ਚੰਡੀਗੜ੍ਹ (ਸੁਸ਼ੀਲ) : ਨਸ਼ੇ ਵਾਲੇ ਟੀਕੇ ਸਪਲਾਈ ਕਰਨ ਵਾਲੇ ਤਸਕਰ ਸੈਕਟਰ-53 ਨਿਵਾਸੀ ਯਸ਼ਪਾਲ ਉਰਫ਼ ਯਸ਼ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਯਸ਼ਪਾਲ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਹ ਮਾਮਲਾ 16 ਸਤੰਬਰ 2019 ਦਾ ਹੈ। ਪਲਸੌਰਾ ਚੌਕੀ ਇੰਚਾਰਜ ਐੱਸ. ਆਈ. ਮਨਜੀਤ ਸਿੰਘ ਸੈਕਟਰ-56 ਦੇ ਬੱਸ ਅੱਡੇ ਨੇੜੇ ਗਸ਼ਤ ਕਰ ਰਹੇ ਸਨ। ਪੁਲਸ ਨੇ ਸਾਹਮਣਿਓਂ ਇਕ ਸ਼ੱਕੀ ਨੌਜਵਾਨ ਆਉਂਦਾ ਦੇਖਿਆ। ਪੁਲਸ ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ। ਟੀਮ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ 23 ਪਾਬੰਦੀਸ਼ੁਦਾ ਨਸ਼ੇ ਵਾਲੇ ਟੀਕੇ ਬਰਾਮਦ ਹੋਏ।
ਸੈਕਟਰ-39 ਥਾਣਾ ਪੁਲਸ ਨੇ ਨਸ਼ੇ ਵਾਲੇ ਟੀਕੇ ਬਰਾਮਦ ਕਰ ਕੇ ਮੁਲਜ਼ਮ ਸੈਕਟਰ-56 ਵਾਸੀ ਯਸ਼ਪਾਲ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ 'ਚ ਸਾਹਮਣੇ ਆਇਆ ਕਿ ਇਸ ਤੋਂ ਪਹਿਲਾਂ ਵੀ ਸੈਕਟਰ-39 ਥਾਣੇ ਵਿਚ ਯਸ਼ਪਾਲ ਖ਼ਿਲਾਫ਼ ਕਤਲ, ਐੱਨ. ਡੀ. ਪੀ. ਐੱਸ. ਅਤੇ ਝਪਟਮਾਰੀ ਦਾ ਮਾਮਲਾ ਦਰਜ ਹੋ ਚੁੱਕਾ ਹੈ। ਇਨ੍ਹਾਂ ਵਿਚੋਂ ਕਤਲ ਅਤੇ ਐੱਨ. ਡੀ. ਪੀ. ਐੱਸ. ਕੇਸਾਂ ਵਿਚ ਉਸ ਨੂੰ ਉਮਰ ਕੈਦ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਉਪਰੋਕਤ ਕੇਸਾਂ ਵਿਚ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਮੁਲਜ਼ਮ ਸਹਾਰਨਪੁਰ ਤੋਂ ਇਕ ਟੀਕਾ 90 ਰੁਪਏ ਵਿਚ ਲਿਆ ਕੇ 500 ਰੁਪਏ ਵਿਚ ਕਾਲੋਨੀਆਂ ਵਿਚ ਵੇਚਦਾ ਸੀ।
ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਕੁੜੀ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਘਟਨਾ CCTV 'ਚ ਹੋਈ ਕੈਦ
NEXT STORY