ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ, ਮਹਿਬੂਬ, ਯਾਸੀਨ) : ਅੱਜ ਸਵੇਰੇ 4 ਵਜੇ ਦੇ ਕਰੀਬ ਮਾਲੇਰਕੋਟਲਾ ਸ਼ਹਿਰ ਦੇ ਕਾਲਜ ਰੋਡ 'ਤੇ ਸਥਿਤ ਮਸ਼ਹੂਰ ਜੈਨ ਸਵੀਟਸ ਦੇ ਮਾਲਕ ਵਿਜੇ ਕੁਮਾਰ ਜੈਨ ਉਰਫ ਮੋਨੂੰ (40) ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਸ਼ਾ ਜੈਨ ਅਤੇ 9ਵੀਂ ਕਲਾਸ 'ਚ ਪੜ੍ਹਦੇ ਆਪਣੇ 14 ਸਾਲਾ ਪੁੱਤਰ ਸਾਹਿਲ ਜੈਨ ਨੂੰ ਗੋਲੀਆਂ ਮਾਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ 'ਚ ਵਿਜੇ ਕੁਮਾਰ ਅਤੇ ਉਸਦੀ ਪਤਨੀ ਆਸ਼ਾ ਜੈਨ ਦੀ ਤਾਂ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਮਾਸੂਮ ਪੁੱਤਰ ਸਾਹਿਲ ਜੈਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜੋ ਲੁਧਿਆਣਾ ਦੇ ਦਿਆਨੰਦ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਸਾਹਿਲ ਜੈਨ ਨੂੰ ਬਚਾਉਣ ਲਈ ਜੁਟੀ ਹੋਈ ਦੱਸੀ ਜਾ ਰਹੀ ਹੈ।
ਸਾਹਿਲ ਜੈਨ ਨੇ ਹਿੰਮਤ ਦਿਖਾਉਂਦਿਆਂ ਮੋਬਾਇਲ ਰਾਹੀਂ ਨੇੜੇ ਦੇ ਘਰ ਰਹਿੰਦੀ ਆਪਣੀ ਦਾਦੀ ਨੂੰ ਕੀਤਾ ਸੂਚਿਤ
ਮੌਕੇ 'ਤੇ ਮੌਜੂਦ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਘਟਨਾ ਮੌਕੇ ਗੰਭੀਰ ਜ਼ਖਮੀ ਹੋਏ ਖੂਨ ਨਾਲ ਲਥਪਥ ਬੱਚੇ ਸਾਹਿਲ ਜੈਨ ਨੇ ਹਿੰਮਤ ਦਿਖਾਉਂਦਿਆਂ ਆਪਣੇ ਮੋਬਾਇਲ ਰਾਹੀਂ ਨੇੜੇ ਹੀ ਇਕ ਹੋਰ ਘਰ 'ਚ ਰਹਿੰਦੀ ਆਪਣੀ ਦਾਦੀ ਨੂੰ ਸੂਚਿਤ ਕਰਦਿਆਂ ਘਰ ਬੁਲਾਇਆ, ਜਿਨ੍ਹਾਂ ਨੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਤੁਰੰਤ ਘਟਨਾ ਸਥਾਨ ਵਾਲੇ ਘਰ ਪੁੱਜ ਕੇ ਜਦੋਂ ਦੇਖਿਆ ਤਾਂ ਧਾਹਾਂ ਨਿਕਲ ਗਈਆਂ, ਜਿਨ੍ਹਾਂ ਦੇ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਸੁਣ ਕੇ ਆਲੇ-ਦੁਆਲੇ ਦੇ ਘਰਾਂ ਵਾਲੇ ਤੁਰੰਤ ਮੌਕੇ 'ਤੇ ਪੁੱਜੇ।
ਬੱਚਾ ਲੜ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ
ਦੋਵੇਂ ਮ੍ਰਿਤਕ ਪਤੀ-ਪਤਨੀ 'ਚੋਂ ਆਸ਼ਾ ਜੈਨ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਦੱਸੀ ਜਾਂਦੀ ਹੈ ਅਤੇ ਛਾਤੀ 'ਚ ਗੋਲੀ ਲੱਗੇ ਉਸ ਦੇ ਪਤੀ ਵਿਜੇ ਕੁਮਾਰ ਉਰਫ ਮੋਨੂੰ ਦੀ ਲੁਧਿਆਣਾ ਜਾਂਦਿਆਂ ਰਸਤੇ 'ਚ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਪੁੱਤਰ ਸਾਹਿਲ ਜੈਨ ਲੁਧਿਆਣਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਹੈਰਾਨ-ਪ੍ਰੇਸ਼ਾਨ ਲੋਕਾਂ ਵੱਲੋਂ ਆਪੋ-ਆਪਣੇ ਕਿਆਸ ਲਾਏ ਜਾ ਰਹੇ ਹਨ ਕਿਉਂਕਿ ਵਿਜੇ ਕੁਮਾਰ ਜੈਨ ਦੇ ਪਰਿਵਾਰ 'ਚ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਘਰੇਲੂ ਜਾਂ ਹੋਰ ਪ੍ਰੇਸ਼ਾਨੀ ਨਹੀਂ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਇਸ ਹਾਦਸੇ ਸਬੰਧੀ ਕੋਈ ਅੰਦਾਜ਼ਾ ਲਾਇਆ ਜਾ ਸਕੇ, ਜਦਕਿ ਪੂਰਾ ਪਰਿਵਾਰ ਵਧੀਆ ਜ਼ਿੰਦਗੀ ਬਤੀਤ ਕਰਦਾ ਆ ਰਿਹਾ ਸੀ, ਜਿਸ ਕਾਰਨ ਇਸ ਪਰਿਵਾਰ 'ਚ ਇੰਨੇ ਵੱਡੇ ਹਾਦਸੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਪਰ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਘਟਨਾ ਦੀ ਤਹਿ ਤੱਕ ਪੁੱਜਣ ਲਈ ਬੁਲਾਈ ਫੋਰੈਂਸਿਕ ਮਾਹਿਰਾਂ ਦੀ ਟੀਮ
ਘਟਨਾ ਦੀ ਜਾਣਕਾਰੀ ਮਿਲਣ 'ਤੇ ਸਵੇਰੇ 6 ਵਜੇ ਦੇ ਕਰੀਬ ਡੀ. ਐੱਸ. ਪੀ. ਸੁਮਿਤ ਸੂਦ ਅਤੇ ਮਾਲੇਰਕੋਟਲਾ ਸਿਟੀ-2 ਦੇ ਐੱਸ. ਐੱਚ. ਓ. ਜੇਜੀ ਭਾਰੀ ਪੁਲਸ ਫੋਰਸ ਸਮੇਤ ਘਟਨਾ ਸਥਾਨ 'ਤੇ ਪੁੱਜੇ ਜਿਨ੍ਹਾਂ ਨੇ ਘਟਨਾ ਸਥਾਨ ਤੋਂ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੂਰੀ ਬਰੀਕੀ ਨਾਲ ਜਾਂਚ-ਪੜਤਾਲ ਕਰਦੇ ਹੋਏ ਹਾਦਸੇ 'ਚ ਵਰਤੀ ਗਈ ਰਿਵਾਲਵਰ ਸਮੇਤ ਕੁਝ ਹੋਰ ਸਾਮਾਨ ਆਪਣੇ ਕਬਜ਼ੇ 'ਚ ਲੈਂਦਿਆਂ ਅਗਲੀ ਛਾਣਬੀਣ ਆਰੰਭ ਕੀਤੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਘਟਨਾ ਦੀ ਤਹਿ ਤੱਕ ਪੁੱਜਣ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਹਾਦਸੇ ਦੀ ਜਾਂਚ ਲਈ ਸਬੂਤ ਜੁਟਾਉਣੇ ਸ਼ੁਰੂ ਕੀਤੇ।
ਫਗਵਾੜਾ ਸੀਟ 'ਤੇ ਫਿਰ ਸਾਬਕਾ ਆਈ.ਏ.ਐੱਸ. ਅਧਿਕਾਰੀ ਦਾ ਕਬਜ਼ਾ
NEXT STORY