ਪਟਿਆਲਾ (ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਵੱਲੋਂ ਖੁਦ ਦੇ ਕਾਲਜਾਂ ਤੋਂ ਪ੍ਰੀਖਿਆ ਸੈਂਟਰ ਹਟਾ ਕੇ ਛੋਟੇ ਪ੍ਰਾਈਵੇਟ ਕਾਲਜਾਂ ਵਿਚ ਬਣਾਏ ਜਾਣ ਸਬੰਧੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੇ ਇਤਰਾਜ਼ ਕੀਤਾ ਹੈ। ਨਾਲ ਹੀ ਮੰਗ ਕੀਤੀ ਹੈ ਕਿ ਪ੍ਰਾਈਵੇਟ ਕਾਲਜਾਂ ਵਿਚ ਸੈਂਟਰ ਬੰਦ ਕਰ ਕੇ ਸਰਕਾਰੀ ਜਾਂ ਯੂਨੀਵਰਸਿਟੀ ਕਾਲਜਾਂ ਵਿਚ ਹੀ ਬਣਾਏ ਜਾਣ ਤਾਂ ਕਿ ਸਟੂਡੈਂਟਸ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ ਅਤੇ ਹੋ ਰਹੀ ਵਿੱਤੀ ਲੁੱਟ ਵੀ ਬੰਦ ਹੋਵੇ, ਇਸ ਸਬੰਧੀ ਕੈਂਪਸ ਵਿਚ ਹੋਈ ਇਕ ਮੀਟਿੰਗ ਦੌਰਾਨ ਐਸੋਸੀਏਸ਼ਨ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਪੈਰਾਂ 'ਤੇ ਖੁਦ ਹੀ ਕੁਹਾੜਾ ਮਾਰਨ 'ਤੇ ਲੱਗੀ ਹੈ। ਯੂਨੀਵਰਸਿਟੀ ਵਲੋਂ ਆਪਣੇ ਕਾਲਜਾਂ ਨੂੰ ਛੱਡ ਕੇ ਛੋਟੇ ਕਾਲਜਾਂ ਵਿਚ ਪ੍ਰੀਖਿਆ ਕੇਂਦਰ ਬਣਾਉਣ 'ਤੇ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਜ਼ਿਆਦਾ ਸੈਂਟਰ ਹੋਣ ਨਾਲ ਵਧਦਾ ਹੈ ਯੂਨੀਵਰਸਿਟੀ ਦਾ ਖਰਚਾ
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕਾਲਜ ਮੂਣਕ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਅਤੇ ਦੁਪਹਿਰ ਦੇ ਸੈਸ਼ਨ ਵਿਚ 1000-1000 ਵਿਦਿਆਰਥੀ ਬੈਠ ਸਕਦੇ ਹਨ ਜਦੋਂ ਕਿ ਮੂਣਕ ਕਾਲਜ ਦੇ ਨੇੜੇ ਲੱਗਦੇ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਨੇ ਮੂਣਕ ਤੋਂ ਸੈਂਟਰ ਹਟਾ ਕੇ ਆਪਣੇ ਕਾਲਜਾਂ ਵਿਚ ਬਣਵਾ ਲਏ ਹਨ ਤਾਂ ਕਿ ਪੇਪਰਾਂ ਵਿਚ ਮਨਮਾਨੀ ਕੀਤੀ ਜਾ ਸਕੇ ਅਤੇ ਆਪਣੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਫਾਇਦਾ ਪਹੁੰਚਾਇਆ ਜਾ ਸਕੇ। ਇਸ ਨਾਲ ਯੂਨੀਵਰਸਿਟੀ ਨੂੰ ਡਿਊਟੀਆਂ ਲਈ ਸੈਂਟਰ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਹੋਰ ਸਰਵਿਸ ਸਟਾਫ ਜ਼ਿਆਦਾ ਲਾਉਣਾ ਪੈਂਦਾ ਹੈ। ਇਸ ਨਾਲ ਸੈਂਟਰ ਦੀ ਕੰਟੀਜੈਂਸੀ ਵਿਚ ਬਹੁਤ ਜ਼ਿਆਦਾ ਖਰਚ ਦੇਣਾ ਪੈਂਦਾ ਹੈ। ਅਧਿਆਪਕਾਂ ਨੂੰ ਆਉਣ- ਜਾਣ ਦਾ ਟੀ. ਏ. ਡੀ. ਏ. ਵੀ ਵੱਖਰਾ ਦੇਣਾ ਹੁੰਦਾ ਹੈ। ਇਸ ਤੋਂ ਇਲਾਵਾ ਕੈਂਪਸ ਵਲੋਂ ਭੇਜੀ ਜਾਣ ਵਾਲੀਆਂ ਗੱਡੀਆਂ ਨੂੰ ਵੀ ਵਧ ਸੈਂਟਰਾਂ ਵਿਚ ਪੇਪਰ ਛੱਡਣ ਅਤੇ ਲਿਆਉਣ, ਉੱਤਰ ਕਾਪੀਆਂ ਲਿਆਉਣ ਅਤੇ ਦੇਣ ਵਿਚ ਕਾਫੀ ਸਮਾਂ ਵੀ ਲੱਗਦਾ ਹੈ ਅਤੇ ਖਰਚਾ ਵੀ ਜ਼ਿਆਦਾ ਆਉਂਦਾ ਹੈ।
ਯੂਨੀਵਰਸਿਟੀ ਦੇ ਆਪਣੇ ਕਾਲਜਾਂ ਵਿਚ 1000 ਸਟੂਡੈਂਟਸ ਲਈ ਬਣਦੇ ਹਨ ਪ੍ਰੀਖਿਆ ਕੇਂਦਰ
ਜਦੋਂ ਯੂਨੀਵਰਸਿਟੀ ਦੇ ਆਪਣੇ ਕਾਲਜ, ਜਿਸ ਵਿਚ ਮਾਤਾ ਸੁੰਦਰੀ ਕਾਲਜ ਮਾਨਸਾ, ਸਰਕਾਰੀ ਕਾਲਜ ਨਹਿਰੂ ਆਦਿ ਹਨ, ਜਿਥੇ 1000-1000 ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ ਬਣਦੇ ਆ ਰਹੇ ਹਨ। ਸਾਲਾਂ ਤੋਂ ਇਥੇ ਸੈਂਟਰ ਬਣਾਏ ਜਾਂਦੇ ਰਹੇ ਹਨ ਪਰ ਹੁਣ ਯੂਨੀਵਰਸਿਟੀ ਨਾਲ ਸੈਟਿੰਗ ਕਰ ਕੇ ਛੋਟੇ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਨੇ ਆਪਣੇ ਕਾਲਜਾਂ ਵਿਚ ਪ੍ਰੀਖਿਆ ਕੇਂਦਰ ਬਣਾ ਲਏ ਹਨ ਜਦੋਂ ਕਿ ਇਨ੍ਹਾਂ ਛੋਟੇ ਸੈਂਟਰਾਂ ਵਿਚ ਵਿਦਿਆਰਥੀ ਘੱਟ ਬੈਠਦੇ ਹਨ ਅਤੇ ਇਸ ਕਾਰਨ ਜ਼ਿਆਦਾ ਸੈਂਟਰ ਬਣਾਉਣੇ ਪੈ ਰਹੇ ਹਨ।
ਵੀ. ਸੀ. ਨੂੰ ਇਸ ਸਬੰਧੀ ਦਿੱਤਾ ਗਿਆ ਮੰਗ-ਪੱਤਰ
ਜੇਕਰ ਛੋਟੇ ਕਾਲਜਾਂ ਵਿਚ ਸੈਂਟਰ ਬੰਦ ਕਰ ਕੇ ਵੱਡੇ ਯੂਨੀਵਰਸਿਟੀ ਕਾਲਜ ਵਿਚ ਸੈਂਟਰ ਬਣਾ ਕੇ ਪੇਪਰ ਲਏ ਜਾਣ ਤਾਂ ਇਸ ਨਾਲ ਯੂਨੀਵਰਸਿਟੀ ਨੂੰ ਲੱਖਾਂ ਰੁਪਏ ਦੀ ਬੱਚਤ ਹੋ ਸਕਦੀ ਹੈ ਪਰ ਯੂਨੀਵਰਸਿਟੀ ਮੈਨੇਜਮੈਂਟ ਆਪਣੇ ਨਿੱਜੀ ਹਿਤਾਂ ਨੂੰ ਦੇਖਦਿਆਂ ਪ੍ਰਾਈਵੇਟ ਸੈਂਟਰਾਂ ਨੂੰ ਬੜ੍ਹਾਵਾ ਦੇ ਰਹੀ ਹੈ ਅਤੇ ਇਨ੍ਹਾਂ ਨੂੰ ਬੰਦ ਕਰਨਾ ਚਾਹੁੰਦੀ ਹੈ। ਇਸ ਨਾਲ ਸਰਕਾਰੀ ਅਤੇ ਯੂਨੀਵਰਸਿਟੀ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਧੱਕਾ ਲੱਗਦਾ ਹੈ। ਅਜਿਹੇ ਵਿਚ ਇਸ ਸਬੰਧੀ ਮੰਗ-ਪੱਤਰ ਵੀ. ਸੀ., ਡੀਨ ਅਕਾਦਮਿਕ, ਰਜਿਸਟਰਾਰ, ਕੰਟਰੋਲਰ ਐਗਜ਼ਾਮੀਨੇਸ਼ਨ ਅਤੇ ਫਾਇਨਾਂਸ ਅਧਿਕਾਰੀ ਨੂੰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦਸੰਬਰ-2017 ਦੀਆਂ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਅਥਾਰਿਟੀ ਤਹਿਤ ਕੰਟਰੋਲਰ ਐਗਜ਼ਾਮੀਨੇਸ਼ਨ ਵਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਛੋਟੇ ਪ੍ਰਾਈਵੇਟ ਕਾਲਜਾਂ ਵਿਚ ਸੈਂਟਰ ਬਣਾਉਣੇ ਬੰਦ ਹੋਣਗੇ ਤਾਂ ਕਿ ਯੂਨੀਵਰਸਿਟੀ ਦਾ ਖਰਚਾ ਬਚ ਸਕੇ, ਜਿਨ੍ਹਾਂ ਕਾਲਜਾਂ ਵਿਚ 250 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ, ਉਥੇ ਸੈਂਟਰ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਅੰਗਹੀਣ ਤੇ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
NEXT STORY