ਹਲਵਾਰਾ (ਲਾਡੀ ਸਿੱਧੂ) : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਰਾਂ ਵਿਚ ਅੱਜ ਤੜਕੇ ਗੋਲੀਆਂ ਦੀ ਆਵਾਜ਼ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਾਜੋਆਣਾ ਲਿੰਕ ਰੋਡ ਨੇੜੇ ਕੈਨੇਡਾ ਵੱਸਦੇ ਐੱਨ.ਆਰ.ਆਈ. ਜਿੰਦਰ ਸਿੰਘ ਦੀ ਬੰਦ ਪਈ ਕੋਠੀ ਦੇ ਮੁੱਖ ਗੇਟ ਨੂੰ ਨਿਸ਼ਾਨਾ ਬਣਾ ਕੇ ਚਿੱਟੀ ਕਾਰ ’ਚ ਆਏ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਵੇਰੇ ਕਰੀਬ 4:19 ਵਜੇ ਦੀ ਦੱਸੀ ਜਾ ਰਹੀ ਹੈ। ਵਾਰਦਾਤ ਸਮੇਂ ਕੋਠੀ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਿੰਦਰ ਸਿੰਘ ਦਾ ਪਰਿਵਾਰ ਕੈਨੇਡਾ ਵਿਚ ਰਹਿ ਰਿਹਾ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਸਵੇਰੇ ਗੁਰਦੁਆਰਾ ਸਾਹਿਬ ਜਾਣ ਅਤੇ ਹੋਰ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਪਿੰਡ ਵਾਸੀਆਂ ਵਿਚ ਸਹਿਮ ਪੈਦਾ ਹੋ ਗਿਆ। ਕਈ ਲੋਕਾਂ ਨੇ ਆਪਣੀ ਸੁਰੱਖਿਆ ਲਈ ਨੇੜਲੇ ਘਰਾਂ ਵਿਚ ਪਨਾਹ ਲਈ, ਜਦਕਿ ਕੁਝ ਲੋਕ ਵਾਪਸ ਆਪਣੇ ਘਰਾਂ ਅੰਦਰ ਚਲੇ ਗਏ।
ਇਹ ਵੀ ਪੜ੍ਹੋ : ਪੰਜਾਬ ਆਉਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਾਈ ਪੋਸਟ, ਦਿੱਤਾ ਵੱਡਾ ਬਿਆਨ
ਚਿੱਟੀ ਕਾਰ ’ਚ ਆਏ ਹਮਲਾਵਰ, ਗੇਟ ਸਾਹਮਣੇ ਰੁਕ ਕੇ ਚਲਾਈਆਂ ਗੋਲੀਆਂ
ਪੁਲਸ ਨੂੰ ਮਿਲੀ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਚਿੱਟੀ ਕਾਰ ਕੋਠੀ ਦੇ ਮੁੱਖ ਗੇਟ ਸਾਹਮਣੇ ਆ ਕੇ ਰੁਕਦੀ ਦਿਖਾਈ ਦੇ ਰਹੀ ਹੈ। ਫੁਟੇਜ ਵਿਚ ਹਮਲਾਵਰਾਂ ਵੱਲੋਂ ਗੋਲੀ ਚਲਾਏ ਜਾਣ ਦੌਰਾਨ ਚਮਕ ਦਿਖਾਈ ਦੇਣ ਅਤੇ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਦੋ ਰਾਊਂਡ ਫਾਇਰ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਹਾਲਾਂਕਿ ਕੁਝ ਪਿੰਡ ਵਾਸੀਆਂ ਨੇ ਗੋਲੀਆਂ ਦੀ ਗਿਣਤੀ ਦੋ ਤੋਂ ਵੱਧ ਹੋਣ ਵਰਗੀ ਆਵਾਜ਼ ਸੁਣਨ ਦੀ ਗੱਲ ਆਖੀ ਹੈ। ਪੁਲਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਮੌਕੇ ਤੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਅਸਲ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਕਿਸੇ ਸਮੇਂ ਵੀ ਹੋ ਸਕਦਾ ਐਲਾਨ
ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਸਾਹਮਣੇ ਵਾਰਦਾਤ ਨੇ ਵਧਾਏ ਸਵਾਲ
ਫਾਇਰਿੰਗ ਵਾਲੀ ਕੋਠੀ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਸਾਧੂ ਸਿੰਘ ਹੇਰਾਂ ਦੇ ਘਰ ਦੇ ਬਿਲਕੁਲ ਸਾਹਮਣੇ ਦੱਸੀ ਜਾ ਰਹੀ ਹੈ। ਇਸ ਕਾਰਨ ਪੁਲਸ ਜਾਂਚ ਵਿਚ ਇਹ ਪਹਿਲੂ ਵੀ ਮਹੱਤਵਪੂਰਨ ਬਣ ਗਿਆ ਹੈ ਕਿ ਕੀ ਹਮਲਾਵਰਾਂ ਦਾ ਅਸਲ ਨਿਸ਼ਾਨਾ ਕੋਈ ਹੋਰ ਵਿਅਕਤੀ ਸੀ ਜਾਂ ਕੋਠੀ ਦੀ ਪਛਾਣ ਸਬੰਧੀ ਕਿਸੇ ਤਰ੍ਹਾਂ ਦਾ ਭੁਲੇਖਾ ਹੋਇਆ। ਪੁਲਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫਾਇਰਿੰਗ ਸਿਰਫ਼ ਦਹਿਸ਼ਤ ਪੈਦਾ ਕਰਨ ਲਈ ਕੀਤੀ ਗਈ ਜਾਂ ਇਸ ਪਿੱਛੇ ਕੋਈ ਹੋਰ ਮਕਸਦ ਸੀ।
ਕੈਨੇਡਾ ’ਚ ਧਮਕੀ ਜਾਂ ਫਿਰੌਤੀ ਦੀ ਮੰਗ ਹੋਣ ਦਾ ਪਹਿਲੂ ਵੀ ਜਾਂਚ ਹੇਠ
ਜਾਂਚ ਦੌਰਾਨ ਪੁਲਸ ਵੱਲੋਂ ਐੱਨ.ਆਰ.ਆਈ. ਪਰਿਵਾਰ ਨਾਲ ਜੁੜੇ ਪਿਛੋਕੜ ਦੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਜਿੰਦਰ ਸਿੰਘ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੈਨੇਡਾ ਵਿਚ ਕਿਸੇ ਵਿਅਕਤੀ ਜਾਂ ਗਿਰੋਹ ਵੱਲੋਂ ਪਹਿਲਾਂ ਕੋਈ ਧਮਕੀ ਦਿੱਤੀ ਗਈ ਸੀ ਜਾਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਪਹਿਲੂ ਵੀ ਜਾਚਿਆ ਜਾ ਰਿਹਾ ਹੈ ਕਿ ਕਿਤੇ ਕਿਸੇ ਮੰਗ ਨੂੰ ਪੂਰਾ ਨਾ ਕਰਨ ਕਾਰਨ ਪੰਜਾਬ ਵਿਚ ਸਥਿਤ ਪਰਿਵਾਰ ਦੀ ਜਾਇਦਾਦ ਨੂੰ ਨਿਸ਼ਾਨਾ ਤਾਂ ਨਹੀਂ ਬਣਾਇਆ ਗਿਆ। ਹਾਲਾਂਕਿ ਪੁਲਸ ਵੱਲੋਂ ਅਜੇ ਕਿਸੇ ਸੰਭਾਵਨਾ ਦੀ ਪੁਸ਼ਟੀ ਨਹੀਂ ਕੀਤੀ। ਪੁਰਾਣੇ ਝਗੜਿਆਂ ਅਤੇ ਪਰਿਵਾਰ ਨਾਲ ਜੁੜੇ ਵਿਵਾਦਾਂ ਦੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ
ਥਾਣਾ ਸੁਧਾਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੇ ਇੰਚਾਰਜ ਕੁਲਵਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਵੱਲੋਂ ਘਟਨਾ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ। ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਸ ਨੇ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਤਕਨੀਕੀ ਅਤੇ ਫੋਰੈਂਸਿਕ ਟੀਮਾਂ ਵੱਲੋਂ ਵੀ ਮੌਕੇ ਤੋਂ ਲੋੜੀਂਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਸ ਦੀ ਕੋਸ਼ਿਸ਼ ਹੈ ਕਿ ਫਾਇਰਿੰਗ ਵਿੱਚ ਵਰਤੇ ਗਏ ਹਥਿਆਰ, ਗੋਲੀਆਂ ਜਾਂ ਹੋਰ ਸਬੂਤਾਂ ਸਬੰਧੀ ਕੋਈ ਮਹੱਤਵਪੂਰਨ ਕੜੀ ਹੱਥ ਲੱਗ ਸਕੇ।
ਪਿੰਡ ਵਿੱਚ ਦਾਖ਼ਲੇ ਤੇ ਫਰਾਰ ਹੋਣ ਵਾਲੇ ਰਸਤੇ ਦੀ ਵੀ ਕੀਤੀ ਜਾ ਰਹੀ ਜਾਂਚ
ਪੁਲਸ ਵੱਲੋਂ ਸਿਰਫ਼ ਘਟਨਾ ਵਾਲੀ ਕੋਠੀ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਹੀ ਜਾਂਚ ਨਹੀਂ ਕੀਤੀ ਜਾ ਰਹੀ, ਸਗੋਂ ਪਿੰਡ ਵਿੱਚ ਦਾਖ਼ਲ ਹੋਣ ਵਾਲੀਆਂ ਸੜਕਾਂ ਅਤੇ ਬਾਹਰ ਜਾਣ ਵਾਲੇ ਰਸਤਿਆਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚਿੱਟੀ ਕਾਰ ਕਿਸ ਪਾਸਿਓਂ ਪਿੰਡ ਵਿੱਚ ਦਾਖ਼ਲ ਹੋਈ ਅਤੇ ਫਾਇਰਿੰਗ ਤੋਂ ਬਾਅਦ ਕਿਸ ਦਿਸ਼ਾ ਵੱਲ ਗਈ। ਵਾਹਨ ਦੀ ਪਛਾਣ ਲਈ ਆਸ-ਪਾਸ ਦੇ ਕੈਮਰਿਆਂ ਦੀ ਫੁਟੇਜ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਕਾਰ ਕਿਹੜੇ ਰਸਤੇ ਤੋਂ ਗੁਜ਼ਰੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਤੇ ਉਨ੍ਹਾਂ ਦੇ ਮਕਸਦ ਬਾਰੇ ਤੱਥ ਸਾਹਮਣੇ ਆਉਣੇ ਬਾਕੀ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐੱਨ. ਡੀ. ਪੀ. ਐੱਸ. ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੇ ਹਵਾਲਾਤ ’ਚ ਲਿਆ ਫਾਹਾ
NEXT STORY