ਹੁਸ਼ਿਆਰਪੁਰ (ਅਸ਼ਵਨੀ)— ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਨੈਸ਼ਨਲ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹਮਲੇ ਦੀ ਘਟਨਾ ਸਿੱਖ ਸਮਾਜ 'ਤੇ ਹਮਲਾ ਨਹੀਂ ਸਗੋਂ ਪੂਰੀ ਮਨੁੱਖਤਾ 'ਤੇ ਹਮਲਾ ਹੈ। ਇਸ ਦੇ ਨਾਲ ਹੀ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦੇ ਕਿਹਾ ਕਿ ਹੁਣ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਘਟਨਾ ਦੇ ਜ਼ਿੰਮੇਵਾਰ ਲੋਕਾਂ ਨੂੰ ਫਾਂਸੀ ਦੇਣ ਦੀ ਮੰਗ ਕਿਉਂ ਨਹੀਂ ਕਰਦੇ।
ਇਥੇ ਪੀ. ਡਬਲਿਊ ਰੈਸਟ ਹਾਊਸ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਿੱਟਾ ਨੇ ਕਿਹਾ ਕਿ ਭਾਰਤ ਦੇ ਕਰੋੜਾਂ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰੇ 'ਤੇ ਨਹੀਂ ਸਗੋਂ ਸਾਡੇ ਗੁਰੂ 'ਤੇ ਹਮਲਾ ਹੈ। ਪੰਜਾਬ 'ਤੇ 36000 ਬੇਗੁਨਾਹਾਂ ਦੀ ਹੱਤਿਆ ਕਰਨ ਵਾਲੇ ਅੱਤਵਾਦੀ ਅਤੇ ਪਾਕਿਸਤਾਨ 'ਚ ਬੈਠੇ ਗੋਪਾਲ ਸਿੰਘ ਚਾਵਲਾ, ਪੰਜਵੜ ਅਤੇ ਪਨੂੰ ਵਰਗੇ ਉਨ੍ਹਾਂ ਦੇ ਆਕਾ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਖਾਮੋਸ਼ ਕਿਉਂ ਹਨ, ਜੇਕਰ ਉਨ੍ਹਾਂ 'ਚ ਹਿੰਮਤ ਹੈ ਤਾਂ ਉਹ ਪਾਕਿਸਤਾਨ 'ਚ ਨਨਕਾਣਾ ਸਾਹਿਬ ਦੀ ਘਟਨਾ ਦੇ ਜ਼ਿੰਮੇਵਾਰ ਲੋਕਾਂ ਦੇ ਸਿਰ ਕਲਮ ਕਿਉਂ ਨਹੀਂ ਕਰਦੇ।
ਬਿੱਟਾ ਨੇ ਕਿਹਾ ਕਿ ਜੇ ਉਹ ਸਰੀਰਕ ਤੌਰ 'ਤੇ ਅਪਾਹਿਜ ਨਾ ਹੁੰਦੇ ਤਾਂ ਉਹ ਇਸ ਘਟਨਾ ਦਾ ਬਦਲਾ ਲੈ ਚੁੱਕੇ ਹੁੰਦੇ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਸਥਾਨਕ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਪਾਕਿਸਤਾਨ ਜਾ ਕੇ ਇਮਰਾਨ ਖਾਨ ਤੋਂ ਇਹ ਮੰਗ ਕਿਉਂ ਨਹੀਂ ਕਰਦੇ ਕਿ ਸ੍ਰੀ ਨਨਕਾਣਾ ਸਾਹਿਬ ਦੇ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਇਆ ਜਾਵੇ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਧਰਨੇ ਪ੍ਰਦਰਸ਼ਨ ਕਰਨ ਨਾਲ ਕੁਝ ਨਹੀਂ ਬਣਨ ਵਾਲਾ। ਸਾਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਿੱਖ ਕੌਮ 'ਤੇ ਧਾਰਮਿਕ ਨੇਤਾਵਾਂ ਨੂੰ ਇਸ ਘਟਨਾ ਦਾ ਬਦਲਾ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨਾ ਚਾਹੁੰਦੇ ਤਾਂ ਕਰਤਾਰਪੁਰ ਕੋਰੀਡੋਰ ਕਦੇ ਨਾ ਖੁੱਲ੍ਹਦਾ
ਬਿੱਟਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਸ ਗੱਲ ਦਾ ਕ੍ਰੈਡਿਟ ਲੈਂਦੇ ਰਹੇ ਹਨ ਕਿ ਕਰਤਾਰਪੁਰ ਕੋਰੀਡੋਰ ਉਨ੍ਹਾਂ ਦੇ ਯਤਨਾਂ ਨਾਲ ਖੁੱਲ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨਾ ਚਾਹੁੰਦੇ ਤਾਂ ਕਰਤਾਰਪੁਰ ਕੋਰੀਡੋਰ ਕਿਸੇ ਵੀ ਹਾਲਤ 'ਚ ਨਾ ਖੁੱਲ੍ਹਦਾ। ਪ੍ਰੈੱਸ ਕਾਨਫਰੰਸ 'ਚ ਆਲ ਇੰਡੀਆ ਐਂਟੀ ਟੈਰੇਰਿਸਟ ਪੰਜਾਬ ਦੇ ਪ੍ਰਧਾਨ ਅਨਿਲ ਸ਼ਰਮਾ, ਜਨਰਲ ਸਕੱਤਰ ਦਿਨੇਸ਼ ਸ਼ਰਮਾ, ਕੌਂਸਲਰ ਧਿਆਨ ਚੰਦ ਅਤੇ ਹੋਰ ਵੱਡੀ ਗਿਣਤੀ 'ਚ ਮੈਂਬਰ ਮੌਜੂਦ ਸਨ।
ਹੁੱਕਾ ਬਾਰ ਅਤੇ ਈ-ਸਿਗਰਟ ਦੀ ਰੋਕਥਾਮ ਸਬੰਧੀ ਜ਼ਿੰਮੇਵਾਰੀ ਹੁਣ ਪੰਜਾਬ ਪੁਲਸ ਦੇ ਹਵਾਲੇ
NEXT STORY