ਚੰਡੀਗੜ੍ਹ (ਅੰਕੁਰ, ਰੋਹਾਲ, ਰਾਏ) : ਭਾਜਪਾ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਚੰਡੀਗੜ੍ਹ ਲੋਕ ਸਭਾ ਚੋਣ ਲਈ ਨਵੇਂ ਚਿਹਰੇ ’ਤੇ ਦਾਅ ਖੇਡਿਆ ਹੈ। ਕਾਂਗਰਸ ਹਾਈਕਮਾਂਡ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਥਾਂ ਭਾਜਪਾ ਦੀ ਤਰਜ਼ ’ਤੇ ਚੰਡੀਗੜ੍ਹ ਸੀਟ ’ਤੇ ਨਵੇਂ ਚਿਹਰੇ ਨੂੰ ਅਜ਼ਮਾਇਆ ਹੈ। ਹੁਣ ਇਹ ਤੈਅ ਹੋ ਗਿਆ ਹੈ ਕਿ ਇਸ ਵਾਰ ਚੰਡੀਗੜ੍ਹ ਸੀਟ ’ਤੇ ਕਾਂਗਰਸ ਅਤੇ ਭਾਜਪਾ ਦੋਵਾਂ ਦੇ ਨਵੇਂ ਚਿਹਰਿਆਂ ਵਿਚਕਾਰ ਮੁਕਾਬਲਾ ਹੋਵੇਗਾ। ਦੋਵਾਂ ਪਾਰਟੀਆਂ ਵੱਲੋਂ ਨਵੇਂ ਚਿਹਰਿਆਂ ’ਤੇ ਖੇਡੇ ਗਏ ਇਸ ਦਾਅ ਨਾਲ ਹੁਣ ਨਵੇਂ ਸਮੀਕਰਨ ਦੇਖਣ ਨੂੰ ਮਿਲਣਗੇ। ਹਾਈਕਮਾਂਡ ਨਾਲ ਨੇੜਤਾ ਅਤੇ ਨੌਜਵਾਨ ਚਿਹਰੇ ਵਜੋਂ ਪਛਾਣ ਹੋਣ ਕਾਰਨ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਟਿਕਟ ਮਿਲੀ ਹੈ ਪਰ ਚੰਡੀਗੜ੍ਹ ਦੇ ਸਿਆਸੀ ਮੈਦਾਨ ’ਤੇ ਸੰਜੇ ਟੰਡਨ ਵਾਂਗ ਹੀ ਤਿਵਾੜੀ ਸਾਹਮਣੇ ਸੰਗਠਨ ਅਤੇ ਸਮਰਥਕਾਂ ਨੂੰ ਨਾਲ ਲੈ ਕੇ ਚੋਣ ਜੰਗ ਜਿੱਤਣ ਵਰਗੀ ਚੁਣੌਤੀ ਜ਼ਰੂਰ ਹੋਵੇਗੀ।
ਉਨ੍ਹਾਂ ਨੂੰ ਵਕਾਲਤ ਦਾ ਲੰਬਾ ਤਜਰਬਾ ਹੈ। ਉਹ ਸੁਪਰੀਮ ਕੋਰਟ ਤੋਂ ਇਲਾਵਾ ਦਿੱਲੀ ਹਾਈ ਕੋਰਟ ’ਚ ਵਕੀਲ ਰਹੇ। ਉਹ ਇਸ ਸਮੇਂ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਹਨ ਤੇ ਉਹ ਆਪਣਾ ਹਲਕਾ ਬਦਲ ਕੇ ਚੰਡੀਗੜ੍ਹ ਤੋਂ ਚੋਣ ਲੜਨਾ ਚਾਹੁੰਦੇ ਸਨ। ਉਨ੍ਹਾਂ ਦੀ ਇਹ ਮੰਗ ਆਖ਼ਰਕਾਰ ਮਨਜ਼ੂਰ ਕਰ ਲਈ ਗਈ ਹੈ। ਕੇਂਦਰੀ ਮੰਤਰੀ ਪਵਨ ਬਾਂਸਲ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਵੀ ਟਿਕਟ ਲਈ ਦਾਅਵੇਦਾਰ ਸਨ ਪਰ ਫਾਈਨਲ ਮੋਹਰ ਮਨੀਸ਼ ਤਿਵਾੜੀ ਦੇ ਨਾਂ ’ਤੇ ਲੱਗੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ- ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ, ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਤਾਰਿਆ ਮੈਦਾਨ 'ਚ
ਨਿਭਾ ਚੁੱਕੇ ਨੇ ਕਈ ਅਹਿਮ ਜ਼ਿੰਮੇਵਾਰੀਆਂ
ਮਨੀਸ਼ ਤਿਵਾੜੀ ਨੇ ਜਵਾਨੀ ਤੋਂ ਹੀ ਕਾਂਗਰਸ ਦੇ ਜਥੇਬੰਦਕ ਢਾਂਚੇ ਤੋਂ ਲੈ ਕੇ ਅੱਜ ਤੱਕ ਲੰਬਾ ਸਿਆਸੀ ਸਫ਼ਰ ਤੈਅ ਕੀਤਾ ਹੈ। 1965 ’ਚ ਜਨਮੇ ਮਨੀਸ਼ ਤਿਵਾੜੀ ਆਪਣੀ ਜਵਾਨੀ ਤੋਂ ਹੀ ਕਾਂਗਰਸ ’ਚ ਸ਼ਾਮਲ ਹੋਏ। 27 ਸਾਲ ਦੀ ਉਮਰ ’ਚ ਉਹ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਦੇ ਪ੍ਰਧਾਨ ਬਣੇ ਅਤੇ 5 ਸਾਲ ਤੱਕ ਇਹ ਜ਼ਿੰਮੇਵਾਰੀ ਸੰਭਾਲੀ। ਫਿਰ ਕਾਂਗਰਸ ਹਾਈਕਮਾਂਡ ਨੇ 1998 ’ਚ ਉਨ੍ਹਾਂ ਨੂੰ ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਬਣਾਇਆ।
ਉਨ੍ਹਾਂ ਦੀ ਮਿਹਨਤ ਤੇ ਵਫ਼ਾਦਾਰੀ ਦਾ ਸਿਹਰਾ ਉਦੋਂ ਮਿਲਿਆ ਜਦੋਂ 2004 ’ਚ ਪਾਰਟੀ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ। ਭਾਵੇਂ ਉਹ ਆਪਣੀ ਪਹਿਲੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਗੁਰਚਰਨ ਸਿੰਘ ਗਾਲਿਬ ਤੋਂ ਇੱਕ ਲੱਖ ਵੋਟਾਂ ਨਾਲ ਹਾਰ ਗਏ ਸਨ ਪਰ ਇਸ ਦੇ ਬਾਵਜੂਦ 2004 ’ਚ ਬਣੀ ਯੂ.ਪੀ.ਏ. ਸਰਕਾਰ ’ਚ ਮਨੀਸ਼ ਤਿਵਾੜੀ ਨੂੰ ਕਈ ਅਹਿਮ ਕਮੇਟੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। 2008 ਵਿਚ ਉਹ ਪਾਰਟੀ ਦੇ ਕੌਮੀ ਬੁਲਾਰੇ ਬਣੇ ਤੇ ਅਗਲੇ ਸਾਲ 2009 ’ਚ ਉਨ੍ਹਾਂ ਨੂੰ ਮੁੜ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ। ਉਨ੍ਹਾਂ ਨੇ 2009 ਦੀ ਚੋਣ ਜਿੱਤੀ ਅਤੇ 2012 ਵਿਚ ਯੂ.ਪੀ.ਏ. ਸਰਕਾਰ ਨੇ ਮਨੀਸ਼ ਤਿਵਾੜੀ ਨੂੰ ਕੇਂਦਰ ਸਰਕਾਰ ’ਚ ਸੁਤੰਤਰ ਚਾਰਜ ਦੇ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰੀ ਬਣਾਇਆ ਗਿਆ।
ਇਹ ਵੀ ਪੜ੍ਹੋ- ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਅਕਾਲੀ ਆਗੂ ਢੀਂਡਸਾ ਹੋਏ ਨਾਰਾਜ਼- 'ਸਾਡੇ ਨਾਲ ਖੇਡੀ ਗਈ ਸਿਆਸਤ'
ਚੰਡੀਗੜ੍ਹ ਸ਼ਹਿਰ ਨਾਲ ਪੁਰਾਣਾ ਨਾਤਾ
ਮਨੀਸ਼ ਤਿਵਾੜੀ ਚੰਡੀਗੜ੍ਹ ਲਈ ਕੋਈ ਨਵਾਂ ਚਿਹਰਾ ਨਹੀਂ ਹਨ। ਉਨ੍ਹਾਂ ਦੇ ਪਿਤਾ ਵਿਸ਼ਵਨਾਥ ਤਿਵਾੜੀ ਪੰਜਾਬ ਯੂਨੀਵਰਸਿਟੀ ’ਚ ਪੰਜਾਬੀ ਦੇ ਪ੍ਰੋਫੈਸਰ ਸਨ। 1984 ’ਚ ਉਨ੍ਹਾਂ ਦਾ ਸੈਕਟਰ-24 ਦੇ ਪਾਰਕ ’ਚ ਸੈਰ ਕਰਦੇ ਸਮੇਂ ਕਤਲ ਕਰ ਦਿੱਤਾ ਗਿਆ ਸੀ। ਮਨੀਸ਼ ਨੇ ਗ੍ਰੇਜੂਏਸ਼ਨ ਵੀ ਇੱਥੋਂ ਹੀ ਕੀਤੀ ਤੇ ਇਸ ਦੌਰਾਨ ਉਹ ਤੈਰਾਕੀ ਤੇ ਵਾਟਰ ਪੋਲੋ ਦੇ ਵਧੀਆ ਖਿਡਾਰੀ ਰਹੇ। ਉਨ੍ਹਾਂ ਦੇ ਮਾਤਾ ਅੰਮ੍ਰਿਤ ਕੌਰ ਤਿਵਾੜੀ ਦੰਦਾਂ ਦੇ ਡਾਕਟਰ ਹੋਣ ਤੋਂ ਇਲਾਵਾ ਪੀ.ਜੀ.ਆਈ. ਦੇ ਡੀਨ ਅਤੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਵੀ ਰਹੇ।
ਕਾਂਗਰਸ ਦੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਦੀ ਚੁਣੌਤੀ
ਮਨੀਸ਼ ਤਿਵਾੜੀ ਦਾ ਚਿਹਰਾ ਚੰਡੀਗੜ੍ਹ ਸ਼ਹਿਰ ਲਈ ਭਾਵੇਂ ਕੋਈ ਨਵਾਂ ਨਾ ਹੋਵੇ ਪਰ 1991 ਤੋਂ ਬਾਅਦ ਚੰਡੀਗੜ੍ਹ ’ਚ ਕਾਂਗਰਸ ਦੀ ਸਿਆਸੀ ਜ਼ਮੀਨ ’ਤੇ 4 ਵਾਰ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦਾ ਦਬਦਬਾ ਰਿਹਾ। ਹੁਣ ਮਨੀਸ਼ ਤਿਵਾੜੀ ਨੂੰ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ ਤੋਂ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਕਰਨ ਲਈ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੂੰ ਪਵਨ ਕੁਮਾਰ ਬਾਂਸਲ ਵਰਗੇ ਪੁਰਾਣੇ ਤੇ ਤਜਰਬੇਕਾਰ ਆਗੂ ਨੂੰ ਨਾਲ ਲੈ ਕੇ ਸ਼ਹਿਰ ’ਚ ਕਾਂਗਰਸ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੋਵੇਗਾ।
ਇਹ ਵੀ ਪੜ੍ਹੋ- ਬਸਪਾ ਨੇ ਵੀ ਕੀਤਾ ਉਮੀਦਵਾਰਾਂ ਦਾ ਐਲਾਨ, ਬਲਵਿੰਦਰ ਕੁਮਾਰ ਤੇ ਜਗਜੀਤ ਸਿੰਘ ਛੜਬੜ ਨੂੰ ਦਿੱਤੀ ਟਿਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੇਅਰ ਮਾਰਕੀਟ ’ਚ ਪੈਸੇ ਲਾ ਕੇ ਕੀਤੀ ਕਰੋੜਾਂ ਰੁਪਏ ਦੀ ਧੋਖਾਦੇਹੀ
NEXT STORY