ਜਲੰਧਰ (ਮਾਹੀ, ਵਰੁਣ)— ਜਲੰਧਰ ਦੇ ਨੇੜੇ ਲਾਂਬੜਾ ਵਿਚ ਕਰਤਾਰਪੁਰ ਦੇ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਅਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਅੱਜ ਦਮ ਤੋੜ ਦਿੱਤਾ। ਅੱਜ ਸਵੇਰੇ 7 ਵਜੇ ਉਕਤ ਵਿਅਕਤੀ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜਿਆ। ਇਥੇ ਦੱਸ ਦੇਈਏ ਕਿ ਉਕਤ ਸੰਚਾਲਕ ਨੇ ਆਪਣੀ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਪੀਤੀ ਸੀ ਅਤੇ ਕਈ ਵੱਡੇ ਖ਼ੁਲਾਸੇ ਕਰਦੇ ਹੋਏ ਖ਼ੁਦਕੁਸ਼ੀ ਦੇ ਪਿੱਛੇ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਅਣਪਛਾਤਿਆਂ ਵੱਲੋਂ ਜ਼ਿਲ੍ਹਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਗੱਡੀ ’ਤੇ ਹਮਲਾ
ਵਾਇਰਲ ਵੀਡੀਓ ’ਚ ਗਊਸ਼ਾਲਾ ਸੰਚਾਲਕ ਨੇ ਵਿਧਾਇਕ ਸੁਰਿੰਦਰ ਚੌਧਰੀ, ਪੁਲਸ ਅਧਿਕਾਰੀ ਪੁਸ਼ਪ ਬਾਲੀ ਅਤੇ ਕੁਝ ਭੂ-ਮਾਫ਼ੀਆ ’ਤੇ ਉਸ ਦੀ ਗਊਸ਼ਾਲਾ ਦੀ ਜ਼ਮੀਨ ਅਤੇ ਹਨੂੰਮਾਨ ਮੰਦਿਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਪਰੇਸ਼ਾਨ ਹੋ ਕੇ ਗਊਸ਼ਾਲਾ ਸੰਚਾਲਕ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ। ਉਥੇ ਹੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ 3 ਲੋਕਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਪਰ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਮਾਮਲਾ ਉਸ ਸਮੇਂ ਗਰਮਾ ਗਿਆ, ਜਦੋਂ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਆਪਣੇ ਵੱਲੋਂ ਹੀ ਬਿਆਨ ਦਰਜ ਕਰਕੇ 3 ਲੋਕਾਂ ’ਤੇ ਕੇਸ ਦਰਜ ਕੀਤਾ ਹੈ। ਤਿੰਨ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਮ੍ਰਿਤਕ ਧਰਮਪਾਲ ਬਖ਼ਸ਼ੀ ਦੇ ਬੇਟੇ ਵੱਲੋਂ ਦੋਬਾਰਾ ਸ਼ਿਕਾਇਤ ਦਿੱਤੀ ਗਈ, ਜਿਸ ਵਿਚ ਕਿਹਾ ਗਿਆ ਉਸ ਦੇ ਪਿਤਾ ਦੀ ਮੌਤ ਦਾ ਕਾਰਨ ਵਿਧਾਇਕ ਅਤੇ ਸੀ. ਆਈ. ਏ. ਸਟਾਫ਼ ਦਿਹਾਤੀ ਦਾ ਐੱਸ. ਆਈ. ਵੀ ਹੈ।
ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਬੀਤੀ ਰਾਤ ਧਰਮਪਾਲ ਬਖ਼ਸ਼ੀ ਦੇ ਬਿਆਨ ਲਿਖਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਿਆਨ ਦੇਣ ਵਿਚ ਸਮਰੱਥ ਨਹੀਂ ਸੀ। ਅਜਿਹੇ ਵਿਚ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਸ ਨੇ ਧਰਮਪਾਲ ਬਖ਼ਸ਼ੀ ਦੇ ਬੇਟੇ ਅਭੀ ਦੇ ਬਿਆਨ ਕਲਮਬੱਧ ਕੀਤੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਭੀ ਵੱਲੋਂ ਦਿੱਤੇ ਬਿਆਨਾਂ ਵਿਚ ਉਸ ਨੇ ਕਿਹਾ ਕਿ ਉਸ ਦੇ ਪਿਤਾ ਪਿਛਲੇ 20 ਸਾਲਾਂ ਤੋਂ ਗਊਸ਼ਾਲਾ ਚਲਾ ਰਹੇ ਸਨ। ਉਕਤ ਜ਼ਮੀਨ ਪਾਵਰਕਾਮ ਦੀ ਮਲਕੀਅਤ ਸੀ ਅਤੇ ਕੁਝ ਜਗ੍ਹਾ ਪਿੰਡ ਲਾਂਬੜਾ ਦੇ ਵਕਫ ਬੋਰਡ ਦੀ ਹੈ। ਜਿਸ ਗਊਸ਼ਾਲਾ ਵਿਚ ਉਸ ਦੇ ਪਿਤਾ ਸੇਵਾ ਕਰਦੇ ਸਨ, ਉਸ ਨੂੰ ਪਿੰਡ ਦੇ ਹੀ ਮੋਹਨ ਸੀਮੈਂਟ ਸਟੋਰ ਵਾਲੇ, ਸੰਜੀਵ ਕੁਮਾਰ ਕਾਲਾ ਪ੍ਰਧਾਨ ਅਤੇ ਗੌਤਮ ਮੋਹਨ ਨਿਵਾਸੀ ਲਾਂਬੜਾ ਖਾਲੀ ਕਰਵਾਉਣ ਲਈ ਸਾਜ਼ਿਸ਼ ਰਚਦੇ ਰਹਿੰਦੇ ਸਨ। ਇਸ ਕਾਰਨ ਪਿਛਲੇ 20 ਦਿਨਾਂ ਤੋਂ ਉਸ ਦੇ ਪਿਤਾ ਪ੍ਰੇਸ਼ਾਨ ਸਨ।
ਇਹ ਵੀ ਪੜ੍ਹੋ: ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿਮਰਨਜੀਤ ਸਿੰਘ ਮਾਨ ਦਾ ਬੀਬੀ ਜਗੀਰ ਕੌਰ ਨੂੰ ਵੱਡਾ ਸਵਾਲ
ਅਭੀ ਨੇ ਪਹਿਲਾਂ ਤਾਂ ਸਿਰਫ਼ ਰਾਮ ਮੋਹਨ, ਸੰਜੀਵ ਅਤੇ ਗੌਤਮ ਨੂੰ ਆਪਣੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਪਰ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਉਸ ਨੇ ਪੁਲਸ ’ਤੇ ਹੀ ਗੰਭੀਰ ਦੋਸ਼ ਲਾ ਦਿੱਤੇ। ਅਭੀ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਪੁਲਸ ਅਧਿਕਾਰੀਆਂ ਨੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਅਤੇ ਮੇਰੀ ਸਹਿਮਤੀ ਤੋਂ ਬਿਨਾਂ ਵਿਰਲਾਪ ਦੌਰਾਨ ਖ਼ੁਦ ਹੀ ਬਿਆਨ ਦਰਜ ਕਰਕੇ ਗਲਤ ਐੱਫ. ਆਈ. ਆਰ. ਦਰਜ ਕਰਕੇ ਮੁੱਖ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਮੇਰੇ ਪਿਤਾ ਨੇ ਐੱਸ. ਆਈ. ਅਤੇ ਵਿਧਾਇਕ ਸੁਰਿੰਦਰ ਚੌਧਰੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਕਾਰਨ ਖੁਦਕੁਸ਼ੀ ਕੀਤੀ ਹੈ ਅਤੇ ਉਨ੍ਹਾਂ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਮ੍ਰਿਤਕ ਦੇ ਛੋਟੇ ਭਰਾ ਮਨਦੀਪ ਬਖਸ਼ੀ ਨੇ ਵੀ ਕਿਹਾ ਕਿ ਸਾਡਾ ਸਾਰਾ ਪਰਿਵਾਰ ਧਰਮਪਾਲ ਬਖਸ਼ੀ ਦੀ ਮੌਤ ਕਾਰਨ ਦੁਖੀ ਤੇ ਪ੍ਰੇਸ਼ਾਨ ਸੀ, ਜਿਸ ਦਾ ਲਾਭ ਉਠਾਉਂਦਿਆਂ ਪੁਲਸ ਨੇ ਅਸਲੀ ਦੋਸ਼ੀਆਂ ਨੂੰ ਬਚਾਉਣ ਦੀ ਗੰਦੀ ਖੇਡ ਖੇਡੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲੰਧਰ ਦਿਹਾਤੀ ਪੁਲਸ ਨੇ ਬੁੱਧਵਾਰ ਸਵੇਰੇ 12 ਵਜੇ ਤੱਕ ਵਿਧਾਇਕ ਅਤੇ ਐੱਸ. ਆਈ. ਨੂੰ ਇਸ ਮਾਮਲੇ ਵਿਚ ਨਾਮਜ਼ਦ ਨਾ ਕੀਤਾ ਤਾਂ ਉਹ ਇਨਸਾਫ ਲਈ ਸੰਘਰਸ਼ ਕਰਨਗੇ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਵਰਣਨਯੋਗ ਹੈ ਕਿ ਬੀਤੇ ਦਿਨੀਂ ਧਰਮਪਾਲ ਬਖਸ਼ੀ ਉਰਫ਼ ਧੰਮਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਉਸ ਨੇ ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਚੌਧਰੀ ਸਮੇਤ 5 ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। ਅੱਜ ਸਵੇਰੇ ਧਰਮਪਾਲ ਬਖ਼ਸ਼ੀ ਦੀ ਹਸਪਤਾਲ ਵਿਚ ਮੌਤ ਹੋ ਗਈ। ਫੇਸਬੁੱਕ ਲਾਈਵ ਵਿਚ ਵਿਧਾਇਕ ਅਤੇ ਹੋਰਨਾਂ ਦਾ ਨਾਂ ਹੋਣ ਕਾਰਨ ਪੁਲਸ ਕਸ਼ਮਕਸ਼ ਵਿਚ ਸੀ, ਹਾਲਾਂਕਿ ਵਿਧਾਇਕ ਵੀ ਖੁਦ ਨੂੰ ਬੇਕਸੂਰ ਦੱਸ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਗੋਲ਼ੀਆਂ ਨਾਲ ਭੁੰਨਿਆ ਨੌਜਵਾਨ, ਖੇਤਾਂ ’ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
ਵਿਧਾਇਕ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਇਕਜੁੱਟ ਹੋਣ ਲੱਗੀਆਂ ਸੰਸਥਾਵਾਂ
ਇਸ ਮਾਮਲੇ ਵਿਚ ਪੰਜਾਬ ਹੀ ਨਹੀਂ, ਸਗੋਂ ਪੰਜਾਬ ਦੇ ਬਾਹਰੀ ਸੂਬਿਆਂ ਦੀਆਂ ਗਊਸ਼ਾਲਾਵਾਂ ਨਾਲ ਜੁੜੀਆਂ ਸੰਸਥਾਵਾਂ ਇਕਜੁੱਟ ਹੋਣ ਲੱਗੀਆਂ ਹਨ। ਇਹ ਮਾਮਲਾ ਹੁਣ ਤੂਲ ਫੜ ਸਕਦਾ ਹੈ, ਜਿਸ ਨਾਲ ਵਿਧਾਇਕ ਦੀਆਂ ਪ੍ਰੇਸ਼ਾਨੀਆਂ ਵੀ ਵਧ ਸਕਦੀਆਂ ਹਨ। ਇਸ ਨੂੰ ਹੁਣ ਸਿਆਸੀ ਮੁੱਦਾ ਵੀ ਬਣਾਇਆ ਜਾ ਸਕਦਾ ਹੈ। ਬੁੱਧਵਾਰ ਨੂੰ ਕੁਝ ਸੰਸਥਾਵਾਂ ਮ੍ਰਿਤਕ ਧਰਮਪਾਲ ਬਖਸ਼ੀ ਦੇ ਘਰ ਵੀ ਪਹੁੰਚ ਸਕਦੀਆਂ ਹਨ, ਜਿਸ ਤੋਂ ਬਾਅਦ ਸੰਸਥਾਵਾਂ ਵੱਲੋਂ ਇਕਜੁੱਟ ਹੋ ਕੇ ਧਰਮਪਾਲ ਬਖ਼ਸ਼ੀ ਨੂੰ ਇਨਸਾਫ਼ ਦਿਵਾਉਣ ਲਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਚਰਚਾ ਹੈ ਕਿ ਕਾਂਗਰਸੀ ਵਿਧਾਇਕ ਨੂੰ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਇਸ ਵਿਰੋਧ ਵਿਚ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟਿੰਗ ਟੀਮ ’ਤੇ ਹਮਲਾ, ਡਾਕਟਰਾਂ ਨੂੰ ਦੌੜਾ-ਦੌੜਾ ਕੁੱਟਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲੁਧਿਆਣਾ 'ਚ ਫੈਕਟਰੀ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
NEXT STORY