ਲੁਧਿਆਣਾ : ਕਿਸੇ ਸਮੇਂ ਕਾਂਗਰਸ ਸਰਕਾਰ 'ਚ ਮੰਤਰੀ ਰਹੇ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਮਲਕੀਤ ਸਿੰਘ ਬੀਰਮੀ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬੀਰਮੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਜਿਸ ਵਿਚ ਉਨ੍ਹਾਂ ਵਲੋਂ ਅਸਤੀਫੇ ਦਾ ਕਾਰਨ ਅਕਾਲੀ ਦਲ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਵਿਚ ਆਉਣਾ ਦੱਸਿਆ ਹੈ।
ਬੀਰਮੀ ਨੇ ਅਸਤੀਫੇ ਵਿਚ ਲਿਖਿਆ ਹੈ ਕਿ ਬੇਹੱਦ ਦੁੱਖ ਨਾਲ ਉਹ ਅਸਤੀਫਾ ਭੇਜ ਰਹੇ ਹਨ ਕਿ ਪਾਰਟੀ ਦਾ ਨਾਂ ਜਿਸ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਹਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਰਗਾੜੀ ਕਾਂਡ ਵਿਚ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਹ ਪਾਰਟੀ ਨਾਲ ਜੁੜੇ ਨਹੀਂ ਰਹਿ ਸਕਦੇ, ਇਸ ਲਈ ਉਹ ਅਸਤੀਫਾ ਦੇ ਰਹੇ ਹਨ।
ਦੱਸਣਯੋਗ ਹੈ ਕਿ ਬੀਰਮੀ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਰਹੇ ਹਨ ਪਰ ਟਿਕਟ ਨਾ ਮਿਲਣ ਕਾਰਨ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵਿਚ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਜ਼ੀਰੋ ਸਨ। ਹੁਣ ਪੰਥਕ ਮੁੱਦੇ 'ਤੇ ਦਿੱਤੇ ਅਸਤੀਫੇ ਕਾਰਨ ਬੀਰਮੀ ਮੁੜ ਚਰਚਾ ਵਿਚ ਆ ਗਏ ਹਨ।
ਕੰਡਿਆਲੀ ਤਾਰ ਨਜ਼ਦੀਕ ਸ਼ੱਕੀ ਹਾਲਾਤ 'ਚ ਘੁੰਮਦਾ ਵਿਅਕਤੀ ਕਾਬੂ
NEXT STORY