ਚੰਡੀਗੜ੍ਹ (ਰੌਏ) : ਚੰਡੀਗੜ੍ਹ ਨਗਰ ਨਿਗਮ ਨੂੰ ਮੋਹਾਲੀ ਅਤੇ ਪੰਚਕੂਲਾ ਦੇ ਮੁਕਾਬਲੇ ਲਗਭਗ 5 ਗੁਣਾ ਵੱਧ ਫੰਡ ਮਿਲਦੇ ਹਨ ਪਰ ਫਿਰ ਵੀ ਇੱਥੇ ਪੈਸੇ ਦੀ ਤੰਗੀ ਰਹਿੰਦੀ ਹੈ। ਇਹ ਕਹਿਣਾ ਹੈ ਚੰਡੀਗੜ੍ਹ ਦੇ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਦਾ। ਉਹ ਇੱਥੇ ਆਲ ਇੰਡੀਆ ਰਾਜੀਵ ਮੈਮੋਰੀਅਲ ਸੁਸਾਇਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਬੋਲ ਰਹੇ ਸਨ। ਉਨ੍ਹਾਂ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ. ਐੱਸ. ਲੱਕੀ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਖੇਤਰਫਲ ਦੇ ਹਿਸਾਬ ਨਾਲ ਤਾਂ ਚੰਡੀਗੜ੍ਹ ਆਪਣੇ ਗੁਆਂਢੀ ਸ਼ਹਿਰਾਂ ਮੋਹਾਲੀ ਅਤੇ ਪੰਚਕੂਲਾ ਨਾਲੋਂ ਕਿਤੇ ਘੱਟ ਹੈ ਪਰ ਫੰਡਾਂ ਦੇ ਮਾਮਲੇ ਵਿਚ ਇਹ 12 ਬਾਈ 12 ਦਾ ਸ਼ਹਿਰ ਬਹੁਤ ਅੱਗੇ ਹੈ। ਮੋਹਾਲੀ ਅਤੇ ਪੰਚਕੂਲਾ ਨੂੰ ਲਗਭਗ 200-200 ਕਰੋੜ ਰੁਪਏ ਕੇਂਦਰ ਤੋਂ ਮਿਲਦੇ ਹਨ, ਜਦੋਂ ਕਿ ਚੰਡੀਗੜ੍ਹ ਨੂੰ 1000 ਕਰੋੜ ਰੁਪਏ ਮਿਲਦੇ ਹਨ। ਉਨ੍ਹਾਂ ਫੰਡਾਂ ਦੀ ਸਮੱਸਿਆ ਲਈ ਇੱਥੋਂ ਦੀ ਅਫ਼ਸਰਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਸਮਾਗਮ ਵਿਚ ਮਨੀਸ਼ ਤਿਵਾੜੀ ਅਤੇ ਲੱਕੀ ਨੂੰ ਆਲ ਇੰਡੀਆ ਰਾਜੀਵ ਮੈਮੋਰੀਅਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਰਾਜ ਨਾਗਪਾਲ ਅਤੇ ਹੋਰ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਲੋਕਾਂ ਨੇ ਚੰਡੀਗੜ੍ਹ ਦੀਆਂ ਸਮੱਸਿਆਵਾਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਨਾਲ ਸਬੰਧਿਤ ਸਮੱਸਿਆਵਾਂ ਦਾ ਡੂੰਘਾਈ ਨਾਲ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਹੱਲ ਵੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਵੀ ਦੇਸ਼ ਦੀਆਂ ਹੋਰਨਾਂ ਨਿਗਮਾਂ ਵਾਂਗ ਮੇਅਰ ਦਾ ਕਾਰਜਕਾਲ ਪੰਜ ਸਾਲ ਦਾ ਹੋਣਾ ਚਾਹੀਦਾ ਹੈ ਤਾਂ ਹੀ ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਨਜਿੱਠ ਸਕਦੇ ਹਨ। ਇਸ ਮੌਕੇ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਅਸ਼ੋਕ ਵਾਲੀਆ, ਬਲਜੀਤ ਸਿੰਘ, ਵਿਲਸਨ, ਰੰਜੀਵ ਮਲਹੋਤਰਾ, ਤੇਜਿੰਦਰ ਬਸਨ, ਦਲਵਿੰਦਰ ਪਾਲ, ਆਮਿਰ, ਰਚਿਤ ਨਾਗਪਾਲ, ਪ੍ਰਕਾਸ਼ ਸੈਣੀ, ਰਾਹੁਲ ਮਲਹੋਤਰਾ ਅਤੇ ਸਤੀਸ਼ ਆਦਿ ਹਾਜ਼ਰ ਸਨ।
ਅਵਾਰਾ ਕੁੱਤਿਆਂ ਨੇ ਔਰਤ ਸਮੇਤ 2 ਲੋਕਾਂ ਨੂੰ ਵੱਢਿਆ
NEXT STORY