ਲੁਧਿਆਣਾ (ਵਿੱਕੀ)- ਸਾਬਕਾ ਕੌਂਸਲਰ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਸਥਾਨਕ ਸਰਕਾਰ ਦੇ ਕੰਮਕਾਜ ਦੀ ਤਿੱਖੀ ਆਲੋਚਨਾ ਕੀਤੀ ਗਈ। ਉਨ੍ਹਾਂ ਨੇ ਸੰਜੀਵ ਅਰੋੜਾ ਨੂੰ 'ਡੰਮੀ ਮੰਤਰੀ' ਕਰਾਰ ਦਿੰਦਿਆਂ ਆਖਿਆ ਕਿ ਉਹ ਦਿੱਲੀ ਦੇ Bosses ਦੀ ਕਮਾਨ ਹੇਠ ਕੰਮ ਕਰ ਰਿਹਾ ਹੈ। ਹਾਲ ਹੀ ਵਿਚ ਇਕ ਮੀਟਿੰਗ ਦੀ ਫੋਟੋ ਜਾਰੀ ਕਰਦਿਆਂ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਬਾਹਰੀ ਦਖਲਅੰਦਾਜ਼ੀ ਤੇ ‘ਡੰਮੀ’ ਸੱਭਿਆਚਾਰ ਬਾਰੇ ਗੰਭੀਰ ਸਵਾਲ ਉਠਾਏ। ਪੋਸਟ ਵਿਚ ਮਮਤਾ ਆਸ਼ੂ ਨੇ ਲਿਖਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਮੀਟਿੰਗ ਵਿਚ ਲੁਧਿਆਣਾ ਨਗਰ ਨਿਗਮ ਦੀ ਫਾਈਲ ਮੇਜ਼ ’ਤੇ ਰੱਖੀ ਗਈ ਸੀ, ਜਦੋਂਕਿ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਦਾਅਵਾ ਕਰ ਰਹੇ ਸਨ ਕਿ ਨਿਗਮ ਦੇ ਵਿਕਾਸ ਨਾਲ ਜੁੜੇ ਏਜੰਡੇ ਪਾਸ ਹੋ ਗਏ ਹਨ।
ਉਨ੍ਹਾਂ ਤੰਜ ਕੱਸਿਆ ਕਿ ਲੁਧਿਆਣਾ ਨਗਰ ਨਿਗਮ ਦੀ ਸੋਮਵਾਰ ਦੀ ਹਾਊਸ ਮੀਟਿੰਗ ਸਿਰਫ਼ 25 ਮਿੰਟਾਂ ਵਿਚ ਖਤਮ ਹੋ ਗਈ, ਜਿਸ ’ਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਮਹੱਤਵਪੂਰਨ ਏਜੰਡੇ ਨੂੰ ਜਲਦਬਾਜ਼ੀ ਵਿਚ ਮਨਜ਼ੂਰੀ ਦਿੱਤੀ ਗਈ। ਮਮਤਾ ਆਸ਼ੂ ਨੇ ਲੁਧਿਆਣਾ ਵਾਸੀਆਂ ਨੂੰ ਕਿਹਾ ਕਿ ਉਹ ਸਾਫ਼ ਦੇਖ ਸਕਦੇ ਹਨ ਕਿ ਇਹ ਮੀਟਿੰਗ ਦਿੱਲੀ ਦੇ ਇਕ ‘ਬੌਸ’ ਵਲੋਂ ਕੀਤੀ ਜਾ ਰਹੀ ਸੀ।
ਉਸ ਨੇ ਸਵਾਲ ਕੀਤਾ ਕਿ ਕੀ ਇਹ ਸੱਚਮੁੱਚ ਪੰਜਾਬ ਦੇ ਵਿਕਾਸ ਦਾ ਏਜੰਡਾ ਹੈ ਜਾਂ ਦਿੱਲੀ ਦੁਆਰਾ ਤਿਆਰ ਕੀਤਾ ‘ਵਿਕਾਸ ਦੀ ਗਤੀ ਨੂੰ ਚੌਗੁਣਾ ਕਰੋ’ ਦਾ ਇਕ ਸਤਹੀ ਰੂਪ ਹੈ। ਉਸ ਨੇ ਖਾਸ ਤੌਰ ’ਤੇ ਮੰਤਰੀ ਸੰਜੀਵ ਅਰੋੜਾ ਦੇ ਸੱਜੇ ਅਤੇ ਖੱਬੇ ਬੈਠੇ ਦੋ ਵਿਅਕਤੀਆਂ ਦੀ ਭੂਮਿਕਾ ’ਤੇ ਸਵਾਲ ਉਠਾਇਆ ਤੇ ਉਨ੍ਹਾਂ ਨੂੰ ‘ਡੰਮੀ’ ਕਿਹਾ।
ਮਮਤਾ ਆਸ਼ੂ ਨੇ ਪੁੱਛਿਆ ਕਿ ਇਹ ਦੋਵੇਂ ਵਿਅਕਤੀ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਜਾਂ ਕਿਸੇ ਹੋਰ ਸਰਕਾਰੀ ਵਿਭਾਗ ਵਿਚ ਕਿਹੜੇ ਅਹੁਦਿਆਂ ’ਤੇ ਹਨ, ਜਿਸ ਬਾਰੇ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਰੋਜ਼ ਗਾਰਡਨ ਟੈਂਡਰ ਮਾਮਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਥੋਂ ਦੇ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਅਜੇ ਸਪੱਸ਼ਟ ਨਹੀਂ ਕੀਤੀ ਗਈ ਹੈ। ਚਿੰਤਾ ਪ੍ਰਗਟ ਕਰਦੇ ਹੋਏ ਮਮਤਾ ਆਸ਼ੂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਸਿਰਫ਼ ਪਰਮਾਤਮਾ ਹੀ ਲੁਧਿਆਣਾ ਨੂੰ ਬਚਾਅ ਸਕਦਾ ਹੈ।
ਕਪੂਰਥਲਾ ਤੇ ਫਗਵਾੜਾ 'ਚ ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, DC ਨੇ ਜਾਰੀ ਕੀਤੇ ਹੁਕਮ
NEXT STORY