ਪਠਾਨਕੋਟ (ਸ਼ਾਰਦਾ) - ਨਸ਼ਾ ਸਮੱਗਲਰਾਂ ਨੂੰ ਫੜਨ ਲਈ ਛੇੜੀ ਗਈ ਮੁਹਿੰਮ ਤਹਿਤ ਐੱਸ. ਟੀ. ਐੱਫ. ਨੇ ਇੰਚਾਰਜ ਭਾਰਤ ਭੂਸ਼ਣ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਕੋਲੋਂ ਤਲਾਸ਼ੀ ਦੌਰਾਨ 2.5 ਕਿਲੋ ਚਰਸ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਮਾਮੂਨ ਚੌਕ ਨਜ਼ਦੀਕ ਟੈਕਸ ਬੈਰੀਅਰ 'ਤੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਹਾਈਵੇ 'ਤੇ ਆ ਰਿਹਾ ਇਕ ਪੈਦਲ ਰਾਹਗੀਰ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਭੱਜਣ ਲੱਗਾ, ਜਿਸ ਨੂੰ ਪੁਲਸ ਨੇ ਪਿੱਛਾ ਕਰ ਕੇ ਕਾਬੂ ਕਰ ਲਿਆ। ਬਾਅਦ 'ਚ ਤਲਾਸ਼ੀ ਦੌਰਾਨ ਕਾਬੂ ਵਿਅਕਤੀ ਤੋਂ ਉਕਤ ਮਾਤਰਾ 'ਚ ਚਰਸ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਮੰਗਲ ਰਾਮ ਉਰਫ ਅਰੁਣ ਪੁੱਤਰ ਸਵ. ਹਰਬੰਸ ਲਾਲ ਵਾਸੀ ਪਿੰਡ ਪਾਹੜਾ (ਗੁਰਦਾਸਪੁਰ) ਵੱਜੋਂ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮ ਇਨ੍ਹੀਂ ਦਿਨੀਂ ਮਾਮੂਨ ਖੇਤਰ 'ਚ ਕਿਰਾਏ ਦੀ ਕੋਠੀ 'ਚ ਰਹਿ ਰਿਹਾ ਸੀ ਅਤੇ ਪਿਛਲੇ 5-6 ਸਾਲਾਂ ਤੋਂ ਨਸ਼ਿਆਂ ਦੀ ਸਮੱਗਲਿੰਗ 'ਚ ਸ਼ਾਮਲ ਹੈ। ਪੁਲਸ ਨੇ ਮੁਲਜ਼ਮ ਖਿਲਾਫ ਇਸ ਤੋਂ ਪਹਿਲਾਂ ਮੁਕੱਦਮਾ ਨੰ. 80/2015 'ਚ ਅੰਮ੍ਰਿਤਸਰ ਸੀ ਡਵੀਜ਼ਨ 'ਚ 6 ਕਿ. ਗ੍ਰਾ. ਚਰਸ ਸਮੱਗਲਿੰਗ ਦਾ ਮਾਮਲਾ ਦਰਜ ਕੀਤਾ ਸੀ ਅਤੇ ਮੁਲਜ਼ਮ ਇਨ੍ਹੀਂ ਦਿਨੀਂ ਜ਼ਮਾਨਤ 'ਤੇ ਸੀ। ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਭਰਮੌਰ ਖੇਤਰ ਤੋਂ ਨਸ਼ਿਆਂ ਦੀ ਖੇਪ ਲੈ ਕੇ ਆਉਂਦਾ ਸੀ। ਇਸ ਵਾਰ ਵੀ ਮੁਲਜ਼ਮ ਨੂੰ 6 ਕਿ. ਗ੍ਰਾ. ਚਰਸ ਦੀ ਖੇਪ ਡਲਿਵਰ ਹੋਈ ਸੀ, ਇਸ 'ਚੋਂ ਉਸ ਨੇ 2 ਕਿ. ਗ੍ਰਾ. ਆਪਣੇ ਸਾਥੀ ਬਲਵਿੰਦਰ ਸਿੰਘ ਉਰਫ ਚਿੜੀ ਨੂੰ ਸਪਲਾਈ ਕਰ ਦਿੱਤੀ ਸੀ। ਭਾਰਤ ਭੂਸ਼ਣ ਨੇ ਦੱਸਿਆ ਕਿ ਕਾਬੂ ਮੁਲਜ਼ਮ ਦਾ ਸਾਥੀ ਬਲਵਿੰਦਰ ਸਿੰਘ ਉਰਫ ਚਿੜੀ ਪੁੱਤਰ ਕਰਨ ਸਿੰਘ ਵਾਸੀ ਭਦਰੋਆ (ਹਿ. ਪ੍ਰ.) ਫਿਲਹਾਲ ਫਰਾਰ ਹੈ, ਜਿਸ ਨੂੰ ਕਾਬੂ ਕਰਨ ਲਈ ਪੁਲਸ ਤਲਾਸ਼ ਕਰ ਰਹੀ ਹੈ। ਬਲਵਿੰਦਰ ਖਿਲਾਫ ਅੰਮ੍ਰਿਤਸਰ 'ਚ 2 ਕਿ. ਗ੍ਰਾ. ਹੈਰੋਇਨ ਅਤੇ 3 ਕਿ. ਗ੍ਰਾ. ਚਰਸ ਸਮੱਗਲਿੰਗ ਦਾ ਮਾਮਲਾ ਦਰਜ ਹੈ ਅਤੇ ਬਲਵਿੰਦਰ ਵੀ ਇਨ੍ਹੀਂ ਦਿਨੀਂ ਜ਼ਮਾਨਤ 'ਤੇ ਹੈ।
ਵਿਦੇਸ਼ ਪੜ੍ਹਨ ਦੇ ਬਹਾਨੇ ਪਤੀ ਨੂੰ ਦਿੱਤਾ ਧੋਖਾ
NEXT STORY