ਚੰਡੀਗੜ੍ਹ (ਅਸ਼ਵਨੀ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਕਰਮਚਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਕਰਮਚਾਰੀਆਂ ਨੂੰ 6 ਫੀਸਦੀ ਡੀ. ਏ. ਦੀ ਕਿਸ਼ਤ ਜਾਰੀ ਕਰਨ ਤੋਂ ਇਲਾਵਾ ਬਾਕੀ ਬਕਾਇਆ ਵੀ ਤਿਉਹਾਰਾਂ ਦੇ ਮੌਕਿਆਂ 'ਤੇ ਰਿਲੀਜ਼ ਕੀਤਾ ਜਾਂਦਾ ਰਹੇਗਾ।
ਬਜਟ 'ਤੇ ਚਰਚਾ ਨੂੰ ਸਮੇਟਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਡੀ. ਏ. ਦਾ ਬੈਕਲਾਗ ਵਿਰਾਸਤ 'ਚ ਮਿਲਿਆ ਹੈ ਪਰ ਸਰਕਾਰ ਇਸ ਬੈਕਲਾਗ ਨੂੰ ਕਲੀਅਰ ਕਰਨ ਪ੍ਰਤੀ ਵਚਨਬੱਧ ਹੈ। ਇਸ ਸਾਲ ਪੇ-ਕਮਿਸ਼ਨ ਵੀ ਲਾਗੂ ਹੋਣਾ ਹੈ, ਜਿਸ ਲਈ 4000 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ। ਵਿੱਤ ਮੰਤਰੀ ਨੇ ਰਿਟਾਇਰਮੈਂਟ ਇਕਮੁਸ਼ਤ 3500 ਕਰੋੜ ਰੁਪਏ, 1 ਹਜ਼ਾਰ ਕਰੋੜ ਡੀ. ਏ. ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ 5 ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ।
ਇਸ ਕੜੀ 'ਚ ਪਟਿਆਲਾ ਦੀ ਸੈਂਟਰਲ ਸਟੇਟ ਲਾਇਬ੍ਰੇਰੀ ਲਈ 5 ਕਰੋੜ ਰੁਪਏ, ਬਟਾਲਾ ਸ਼ਹਿਰ ਦੇ ਢਾਂਚਾਗਤ ਵਿਕਾਸ ਲਈ 25 ਕਰੋੜ ਰੁਪਏ ਅਤੇ ਇਤਿਹਾਸਕ ਪਿੰਡ ਰਾਜੇਵਾਲ, ਈਸੜੂ ਨੂੰ ਵਿਕਸਿਤ ਕਰਨ ਲਈ 1-1 ਕਰੋੜ ਰੁਪਏ, ਹੁਸ਼ਿਆਰਪੁਰ ਸ਼ਹਿਰ 'ਚ ਬਾਗ-ਬਗੀਚਿਆਂ ਦੀ ਸਥਾਪਨਾ ਲਈ 5 ਕਰੋੜ ਰੁਪਏ ਦਾ ਵੀ ਐਲਾਨ ਕੀਤਾ। ਵਿੱਤ ਮੰਤਰੀ ਨੇ ਸਾਰੇ ਵਿਧਾਇਕਾਂ ਵੱਲੋਂ ਚੁੱਕੀਆਂ ਗਈਆਂ ਮੰਗਾਂ ਅਤੇ ਟਿੱਪਣੀਆਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਬਜਟ ਕੋਈ ਨੰਬਰਾਂ ਦੀ ਖੇਡ ਨਹੀਂ ਹੈ। ਸਦਨ 'ਚ ਕਈ ਮੈਂਬਰਾਂ ਦੀ ਇੰਨੀ ਉਮਰ ਨਹੀਂ ਹੈ, ਜਿੰਨੇ ਸਾਲ ਪਹਿਲਾਂ ਹਰਿਆਣਾ ਆਰਥਿਕ ਮੋਰਚੇ 'ਤੇ ਪੰਜਾਬ ਤੋਂ ਅੱਗੇ ਨਿਕਲ ਗਿਆ ਸੀ ਪਰ ਅੱਜ ਪੰਜਾਬ ਹਰਿਆਣੇ ਦੇ ਬਰਾਬਰ ਪਹੁੰਚ ਗਿਆ ਹੈ। ਇਸ ਕੜੀ 'ਚ ਪੰਜਾਬ ਗ੍ਰੋਥ ਰੇਟ ਦੇ ਮਾਮਲੇ 'ਚ ਕੌਮੀ ਔਸਤ ਤੋਂ ਅੱਗੇ ਨਿਕਲ ਗਿਆ ਹੈ।
ਬਜਟ ਨਾਲ ਸੰਬੰਧਿਤ ਖ਼ਬਰ ਲਈ ਇਸ ਲਿੰਕ 'ਤੇ ਕਲਿੱਕ ਕਰੋ
ਵਿੱਤ ਮੰਤਰੀ ਨੇ ਜੀ. ਐੱਸ. ਟੀ. ਦਾ ਜ਼ਿਕਰ ਕਰਦਿਆਂ ਕਿਹਾ ਕਿ ਬੇਸ਼ੱਕ ਜੀ. ਐੱਸ. ਟੀ. ਲਾਗੂ ਕਰਨ ਦਾ ਫੈਸਲਾ ਠੀਕ ਹੈ ਪਰ ਪੰਜਾਬ ਦੇ 24 ਫੀਸਦੀ ਟੈਕਸ ਰੈਵੇਨਿਊ ਨੂੰ ਇਕਦਮ ਸਰੰਡਰ ਕਰਨ ਨਾਲ ਪੰਜਾਬ ਦੇ ਵਿੱਤੀ ਹਾਲਾਤ ਕਾਫ਼ੀ ਡਗਮਗਾਏ ਹਨ। ਹਾਲਾਂਕਿ ਕੇਂਦਰ ਸਰਕਾਰ ਵੱਲੋਂ 5 ਸਾਲ ਤੱਕ ਮੁਆਵਜ਼ਾ ਦੇਣਾ ਹੈ ਪਰ ਸਰਕਾਰ 5 ਸਾਲ ਤੋਂ ਬਾਅਦ ਦੀ ਹਾਲਤ ਨੂੰ ਲੈ ਕੇ ਵੀ ਗੰਭੀਰ ਹੈ। ਇਸ ਕੜੀ 'ਚ ਵਿੱਤੀ ਵਿਸ਼ਾਲ ਹਾਲਾਤ ਦੇ ਬਾਵਜੂਦ ਸਰਕਾਰ ਕੈਸ਼ ਕ੍ਰੈਡਿਟ ਲਿਮਟ ਦੇ 31,000 ਕਰੋੜ ਰੁਪਏ ਦਾ ਨਿਪਟਾਰਾ ਵੀ ਕਰ ਰਹੀ ਹੈ।
ਵਿਧਾਇਕਾਂ ਲਈ 17 ਨਵੀਆਂ ਗੱਡੀਆਂ
ਵਿੱਤ ਮੰਤਰੀ ਨੇ ਕਿਹਾ ਕਿ ਕੁਝ ਵਿਧਾਇਕ ਲਗਾਤਾਰ ਨਵੀਆਂ ਗੱਡੀਆਂ ਦੀ ਮੰਗ ਚੁੱਕਦੇ ਰਹੇ ਹਨ। ਇਸ ਲਈ ਉਹ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ 17 ਨਵੀਆਂ ਗੱਡੀਆਂ ਵਿਧਾਨ ਸਭਾ 'ਚ ਮਨਜ਼ੂਰ ਕੀਤੀਆਂ ਹਨ, ਜੋ ਸਾਰੀਆਂ ਵਿਰੋਧੀ ਧਿਰ ਦੇ ਵਿਧਾਇਕਾਂ ਲਈ ਹਨ। ਇਸ ਕੜੀ 'ਚ ਬਜਟ ਚਰਚਾ ਦੌਰਾਨ ਵੱਖ-ਵੱਖ ਵਿਧਾਇਕਾਂ ਵੱਲੋਂ ਚੁੱਕੀਆਂ ਮੰਗਾਂ 'ਤੇ ਵਿੱਤ ਮੰਤਰੀ ਨੇ ਆਪਣੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਬਾਬਾ ਭੂਰੀਵਾਲੇ ਅਸਥਾਨ ਨੂੰ ਸੈਰ-ਸਪਾਟੇ ਦੇ ਤੌਰ 'ਤੇ ਉਤਸ਼ਾਹਿਤ ਕਰਨ ਲਈ 2 ਕਰੋੜ ਰੁਪਏ ਅਲਾਟ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਕੜੀ 'ਚ ਨਰਵਾਣਾ ਬ੍ਰਾਂਚ ਦਾ 10 ਫੀਸਦੀ ਬਚਿਆ ਕੰਮ ਮੁਕੰਮਲ ਕੀਤਾ ਜਾਵੇਗਾ, ਮਾਲੇਰਕੋਟਲਾ-ਖੰਨਾ ਸੜਕ 'ਤੇ ਆਰ. ਯੂ. ਬੀ. ਬਣੇਗਾ, ਰਾਜਪੁਰਾ ਵਿਧਾਨ ਸਭਾ ਖੇਤਰ 'ਚ ਥਰਮਲ ਕੈਨਾਲ ਨੂੰ ਅਗਲੇ ਵਿੱਤੀ ਸਾਲ 'ਚ ਵਿਕਸਿਤ ਕੀਤਾ ਜਾਵੇਗਾ ਤਾਂ ਕਿ 15-20 ਪਿੰਡਾਂ ਨੂੰ ਪਾਣੀ ਮਿਲ ਸਕੇ, ਜਲਾਲਾਬਾਦ ਵਿਧਾਨ ਸਭਾ ਖੇਤਰ ਦੇ ਅਰਨੀਵਾਲਾ ਸ਼ੇਖਸੁਬਾਨ ਪਿੰਡ 'ਚ ਆਈ. ਟੀ. ਆਈ. ਖੋਲ੍ਹੀ ਜਾਵੇਗੀ, ਅਮਲੋਹ ਦਾ ਬਾਈਪਾਸ ਮਿਊਂਸੀਪਲ ਡਿਵੈੱਲਪਮੈਂਟ ਫੰਡ 'ਚ ਬਣਾਇਆ ਜਾਵੇਗਾ, ਦੀਨਾਨਗਰ ਵਿਧਾਨ ਸਭਾ ਖੇਤਰ 'ਚ ਨਵਾਂ ਬੱਸ ਅੱਡਾ ਮੁਕੰਮਲ ਹੋਵੇਗਾ। ਦੀਨਾਨਗਰ ਦੇ ਹਸਪਤਾਲ ਨੂੰ ਸਬ-ਡਵੀਜ਼ਨ ਹਸਪਤਾਲ ਬਣਾਇਆ ਜਾਵੇਗਾ। ਸਭ ਤੋਂ ਪਹਿਲਾ ਬਿਰਧ ਆਸ਼ਰਮ ਫਤਿਹਗੜ੍ਹ ਸਾਹਿਬ 'ਚ ਬਣੇਗਾ। ਸ੍ਰੀ ਅਨੰਦਪੁਰ ਸਾਹਿਬ 'ਚ ਬਾਈਪਾਸ ਬਣੇਗਾ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇ। ਸ੍ਰੀ ਅਨੰਦਪੁਰ ਸਾਹਿਬ ਡਿਵੈੱਲਪਮੈਂਟ ਅਥਾਰਟੀ ਨੂੰ 20 ਕਰੋੜ ਰੁਪਏ ਦਿੱਤੇ ਜਾਣਗੇ।
ਗਲਤ ਪ੍ਰਬੰਧਾਂ ਦੀ ਭੇਂਟ ਚੜ੍ਹਿਆ ਪੰਜਾਬ ਦਾ ਸਭ ਤੋਂ ਮੋਹਰੀ ਤਕਨੀਕੀ ਕਾਲਜ, ਲਾਇਆ ਧਰਨਾ
NEXT STORY