ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਵੱਲੋਂ ਬਾਬਾ ਦੁਹਰਾ ਰੋਡ 'ਤੇ ਛਾਪੇਮਾਰੀ ਕਰ ਕੇ ਮਨਿੰਦਰਜੀਤ ਸਿੰਘ ਉਰਫ਼ ਸੰਨੀ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੋਲੋਂ ਤਲਾਸ਼ੀ ਦੌਰਾਨ 2 ਦੇਸੀ ਕੱਟੇ, ਇਕ ਏਅਰਗੰਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਉਹ ਰਾਏ ਬਰੇਲੀ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ। ਉਸ ਨੇ ਇਹ ਅਸਲਾ ਦਿੱਲੀ ਜਾ ਕੇ ਬੰਟੀ ਨਾਂ ਦੇ ਵਿਅਕਤੀ ਤੋਂ ਖ਼ਰੀਦਿਆ ਸੀ ਅਤੇ ਇਸ ਦੇ ਲਈ ਉਸ ਨੇ 20 ਹਜ਼ਾਰ ਰੁਪਏ ਦਿੱਤੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਏ. ਡੀ. ਸੀ. ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਮੁਲਜ਼ਮ 'ਤੇ ਪਹਿਲਾਂ ਵੀ ਅਪਰਾਧਿਕ ਮੁਕੱਦਮੇ ਦਰਜ ਹਨ, ਜਿਸ ਵਿਚ ਇਕ ਮਾਮਲਾ ਸਾਲ 2013 ਦਾ ਹੈ। ਇਨ੍ਹਾਂ ਮਾਮਲਿਆਂ 'ਚ ਹੀ ਉਹ ਜ਼ਮਾਨਤ 'ਤੇ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਕਹਿਣਾ ਹੈ ਕਿ ਉਸ ਦੀ ਕੁੱਝ ਲੋਕਾਂ ਨਾਲ ਰੰਜਿਸ਼ ਹੈ ਅਤੇ ਉਸ ਨੇ ਉਕਤ ਹਥਿਆਰ ਆਪਣੀ ਸੁਰੱਖਿਆ ਲਈ ਖ਼ਰੀਦੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਮੁਲਜ਼ਮ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਆਦਮਪੁਰ ਨਗਰ ਕੌਂਸਲ ਦਫ਼ਤਰ 'ਚ ਸਫ਼ਾਈ ਕਾਮਿਆਂ ਵੱਲੋਂ ਹੰਗਾਮਾ, ਮਾਮਲਾ ਹੱਥੋਪਾਈ ਤੱਕ ਪੁੱਜਾ
NEXT STORY