ਅਜਨਾਲਾ (ਬਾਠ) : ਭਾਰਤ-ਪਾਕਿ ਸਰਹੱਦ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਬੱਲੜਵਾਲ 'ਚ ਰੇਤ ਮਾਈਨਿੰਗ ਖਿਲਾਫ ਆਵਾਜ਼ ਚੁੱਕਣ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਇਕ ਔਰਤ ਨੂੰ ਵੀ ਗੰਭੀਰ ਰੂਪ 'ਚ ਜ਼ਖਮੀਂ ਕਰ ਦਿੱਤਾ ਗਿਆ, ਜੋ ਕਿ ਹਸਪਤਾਲ 'ਚ ਜੇਰੇ ਇਲਾਜ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਤਰਸੇਮ ਸਿੰਘ ਦੇ ਪੁੱਤਰਾਂ ਲਖਬੀਰ ਸਿੰਘ ਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬੀਤੀ ਦੇਰ ਸ਼ਾਮ ਡੇਰਾ ਬਿਆਸ ਤੋਂ ਘਰ ਪਰਤ ਰਹੇ ਸਨ ਕਿ ਘਰ ਦੇ ਨੇੜੇ ਕਥਿਤ ਤੌਰ 'ਤੇ ਮੌਜੂਦ ਦਲਬੀਰ ਸਿੰਘ ਤੇ ਉਸ ਦੇ ਪੁੱਤਰ ਲੱਖਾ ਸਿੰਘ, ਸੁੱਖਾ ਸਿੰਘ ਤੇ ਉਸ ਦੇ ਜਵਾਈ ਸਮੇਤ ਹੋਰਨਾਂ ਵਿਅਕਤੀਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤਰਸੇਮ ਸਿੰਘ ਦਾ ਰੌਲਾ ਸੁਣ ਕੇ ਪਰਿਵਾਰ ਦੀ ਔਰਤ ਕਸ਼ਮੀਰ ਕੌਰ ਬਾਹਰ ਆਈ ਤਾਂ ਉਕਤ ਲੋਕਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇੱਥੇ ਡਾਕਟਰਾਂ ਵਲੋਂ ਤਰਸੇਮ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ, ਜਦੋਂ ਕਿ ਕਸ਼ਮੀਰ ਕੌਰ ਜੇਰੇ ਇਲਾਜ ਹੈ। ਮ੍ਰਿਤਕ ਦੇ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 'ਤੇ ਹਮਲਾ ਕਰਨ ਵਾਲੇ ਲੋਕ ਉਨ੍ਹਾਂ ਦੇ ਨਾਲ ਲੱਗਦੀ ਜ਼ਮੀਨ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੰਜਿਸ਼ ਕਾਰਨ ਹੀ ਉਕਤ ਲੋਕਾਂ ਨੇ ਉਨ੍ਹਾਂ ਦੇ ਪਿਤਾ ਦਾ ਕਤਲ ਕੀਤਾ ਹੈ। ਫਿਲਾਹਲ ਪੁਲਸ ਵਲੋਂ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।
ਪਹਿਲਾ ਮਹੇੜੂ ਕਬੱਡੀ ਕੱਪ ਅੱਜ
NEXT STORY