ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ 'ਚ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਆਪਣੀ ਤਰ੍ਹਾਂ ਦਾ ਅਜਿਹਾ ਤਜੁਰਬਾ ਕੀਤਾ ਹੈ, ਜੋ ਸੂਬੇ ਦੇ ਪੈਸੇ ਤੇ ਬਿਜਲੀ ਦੀ ਬੱਚਤ ਕਰਨ 'ਚ ਸਹਾਇਕ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਕੀ ਅਤੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਸ ਬਾਰੇ ਕਈ ਦਿਨ ਚਰਚਾ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਬਿਜਲੀ ਦੀ ਸਪਲਾਈ ਅੱਗੇ ਝੋਨੇ ਦੇ ਬਿਜਾਈ ਦੇ ਸੀਜ਼ਨ 'ਚ ਨਿਰਵਿਘਨ ਰਹੇ, ਇਸ ਲਈ ਹੁਣੇ ਤੋਂ ਬਿਜਲੀ ਦੀ ਬੱਚਤ ਵੱਲ ਧਿਆਨ ਦੇਣਾ ਹੋਵੇਗਾ। ਮਾਨ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਹੋਵੇਗੀ, ਨਾਲ ਹੀ ਇਕ ਅਨੁਮਾਨ ਅਨੁਸਾਰ ਸਰਕਾਰ ਦਾ 15 ਜੁਲਾਈ ਤੱਕ 40-42 ਕਰੋੜ ਰੁਪਿਆ ਵੀ ਬਚੇਗਾ। ਪੰਜਾਬ 'ਚ ਜ਼ਿਆਦਾਤਰ ਬਿਜਲੀ ਥਰਮਲ ਪਲਾਂਟਾਂ ਤੋਂ ਹੀ ਬਣਦੀ ਹੈ। ਸਪੱਸ਼ਟ ਹੈ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਥਰਮਲ ਪਲਾਂਟ 'ਚ ਵਰਤੋਂ ’ਚ ਲਿਆਂਦੇ ਜਾਂਦੇ ਕੋਲੇ ਦੀ ਲਾਗਤ 'ਚ ਵੀ ਕਮੀ ਆਵੇਗੀ। ਹਾਲਾਂਕਿ ਰਣਜੀਤ ਸਾਗਰ ਡੈਮ, ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਵੀ ਪੰਜਾਬ ਨੂੰ ਬਿਜਲੀ ਦੀ ਸਪਲਾਈ ਹੁੰਦੀ ਹੈ ਪਰ ਇਹ ਥਰਮਲ ਪਲਾਂਟਾਂ ਦੀ ਤੁਲਨਾ 'ਚ ਬਹੁਤ ਘੱਟ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਨੀਟ-2023' ਪ੍ਰੀਖਿਆ ਐਤਵਾਰ ਨੂੰ, ਜਾਣੋ ਕਿਹੜੀਆਂ ਚੀਜ਼ਾ ਲਿਜਾ ਸਕੋਗੇ ਤੇ ਕਿਨ੍ਹਾਂ ਦੀ ਹੋਵੇਗੀ No Entry
ਸੂਬੇ ਦੇ ਰੋਪੜ ਥਰਮਲ ਪਲਾਂਟ ਨੂੰ ਰੋਜ਼ਾਨਾ 14,000 ਟਨ, ਲਹਿਰਾ ਮੁਹੱਬਤ ਪਲਾਂਟ ਨੂੰ 10,000 ਟਨ, ਨਾਭਾ ਥਰਮਲ ਪਲਾਂਟ ਨੂੰ 14,000 ਟਨ, ਤਲਵੰਡੀ ਸਾਬੋ ਪਲਾਂਟ ਨੂੰ 22,000 ਟਨ ਅਤੇ ਗੋਇੰਦਵਾਲ ਪਲਾਂਟ ਨੂੰ 7500 ਟਨ ਕੋਲੇ ਦੀ ਲੋੜ ਪੈਂਦੀ ਹੈ, ਬਸ਼ਰਤੇ ਇਹ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲਣ। ਇਸ ਕੜੀ 'ਚ ਕੇਂਦਰ ਸਰਕਾਰ ਦੇ ਆਰ. ਐੱਸ. ਆਰ. (ਰੇਲ-ਸਮੁੰਦਰ-ਰੇਲ) ਰਾਹੀਂ ਕੋਲੇ ਦੀ ਢੁਆਈ ਦੇ ਫ਼ੈਸਲੇ ਨਾਲ ਵੀ ਪੰਜਾਬ ਨੂੰ ਹੋਰ ਨੁਕਸਾਨ ਹੁੰਦਾ ਪਰ ਮੁੱਖ ਮੰਤਰੀ ਇਸ ਫ਼ੈਸਲੇ ਨੂੰ ਰੁਕਵਾਉਣ 'ਚ ਕਾਮਯਾਬ ਰਹੇ ਸਨ। ਇਸ ਬਾਰੇ ਇੰਜੀ. ਜਸਵੀਰ ਸਿੰਘ ਧੀਮਾਨ, ਪ੍ਰਧਾਨ, ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਨੇ ਕਿਹਾ ਕਿ ਫ਼ੈਸਲੇ ਦਾ ਅਸਰ ਵਿਖੇਗਾ। ਠੀਕ ਮੁਲਾਂਕਣ ਤਾਂ ਪੀਕ ਸੀਜ਼ਨ 'ਚ ਹੀ ਸਾਹਮਣੇ ਆਵੇਗਾ। ਫਿਲਹਾਲ ਮੌਸਮ ਠੀਕ ਹੈ ਤਾਂ ਏ. ਸੀ. ਦੀ ਲੋੜ ਵੀ ਨਹੀਂ ਹੈ। ਝੋਨੇ ਦੀ ਬਿਜਾਈ ਸਮੇਂ ਜ਼ਰੂਰ ਫ਼ਰਕ ਨਜ਼ਰ ਆਵੇਗਾ। ਦੁਪਹਿਰ ਡੇਢ ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੀ ਖ਼ਪਤ ਪੀਕ ’ਤੇ ਹੁੰਦੀ ਹੈ, ਇਸ ਲਈ ਇਸ ਨੂੰ ਅਸੀਂ ਪੀਕ ਆਵਰਜ਼ ਮੰਨਦੇ ਹਾਂ। ਦਫ਼ਤਰ 2 ਵਜੇ ਬੰਦ ਹੋ ਜਾਣਗੇ ਤਾਂ ਦਫ਼ਤਰਾਂ ਦੀ ਬਿਜਲੀ ਦੀ ਬਹੁਤ ਬਚਤ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਲੇ ਜ਼ਰਾ ਧਿਆਨ ਦੇਣ, 8 ਮਈ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਮੁੱਖ ਮੰਤਰੀ ਮਾਨ ਨੇ ਆਈ. ਐੱਸ. ਆਰ. ਮੋਡ ’ਤੇ ਕੋਲਾ ਲਿਆਉਣ ਦੀਆਂ ਦਿੱਕਤਾਂ ਤੋਂ ਕੇਂਦਰੀ ਮੰਤਰੀ ਨੂੰ ਕਰਵਾਇਆ ਸੀ ਜਾਣੂੰ
ਦਰਅਸਲ ਕੇਂਦਰ ਸਰਕਾਰ ਨੇ ਕੁੱਝ ਸੂਬਿਆਂ ਨੂੰ ਕਿਹਾ ਸੀ ਕਿ ਉਹ ਰੇਲਵੇ ਰਾਹੀਂ ਕੋਲਾ ਲਿਜਾਣ ਦੀ ਬਜਾਏ ਰੇਲ ਮਾਰਗ ਨਾਲ ਸਮੁੰਦਰੀ ਰਸਤਾ ਵੀ ਜੋੜਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਕੇਂਦਰ ਨੂੰ ਪੱਤਰ ਲਿਖਿਆ ਅਤੇ ਫਿਰ ਬਿਜਲੀ ਮੰਤਰੀ ਆਰ. ਕੇ. ਸਿੰਘ ਨਾਲ ਮੁਲਾਕਾਤ ਕਰ ਕੇ ਆਰ. ਐੱਸ. ਆਰ. ਮੋਡ ’ਤੇ ਇਤਰਾਜ਼ ਜਤਾਉਂਦਿਆਂ ਰੇਲਵੇ ਦੇ ਮਾਧਿਅਮ ਰਾਹੀਂ ਹੀ ਕੋਲਾ ਚੁੱਕਣ ਦੀ ਛੋਟ ਮੰਗੀ ਸੀ। ਭਗਵੰਤ ਮਾਨ ਨੇ ਉਸ ਵੇਲੇ ਕੇਂਦਰ ਨੂੰ ਦੱਸਿਆ ਸੀ ਕਿ ਇਕ ਮਾਲ ਗੱਡੀ ਨੂੰ ਓਡਿਸ਼ਾ ਦੀ ਮਹਾਨਦੀ ਕੋਲ ਲਿਮਟਿਡ ਤੋਂ ਪੰਜਾਬ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਤੱਕ ਪੁੱਜਣ ਵਿਚ 1,900 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ, ਜਦੋਂ ਕਿ ਆਰ. ਐੱਸ. ਆਰ. ਮੋਡ ਦੇ ਮਾਧਿਅਮ ਰਾਹੀਂ ਕੋਲੇ ਨੂੰ 4,360 ਕਿਲੋਮੀਟਰ ਦੇ ਸਮੁੰਦਰੀ ਰਸਤੇ ਤੋਂ ਇਲਾਵਾ ਰੇਲ ਰਾਹੀਂ ਵੀ 1,700 ਤੋਂ ਜ਼ਿਆਦਾ ਕਿਲੋਮੀਟਰ ਤੱਕ ਪਹੁੰਚਾਇਆ ਜਾਵੇਗਾ। ਆਰ. ਐੱਸ. ਆਰ. ਮੋਡ ਰਾਹੀਂ ਕੋਲੇ ਨੂੰ ਪੰਜਾਬ ਪੁੱਜਣ 'ਚ 25 ਦਿਨ ਲੱਗਦੇ ਹਨ, ਜਦੋਂ ਕਿ ਰੇਲਵੇ ਰਾਹੀਂ ਸਿੱਧੇ 5 ਦਿਨ 'ਚ ਕੋਲਾ ਓਡਿਸ਼ਾ ਤੋਂ ਪੰਜਾਬ ਪਹੁੰਚ ਜਾਂਦਾ ਹੈ। ਇਸ ਨਾਲ ਸੂਬੇ ਦੇ ਖਜ਼ਾਨੇ ’ਤੇ ਸਾਲਾਨਾ 200 ਕਰੋੜ ਰੁਪਏ ਦਾ ਬੋਝ ਵੱਖਰੇ ਤੌਰ ’ਤੇ ਪੈਂਦਾ, ਜਿਸ ਕਾਰਣ ਸੂਬੇ ਦੇ ਖ਼ਪਤਕਾਰਾਂ ’ਤੇ ਵਾਧੂ ਬੋਝ ਪਾਉਣਾ ਪੈਂਦਾ।
ਜਨਵਰੀ 'ਚ ਵਧੀ 12 ਫ਼ੀਸਦੀ ਮੰਗ ਪੂਰੀ ਕੀਤੀ ਸੀ : ਹਰਭਜਨ ਸਿੰਘ ਈ. ਟੀ. ਓ.
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ 'ਚ ਜਨਵਰੀ ਦੌਰਾਨ ਬਿਜਲੀ ਦੀ ਮੰਗ 12 ਫ਼ੀਸਦੀ ਵਧੀ ਸੀ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ .ਓ. ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਨੇ ਆਪਣੇ ਸਰੋਤਾਂ ਦੇ ਮਾਧਿਅਮ ਰਾਹੀਂ ਬਿਜਲੀ ਦੀ ਇਸ ਵਧੀ ਮੰਗ ਨੂੰ ਸਫ਼ਲ ਢੰਗ ਨਾਲ ਪੂਰਾ ਕੀਤਾ। ਜਨਵਰੀ, 2022 ਵਿਚ 54,237 ਮਿਲੀਅਨ ਯੂਨਿਟ ਦੇ ਮੁਕਾਬਲੇ ਇਸ ਸਾਲ ਜਨਵਰੀ ਵਿਚ 60,762 ਮਿਲੀਅਨ ਯੂਨਿਟ ਬਿਜਲੀ ਦੀ ਮੰਗ ਰਹੀ। ਇਸ ਮੰਗ ਦੀ ਪੂਰਤੀ ਲਈ ਪੀ. ਐੱਸ. ਪੀ. ਸੀ. ਐੱਲ. ਨੇ ਸੂਬੇ ਦੇ ਬਾਹਰੋਂ ਬਿਜਲੀ ਦੀ ਵਿਵਸਥਾ ਕੀਤੀ ਅਤੇ ਖ਼ੁਦ ਦੇ ਥਰਮਲ ਤੇ ਹਾਈਡ੍ਰੋ ਪਾਵਰ ਪ੍ਰਾਜੈਕਟਾਂ ਨਾਲ ਉਤਪਾਦਨ ਨੂੰ ਵੀ ਵਧਾਇਆ। 2022 ਦੌਰਾਨ ਲਹਿਰਾ ਮੁਹੱਬਤ ਅਤੇ ਰੋਪੜ ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਆਪਣੇ ਪਲਾਂਟਾਂ ਨਾਲ ਥਰਮਲ ਪਾਵਰ ਉਤਪਾਦਨ ਵਿਚ 128 ਫ਼ੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਸ ਤਾਰੀਖ਼ ਤੱਕ ਡਰੋਨ ਉਡਾਉਣ 'ਤੇ ਪਾਬੰਦੀ, ਜਾਣੋ ਕੀ ਹੈ ਕਾਰਨ
ਭਾਰਤ ਕੋਲੇ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਤੇ ਦਰਾਮਦਕਾਰ
ਦੇਸ਼ ਭਰ ਦੇ ਕੁੱਲ ਬਿਜਲੀ ਉਤਪਾਦਨ ਵਿਚ ਲਗਭਗ 70 ਫ਼ੀਸਦੀ ਯੋਗਦਾਨ ਕੋਲਾ ਦਿੰਦਾ ਹੈ। ਬਿਜਲੀ ਉਤਪਾਦਨ ਅਤੇ ਕੋਲੇ ’ਤੇ ਇਹ ਦਿਲਚਸਪ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਭਾਰਤ ਦੁਨੀਆ ਭਰ ਵਿਚ ਦੂਜਾ ਸਭ ਤੋਂ ਵੱਡਾ ਕੋਲਾ ਉਤਪਾਦਕ ਦੇਸ਼ ਹੈ ਪਰ ਨਾਲ ਹੀ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਵੀ ਹੈ। 2022-2023 ਦੌਰਾਨ ਦੇਸ਼ ਵਿਚ 785.24 ਮੀਟ੍ਰਿਕ ਟਨ ਕੋਲੇ ਦਾ ਉਤਪਾਦਨ ਕੀਤਾ ਗਿਆ ਸੀ। ਸੰਸਦ ਵਿਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ ਭਾਰਤ ਨੇ ਫਰਵਰੀ ਤੱਕ ਲਗਭਗ 186.06 ਮਿਲੀਅਨ ਟਨ ਕੋਲੇ ਦੀ ਦਰਾਮਦ ਕੀਤੀ, ਜਿਸ ਵਿਚ ਇੰਡੋਨੇਸ਼ੀਆ ਸਭ ਤੋਂ ਵੱਡਾ ਸਪਲਾਈ ਕਰਤਾ ਸੀ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਨੇ 2022-23 ਵਿਚ ਫਰਵਰੀ ਤੱਕ ਇੰਡੋਨੇਸ਼ੀਆ ਤੋਂ 90.31 ਮੀਟ੍ਰਿਕ ਟਨ, ਆਸਟ੍ਰੇਲੀਆ ਤੋਂ 35.27 ਮੀਟ੍ਰਿਕ ਟਨ, ਰੂਸ ਤੋਂ 15.64 ਮੀਟ੍ਰਿਕ ਟਨ ਅਤੇ ਦੱਖਣੀ ਅਫ਼ਰੀਕਾ ਤੋਂ 13.01 ਮੀਟ੍ਰਿਕ ਟਨ ਕੋਲੇ ਦੀ ਦਰਾਮਦ ਕੀਤੀ ਹੈ। ਦੇਸ਼ ਨੇ ਇਸ ਦੌਰਾਨ ਰੂਸ ਤੋਂ ਕੋਲੇ ਦੀ ਦਰਾਮਦ ਦੁੱਗਣੀ ਕਰ ਦਿੱਤੀ ਜਦੋਂਕਿ ਆਸਟ੍ਰੇਲੀਆ ਤੋਂ ਦਰਾਮਦ ਘਟਾ ਕੇ ਅੱਧੀ ਕਰ ਦਿੱਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ, ਕਾਂਗਰਸ ਪੱਖੀ ਹਮਦਰਦੀ ਲਹਿਰ ਕਿਤੇ ਨਹੀਂ : ਹਰਪਾਲ ਚੀਮਾ
NEXT STORY