ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਔੜ ਦੇ ਅਧੀਨ ਆਉਂਦੇ ਪਿੰਡ ਚੱਕਦਾਨਾ 'ਚ ਇਕ ਠੇਕੇ ਨੇੜੇ ਅਹਾਤਾ ਚਲਾਉਣ ਵਾਲੇ ਪ੍ਰਵਾਸੀ ਵਿਅਕਤੀ ਦਾ ਅਣਪਛਾਤੇ ਲੋਕਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਅਨਿਲ ਕੁਮਾਰ ਯਾਦਵ ਪੁੱਤਰ ਕੰਵਰਪਾਲ ਯਾਦਵ ਮੂਲ ਵਾਸੀ ਦੁਰਗਾਪੁਰ ਥਾਣਾ ਰਾਮ ਨਗਰ ਜ਼ਿਲਾ ਬਾਰਾਬੰਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਪਿੰਡ ਲਸਾਡਾ 'ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਪਿੰਡ ਚੱਕਦਾਨਾ ਦੇ ਮੁਕੰਦਪੁਰ ਰੋਡ 'ਤੇ ਅਨਿਲ ਚਿਕਨ ਕਾਰਨਰ ਦੇ ਨਾਂ ਦਾ ਰੈਸਟੋਰੈਂਟ ਚਲਾਉਂਦਾ ਹੈ। ਉਸ ਦਾ ਛੋਟਾ ਭਰਾ ਸੰਤੋਸ਼ ਕੁਮਾਰ (28) ਚੱਕਦਾਨਾ 'ਚ ਹੀ ਮੁਕੰਦਪੁਰ ਰੋਡ 'ਤੇ ਨਹਿਰ ਸੁਏ ਦੇ ਨੇੜੇ ਸਥਿਤ ਸ਼ਰਾਬ ਦੇ ਠੇਕੇ ਨਾਲ ਅਹਾਤਾ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਰੋਜ਼ਾਨਾ ਰਾਤ ਕਰੀਬ 9 ਵਜੇ ਉਸ ਦੇ ਕੋਲ ਰੈਸਟੋਰੈਂਟ 'ਚ ਆ ਜਾਂਦਾ ਸੀ ਅਤੇ ਉਥੇ ਹੀ ਉਹ ਸੌਂਦਾ ਸੀ ਪਰ ਐਤਵਾਰ ਜਦੋਂ ਰਾਤ 10 ਵਜੇ ਤੱਕ ਨਹੀਂ ਆਇਆ ਤਾਂ ਉਹ ਆਪਣੇ ਇਕ ਹੋਰ ਭਰਾ ਦੇ ਨਾਲ ਉਸ ਦੀ ਭਾਲ ਕਰਨ ਲਈ ਅਹਾਤੇ 'ਤੇ ਗਿਆ। ਇਥੇ ਜਾ ਕੇ ਦੇਖਿਆ ਤਾਂ ਅਹਾਤਾ ਬੰਦ ਸੀ ਅਤੇ ਉਸ ਦਾ ਭਰਾ ਸੰਤੋਸ਼ ਉਸ ਨੂੰ ਕਿਤੇ ਵੀ ਨਹੀਂ ਮਿਲਿਆ। ਜਦੋਂ ਉਸ ਦੇ ਮੋਬਾਇਲ 'ਤੇ ਕਾਲ ਕੀਤੀ ਗਈ ਤਾਂ ਕਿਸੇ ਵੀ ਫੋਨ ਨਾ ਚੁੱਕਿਆ। ਉਸ ਨੇ ਦੱਸਿਆ ਕਿ ਅਹਾਤੇ ਦੇ ਨੇੜੇ ਕਰੀਬ 25-30 ਗਜ 'ਤੇ ਜਾਣ 'ਤੇ ਉਨ੍ਹਾਂ ਨੂੰ ਭਰਾ ਦੀ ਲਾਸ਼ ਖੂਨ ਨਾਲ ਲਥਪਥ ਮਿਲੀ।
ਦੋ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਮ੍ਰਿਤਕ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਭਰਾ ਦੇ ਅਹਾਤੇ 'ਤੇ ਸਿਰਫ 500 ਰੁਪਏ ਦੀ ਹੀ ਸੇਲ ਹੁੰਦੀ ਸੀ ਅਤੇ ਲੁੱਟ ਦੀ ਵਾਰਦਾਤ 'ਚ ਲੁਟੇਰੇ ਨਾਲ ਹੀ ਸਥਿਤ ਸ਼ਰਾਬ ਦਾ ਠੇਕਾ ਜਿਸ 'ਤੇ ਸਿਰਫ ਇਕ ਹੀ ਕਰਿੰਦਾ ਬੈਠਦਾ ਹੈ, ਉਸ 'ਤੇ ਵੀ ਲੁੱਟ ਦੀ ਕੋਸ਼ਿਸ਼ ਕਰ ਸਕਦੇ ਸਨ ਪਰ ਠੇਕੇ ਦੇ ਪਿਛਲੀ ਸਾਈਡ 'ਤੇ ਸਥਿਤ ਅਹਾਤੇ ਤੋਂ ਦੂਰ ਖੇਤਾਂ 'ਚ ਜਾ ਕੇ ਕਤਲ ਹੋਇਆ ਹੈ। ਇਸ ਕੇਸ 'ਚ ਲੁੱਟ ਦੀ ਸੰਭਾਵਨਾ ਘੱਟ ਲੱਗਦੀ ਹੈ। ਉਸ ਨੇ ਦੱਸਿਆ ਕਿ ਲਾਸ਼ ਦੇ ਨੇੜੇ ਤੋਂ ਇਕ ਹਥੌੜੀ ਬਰਾਮਦ ਕੀਤੀਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਇਸ ਹਥੌੜੀ ਦੀ ਵਰਤੋਂ ਹੱਤਿਆ ਕਰਨ 'ਚ ਕੀਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਦੋ ਧੀਆਂ ਨੂੰ ਛੱਡ ਗਿਆ ਹੈ। ਇਕ ਧੀ 1 ਸਾਲ ਅਤੇ ਇਕ 3 ਸਾਲ ਦੀ ਦੱਸੀ ਜਾ ਰਹੀ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ. ਮਲਕੀਅਤ ਸਿੰਘ
ਇਸ ਸਬੰਧ 'ਚ ਥਾਣਾ ਔੜ ਦੇ ਐੱਸ. ਐੱਚ. ਓ. ਮਲਕੀਅਤ ਸਿੰਘ ਨੇ ਦੱਸਿਆ ਕਿ ਹੱਤਿਆ ਵਾਲੇ ਸਥਾਨ ਦਾ ਦੌਰਾ ਕਰਕੇ ਸਬੂਤ ਜਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਅੰਮ੍ਰਿਤਸਰ ਧਮਾਕੇ 'ਚ ਮਾਰੇ ਗਏ ਸੰਦੀਪ ਦਾ ਹੋਇਆ ਅੰਤਿਮ ਸੰਸਕਾਰ
NEXT STORY