦੀ ਕਰਨ ਦੀ ਲੋੜ ਦੱਸੀ ਹੈ। 52 ਸਾਲਾਂ ਦਾ ਇਹ ਰੁਝਾਨ ਸਾਫ਼ ਸੰਕੇਤ ਦਿੰਦਾ ਹੈ ਕਿ ਪੰਜਾਬ-ਹਰਿਆਣਾ ਲਈ ਵੱਧਦੀ ਗਰਮੀ ਹੁਣ ਸਿਰਫ਼ ਮੌਸਮੀ ਘਟਨਾ ਨਹੀਂ, ਸਗੋਂ ਲੰਬੇ ਸਮੇਂ ਦੀ ਵੱਡੀ ਚੁਣੌਤੀ ਬਣ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ
NEXT STORY