ਪਟਿਆਲਾ (ਬਲਜਿੰਦਰ) - ਸ਼ਹਿਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਬਣੇ ਇਕ ਹੋਟਲ ਵਿਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਫਾਹ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ (28) ਪੁੱਤਰ ਹੰਸ ਰਾਜ, ਵਾਸੀ ਪਿੰਡ ਮਹਿਲ, ਜ਼ਿਲਾ ਹਮੀਰਪੁਰ ਵਜੋਂ ਹੋਈ। ਵਿਨੋਦ ਨੇ ਬੀਤੀ ਰਾਤ 9.00 ਵਜੇ ਹੋਟਲ ਦਾ ਕਮਰਾ ਕਿਰਾਏ 'ਤੇ ਲਿਆ ਸੀ ਅਤੇ ਸ਼ਨੀਵਾਰ ਦੁਪਹਿਰ 12.00 ਵਜੇ ਕਮਰਾ ਖਾਲੀ ਕਰਨਾ ਸੀ। ਜਦੋਂ ਵਿਨੋਦ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਹੋਟਲ ਸਟਾਫ ਨੇ ਪਿਛਲੀ ਖਿੜਕੀ ਰਾਹੀਂ ਦੇਖਿਆ ਤਾਂ ਪੱਖੇ ਨਾਲ ਵਿਨੋਦ ਦੀ ਲਾਸ਼ ਲਟਕ ਰਹੀ ਸੀ। ਹੋਟਲ ਸਟਾਫ ਤੇ ਮਾਲਕਾਂ ਨੇ ਮਾਰਕੀਟ ਐਸੋਸੀਏਸ਼ਨ ਵਾਲਿਆਂ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਜਾਨਪਾਲ ਸਿੰਘ ਅਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਤੇ ਦਰਵਾਜ਼ਾ ਤੋੜ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਵਿਨੋਦ ਨੇ ਚਾਦਰ ਨੂੰ ਪੱਖੇ ਨਾਲ ਬੰਨ੍ਹ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ। ਨੌਜਵਾਨ ਦਾ ਫੋਨ ਚਾਰਜਿੰਗ 'ਤੇ ਲੱਗਿਆ ਹੋਇਆ ਸੀ ਜੋ ਕਿ ਵਾਰ-ਵਾਰ ਵੱਜ ਰਿਹਾ ਸੀ ਤੇ ਜਦੋਂ ਪੁਲਸ ਨੇ ਫੋਨ ਅਟੈਂਡ ਕੀਤਾ ਸੀ ਤਾਂ ਮ੍ਰਿਤਕ ਦਾ ਭਰਾ ਦੀਪਕ ਵਾਰ-ਵਾਰ ਫੋਨ ਕਰ ਰਿਹਾ ਸੀ ਤਾਂ ਪੁਲਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਤੇ ਦੱਸਿਆ ਕਿ ਵਿਨੋਦ ਨੇ ਆਤਮਹੱਤਿਆ ਕਰ ਲਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ ਅਤੇ ਭਲਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਵੱਲੋਂ ਹੋਰਨਾਂ ਕਾਲਜਾਂ ਵਿਚ ਪ੍ਰੀਖਿਆ ਕੇਂਦਰ ਬਣਾਉਣਾ ਸਵਾਲਾਂ ਦੇ ਘੇਰੇ 'ਚ
NEXT STORY