ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਇਸ ਨੂੰ ਸੱਚ ਦੀ ਜਿੱਤ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਮਾਨਯੋਗ ਸੁਪਰੀਮ ਕੋਰਟ 'ਤੇ ਪੂਰਾ ਯਕੀਨ ਸੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਦਲੇ ਦੀ ਭਾਵਨਾ ਅਤੇ ਵਿਰੋਧੀਆਂ ਨੂੰ ਦਬਾਉਣ ਦੇ ਉਦੇਸ਼ ਕਾਰਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਝੂਠੇ ਕੇਸਾਂ ਵਿਚ ਜੇਲ ਭੇਜਿਆ ਜਾ ਰਿਹਾ ਹੈ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਕੇਂਦਰ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਆ ਨੂੰ ਕਰਾਰਾ ਜਵਾਬ ਦਿੱਤਾ ਹੈ। ਇਹ ਫੈਸਲਾ ਨਿਆਂ ਪ੍ਰਣਾਲੀ ਅਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ 'ਤੇ ਵਿਸ਼ਵਾਸ ਦੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਸੱਚ ਨੂੰ ਸਾਹਮਣੇ ਆਉਣ ਵਿਚ ਸਮਾਂ ਤਾ ਲੱਗ ਸਕਦਾ ਹੈ ਪਰ ਇਸ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਕੇਂਦਰ ਸਰਕਾਰ ਏਜੰਸੀਆਂ ਦਾ ਗਲਤ ਇਸਤੇਮਾਲ ਕਰਦੇ ਹੋਏ 17 ਮਹੀਨਿਆਂ ਤੱਕ ਮਨੀਸ਼ ਸਿਸੋਦਿਆ ਨੂੰ ਜੇਲ ਵਿਚ ਬੰਦ ਕਰਕੇ ਰੱਖਿਆ ਗਿਆ। ਜੇਕਰ ਉਨ੍ਹਾਂ ਵੱਲੋਂ ਕੋਈ ਘੁਟਾਲਾ ਕੀਤਾ ਹੁੰਦਾ ਤਾਂ ਇੰਨੇ ਸਮੇਂ ਵਿਚ ਕੋਈ ਨਾ ਕੋਈ ਸਬੂਤ ਤਾ ਮਿਲਦਾ ਪਰ ਕੇਂਦਰੀ ਜਾਂਚ ਏਜੰਸੀਆਂ ਨੂੰ ਉਨ੍ਹਾਂ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਇਹ ਸਭ ਕਾਰਵਾਈ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਨੂੰ ਜ਼ਾਹਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲਗਾਤਾਰ ਵਿਰੋਧੀਆਂ ਖਿਲਾਫ਼ ਝੂਠੇ ਕੇਸ ਦਰਜ ਕਰਕੇ ਜਾਂਚ ਨੂੰ ਲੰਮਾ ਖਿੱਚਿਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਰਗਲਾਇਆ ਜਾ ਸਕੇ।
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਬੱਚਿਆ ਨੂੰ ਚੰਗੀ ਸਿੱਖਿਆ ਦੇਣ ਲਈ ਦਿੱਲੀ ਵਿਚ ਕੀਤੇ ਗਏ ਮਿਸਾਲੀ ਕੰਮਾਂ ਬਾਰੇ ਪੂਰਾ ਦੇਸ਼ ਜਾਣਦਾ ਹੈ। ਉਨ੍ਹਾਂ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਲਿਆਂਦੇ ਗਏ ਕ੍ਰਾਂਤੀਕਾਰੀ ਬਦਲਾਅ ਦਾ ਨਤੀਜਾ ਹੈ ਕਿ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕਾਫੀ ਸੁਧਾਰ ਹੋ ਗਿਆ ਹੈ ਅਤੇ ਬੱਚਿਆ ਦੇ ਨਤੀਜੇ ਵੀ ਚੰਗੇ ਆ ਰਹੇ ਹਨ। ਬਰਸਟ ਨੇ ਆਸ ਪ੍ਰਗਟਾਈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਜਲਦ ਹੀ ਇਨਸਾਫ ਮਿਲੇਗਾ ਅਤੇ ਭਾਜਪਾ ਦਾ ਲੋਕ ਵਿਰੋਧੀ ਅਸਲੀ ਚਹਿਰਾ ਲੋਕਾਂ ਸਾਹਮਣੇ ਆਵੇਗਾ।
ਨੈਸ਼ਨਲ ਹਾਈਵੇਅ ਪਾਰ ਕਰ ਰਹੇ ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ
NEXT STORY