ਜਲੰਧਰ (ਵਰੁਣ,ਸੋਨੂੰ)— ਥਾਣਾ ਨੰਬਰ-ਇਕ ਦੇ ਅਧੀਨ ਆਉਂਦੇ ਗੁਰਬਚਨ ਸਿੰਘ ਨਗਰ 'ਚ ਇਕ ਵਿਅਕਤੀ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਆਪਣੇ ਹੀ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਜ਼ਹਿਰ ਖਾਣ ਕਰਕੇ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸੋਸ਼ਲ ਸਾਈਟ 'ਤੇ ਵਾਇਰਲ ਹੋਈ ਵੀਡੀਓ 'ਚ ਉਸ ਨੇ ਆਪਣੇ ਪਿਤਾ, ਭਰਾ ਅਤੇ ਭੈਣ 'ਤੇ ਗੰਭੀਰ ਦੋਸ਼ ਲਗਾਏ ਹਨ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ, ਜੋਕਿ ਵੇਰਕਾ ਮਿਲਕ ਪਲਾਂਟ ਦੇ ਗੁਰਬਚਨ ਸਿੰਘ ਨਗਰ ਦਾ ਰਹਿਣ ਵਾਲਾ ਸੀ।
ਆਪਣੇ ਹੀ ਪਰਿਵਾਰ ਨੇ ਕੀਤਾ ਖੁਦਕੁਸ਼ੀ ਕਰਨ ਲਈ ਮਜਬੂਰ
38 ਸਾਲ ਦੇ ਸੁਖਵਿੰਦਰ ਸਿੰਘ ਦੀ ਧਰਮਪਤਨੀ ਮਨਪ੍ਰੀਤ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦਾ ਵਿਆਹ ਸੁਖਵਿੰਦਰ ਸਿੰਘ ਨਾਲ ਹੋਇਆ ਸੀ। ਉਸ ਦੀ ਇਕ ਬੇਟੀ ਵੀ ਹੈ। ਸੁਖਵਿੰਦਰ ਦੀ ਭੈਣ ਅਤੇ ਉਸ ਦਾ ਜੀਜਾ ਪਿਛਲੇ 8 ਸਾਲਾਂ ਤੋਂ ਉਨ੍ਹਾਂ ਦੇ ਘਰ ਆ ਕੇ ਰਹਿ ਰਹੇ ਸਨ, ਜਿਸ ਕਰਕੇ ਪਰਿਵਾਰ 'ਚ ਘਰੇਲੂ ਕਲੇਸ਼ ਰਹਿੰਦਾ ਸੀ। ਸੁਖਵਿੰਦਰ ਦੀ ਸਾਰੀ ਕਮਾਈ ਘਰ 'ਚ ਹੀ ਖਰਚ ਹੋ ਜਾਂਦੀ ਸੀ, ਜਦੋਂਕਿ ਬਿੱਟੂ ਕੋਈ ਕੰਮ ਨਹੀਂ ਸੀ ਕਰਦਾ। ਦੋਸ਼ ਹੈ ਕਿ ਡੀ. ਜੇ. ਆਪਰੇਟਰ ਜਦੋਂ ਵੀ ਆਪਣੇ ਜੀਜੇ ਨੂੰ ਕੰਮ ਕਰਨ ਲਈ ਕਹਿੰਦਾ ਤਾਂ ਘਰ 'ਚ ਕਲੇਸ਼ ਹੋ ਜਾਂਦਾ। ਪਿਤਾ ਸਰਵਣ ਸਿੰਘ ਅਤੇ ਭਰਾ ਕਾਲਾ ਵੀ ਉਸ ਨੂੰ ਘਰ ਛੱਡਣ ਲਈ ਕਹਿੰਦੇ। ਵਿਆਹ ਤੋਂ ਸਾਲ ਬਾਅਦ ਬੇਟੀ ਪੈਦਾ ਹੋਈ ਤਾਂ ਬੇਟੀ ਹੋਣ 'ਤੇ ਵੀ ਤਾਅਨੇ ਮਾਰੇ ਜਾਂਦੇ ਸਨ। ਜੇਕਰ ਕੋਈ ਉਨ੍ਹਾਂ ਦੇ ਪੱਖ 'ਚ ਖੜ੍ਹਾ ਹੁੰਦਾ ਤਾਂ ਉਸ 'ਤੇ ਵੀ ਦੋਸ਼ ਲਾਏ ਜਾਂਦੇ।
ਮਨਪ੍ਰੀਤ ਨੇ ਕਿਹਾ ਕਿ ਕੁਝ ਦਿਨਾਂ ਤੋਂ ਘਰ 'ਚ ਕਾਫੀ ਗੰਦਾ ਮਾਹੌਲ ਸੀ। ਉਸ ਦਾ ਸਹੁਰਾ ਸਰਵਣ ਸਿੰਘ, ਦਿਓਰ ਕਾਲਾ ਅਤੇ ਨਣਾਨ ਜਸਵੀਰ ਉਰਫ ਇੰਦੂ ਅਤੇ ਉਸ ਦਾ ਪਤੀ ਬਿੱਟੂ ਲਗਾਤਾਰ ਉਨ੍ਹਾਂ ਨੂੰ ਘਰ ਛੱਡਣ ਲਈ ਕਹਿ ਰਹੇ ਸਨ। ਬੀਤੇ ਦਿਨ ਘਰ 'ਚ ਹੱਥੋਪਾਈ ਵੀ ਹੋਈ, ਜਿਸ ਤੋਂ ਸੁਖਵਿੰਦਰ ਸਿੰਘ ਕਾਫੀ ਪਰੇਸ਼ਾਨ ਹੋਇਆ। ਇਸ ਸਬੰਧ 'ਚ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਦੋਸ਼ ਹੈ ਕਿ ਥਾਣਾ-1 ਦੀ ਪੁਲਸ ਨੇ ਉਲਟਾ ਸੁਖਵਿੰਦਰ ਨਾਲ ਬਦਸਲੂਕੀ ਕੀਤੀ। ਪਰੇਸ਼ਾਨ ਹੋ ਕੇ ਸੁਖਵਿੰਦਰ ਨੇ ਸੋਮਵਾਰ ਦੁਪਹਿਰ ਹਾਈਵੇਅ 'ਤੇ ਖੜ੍ਹੇ ਹੋ ਕੇ ਇਕ ਵੀਡੀਓ ਬਣਾਈ। 1.26 ਮਿੰਟ ਦੀ ਵੀਡੀਓ 'ਚ ਸੁਖਵਿੰਦਰ ਨੇ ਆਪਣੇ ਪਿਤਾ, ਭਰਾ, ਜੀਜਾ ਤੇ ਭੈਣ 'ਤੇ ਦੋਸ਼ ਲਗਾਏ।
ਥਾਣਾ-1 ਦੀ ਪੁਲਸ ਖਿਲਾਫ ਵੀ ਸੁਖਵਿੰਦਰ ਨੇ ਧਮਕਾਉਣ ਦਾ ਦੋਸ਼ ਲਗਾਇਆ ਅਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਘਰ ਦੇ ਬਾਹਰ ਪਹੁੰਚ ਕੇ ਜ਼ਹਿਰ ਖਾ ਲਿਆ। ਜਿਵੇਂ ਹੀ ਮਨਪ੍ਰੀਤ ਨੇ ਪਤੀ ਨੂੰ ਬੇਹੋਸ਼ ਹੁੰਦਾ ਦੇਖਿਆ ਤਾਂ ਸੁਖਵਿੰਦਰ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਸ਼ਿਵ ਸੈਨਾ ਹਿੰਦ ਦੇ ਆਗੂ ਇਸ਼ਾਂਤ ਵਰਮਾ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਮੌਕੇ 'ਤੇ ਹੀ ਸੁਖਵਿੰਦਰ ਦੇ ਪਿਤਾ, ਭਰਾ, ਭੈਣ ਅਤੇ ਜੀਜੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਚਾਰਾਂ ਨੂੰ ਥਾਣਾ-1 ਦੀ ਪੁਲਸ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਪਿਤਾ ਸਰਵਣ ਸਿੰਘ, ਭਰਾ ਕਾਲਾ, ਭੈਣ ਇੰਦੂ ਅਤੇ ਜੀਜਾ ਬਿੱਟੂ ਦੇ ਖਿਲਾਫ ਕੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਦੇ ਤਹਿਤ ਕੇਸ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਲਾਈਵ ਹੋ ਕੇ 1.26 ਮਿੰਟ ਦੀ ਵੀਡੀਓ 'ਚ ਦੱਸੀ ਪੂਰੇ ਟੱਬਰ ਦੀ ਸੱਚਾਈ
''ਮੈਂ ਸੁਖਵਿੰਦਰ ਸਿੰਘ ਆਪਣੇ ਹੋਸ਼ 'ਚ ਕਹਿ ਰਿਹਾ ਹਾਂ। ਮੇਰੇ ਪਿਤਾ, ਭਰਾ, ਭੈਣ ਤੇ ਜੀਜੇ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਬੇਹੱਦ ਦੁਖੀ ਕੀਤਾ ਹੋਇਆ ਹੈ। ਕਿਸੇ ਨੂੰ ਦੱਸ ਨਹੀਂ ਸਕਦੇ, ਸਾਡੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਮੇਰੇ ਅਤੇ ਮੇਰੇ ਦੋਸਤਾਂ 'ਤੇ ਪਰਚਾ ਦਿੱਤਾ, ਉਪਰੋਂ ਪੁਲਸ ਵਾਲੇ ਮੈਨੂੰ ਧਮਕੀਆਂ ਦੇ ਰਹੇ ਹਨ ਕਿ ਤੈਨੂੰ ਅੰਦਰ ਕਰ ਦੇਣਾ ਹੈ। ਕਹਿੰਦੇ ਹਨ ਭੱਜ ਜਾਓ ਇਥੋਂ। ਥਾਣਾ-1 ਦੀ ਪੁਲਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਅੱਜ ਦੁਖੀ ਹੋ ਕੇ ਮੈਂ ਇਹ ਕਦਮ ਚੁੱਕਣ ਲੱਗਾ ਹਾਂ।'' ਅੱਗੇ ਬੋਲਦੇ ਹੋਏ ਉਸ ਨੇ ਕਿਹਾ, ''ਮੇਰੇ ਪਿਤਾ ਸਰਵਣ ਸਿੰਘ, ਭਰਾ ਕਾਲੂ, ਜੀਜਾ ਬਿੱਟੂ ਅਤੇ ਮੇਰੀ ਵੱਡੀ ਭੈਣ ਇੰਦੂ ਤੋਂ ਦੁਖੀ ਹੋ ਕੇ ਮੈਂ ਅੱਜ ਇਹ ਕੰਮ ਕਰਨ ਲੱਗਾ ਹਾਂ। ਮੇਰੀ ਪਤਨੀ ਮੇਰਾ ਸਾਥ ਦਿੰਦੀ ਹੈ, ਉਸ ਨੂੰ ਵੀ ਗਲਤ ਬੋਲਦੇ ਹਨ ਅਤੇ ਮੇਰਾ ਸਾਥ ਦੇਣ ਵਾਲੇ ਦੋਸਤਾਂ ਨੂੰ ਵੀ ਬੋਲਦੇ ਹਨ। ਮੇਰੀ ਮੌਤ ਦਾ ਜ਼ਿੰਮੇਵਾਰ ਮੇਰਾ ਪਰਿਵਾਰ ਹੈ। ਮੇਰੇ ਦੋਸਤਾਂ ਅਤੇ ਪਤਨੀ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਪੁਲਸ ਵੱਲੋਂ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਲਓ ਕਰ ਲਓ ਕਬਜ਼ਾ
ਜਿਵੇਂ ਹੀ ਸੁਖਵਿੰਦਰ ਜ਼ਹਿਰ ਖਾ ਕੇ ਘਰ 'ਚ ਵੜਿਆ ਤਾਂ ਉੱਚੀ-ਉੱਚੀ ਕਹਿਣ ਲੱਗਾ ਕਿ ਹੁਣ ਕਰ ਲਓ ਘਰ 'ਤੇ ਕਬਜ਼ਾ, ਮਰਨ ਲੱਗਾ ਹਾਂ ਮੈਂ ਤਾਂ। ਸੁਖਵਿੰਦਰ ਦੀ ਪਤਨੀ ਬਾਹਰ ਆਈ ਤਾਂ ਸੁਖਵਿੰਦਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ ਕਿ ਮੈਨੂੰ ਘਰ ਨਹੀਂ ਤੁਸੀਂ ਚਾਹੀਦੇ ਹੋ। ਸੁਖਵਿੰਦਰ ਹੇਠਾਂ ਡਿੱਗ ਪਿਆ ਅਤੇ ਜਿਵੇਂ ਹੀ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ 'ਚ ਮੋਰਚਰੀ ਹਾਊਸ 'ਚ ਇਕ ਸਾਲ ਦੀ ਬੱਚੀ ਚੁੱਕੀ ਮਨਪ੍ਰੀਤ ਦਾ ਕਹਿਣਾ ਸੀ ਕਿ ਉਸ ਦੇ ਸਹੁਰਿਆਂ ਨੇ ਉਸ ਦਾ ਸਭ ਕੁਝ ਤਬਾਹ ਕਰ ਦਿੱਤਾ।
ਸਵੇਰੇ ਹੀ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਆਈ ਸੀ, ਪੁਲਸ ਦਾ ਕੋਈ ਕਸੂਰ ਨਹੀਂ : ਐੱਸ. ਐੈੱਚ. ਓ.
ਸੁਖਵਿੰਦਰ ਨੇ ਵੀਡੀਓ 'ਚ ਜੋ ਦੋਸ਼ ਲਗਾਏ ਹਨ ਉਨ੍ਹਾਂ ਬਾਰੇ ਥਾਣਾ-1 ਦੇ ਇੰਚਾਰਜ ਸੁਖਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਆਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਰ ਸੁਖਵਿੰਦਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਮੈਂ ਵੀ ਸੋਮਵਾਰ ਸ਼ਾਮ ਨੂੰ ਹੀ ਵਾਪਸ ਆਇਆ ਹਾਂ। ਪੁਲਸ 'ਤੇ ਜੋ ਦੋਸ਼ ਲਾਏ ਗਏ ਹਨ ਉਹ ਗਲਤ ਹਨ ਪਰ ਫਿਰ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਡੀਓ ਦੇਖੀ ਗਈ ਹੈ, ਜਿਨ੍ਹਾਂ-ਜਿਨ੍ਹਾਂ 'ਤੇ ਸੁਖਵਿੰਦਰ ਨੇ ਦੋਸ਼ ਲਗਾਏ ਹਨ ਉਨ੍ਹਾਂ ਸਾਰਿਆਂ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ।
ਚੋਣਾਂ ਤੋਂ ਬਾਅਦ ਸੁਖਬੀਰ ਨੇ ਘਟਾਇਆ 9 ਕਿਲੋ ਭਾਰ, ਹਰਸਿਮਰਤ ਵੀ ਲਾ ਰਹੀ ਹੈ ਜ਼ੋਰ
NEXT STORY